ਲੰਗਾਹ ਨੂੰ ਅੰਮ੍ਰਿਤਪਾਨ ਕਰਵਾਉਣਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ-ਬ੍ਰਹਮਪੁਰਾ
ਦਾ ਐਡੀਟਰ ਬਿਊਰੋ,ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਕੋਰ ਕਮੇਟੀ ਮੈਂਬਰਾਂ ਉਜਾਗਰ ਸਿੰਘ ਬਡਾਲੀ , ਹਰਸੁਖਇੰਦਰ ਸਿੰਘ ਬੱਬੀ ਬਾਦਲ, ਗੁਰਪ੍ਰਤਾਪ ਸਿੰਘ ਰਿਆੜ , ਮਹਿੰਦਰ ਸਿੰਘ ਹੁਸੈਨਪੁਰ , ਮੱਖਣ ਸਿੰਘ ਨੰਗਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਸਾਂਝੇ ਤੌਰ ‘ਤੇ ਆਖਿਆ ਕੇ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿਰੁੱਧ ਜਾ ਕੇ ਅੰਮ੍ਰਿਤਪਾਨ ਕਰਵਾਉਣਾ ਬਹੁਤ ਹੀ ਮੰਦਭਾਗੀ ਘਟਨਾ ਹੈ । ਉਨਾਂ ਕਿਹਾ ਕਿ ਗੁਰਦਾਸ ਨੰਗਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਿਸ ਸਥਾਨ ‘ਤੇ ਇਹ ਕਾਰਵਾਈ ਕੀਤੀ ਗਈ ਹੈ ਉਹ ਗੁਰੂ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ । ਇਸ ਤੋਂ ਇਹ ਗੱਲ ਸਾਫ ਜਾਹਿਰ ਹੁੰਦੀ ਹੈ ਕਿ ਇਹ ਕਾਰਵਾਈ ਅਕਾਲੀ ਦਲ ਬਾਦਲ ਦੀ ਹਾਈ ਕਮਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਸ਼ਹਿ ਨਾਲ ਹੋਈ ਹੈ ਤੇ ਇਹ ਅਕਾਲ ਤਖ਼ਤ ਸਾਹਿਬ ਨੂੰ ਸਿੱਧੀ ਚੁਣੌਤੀ ਦੇਣ ਵਾਲੀ ਗੱਲ ਹੈ। ਪਾਰਟੀ ਦੇ ਜਨਰਲ ਸਕੱਤਰ ਜਥੇਦਾਰ ਮਨਮੋਹਨ ਸਿੰਘ ਸਠਿਆਲਾ , ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹਲਕਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਿਨਾਂ ਪੰਜ ਬੰਦਿਆਂ ਨੂੰ ਨਿਹੰਗ ਸਿੰਘ ਬਾਣਾ ਪੁਆ ਕੇ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ ਹੈ ਉਹਨਾਂ ਦਾ ਪਤਾ ਹੀ ਨਹੀਂ ਉਹ ਕੌਣ ਹਨ ਤੇ ਉਹਨਾਂ ਦਾ ਸਿੱਖੀ ਜੀਵਨ ਹੈ ਵੀ ਜਾਂ ਨਹੀਂ । ਇੱਥੇ ਇਹ ਦੱਸਣਾ ਜਰੂਰੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਗੁਰੂਘਰਾਂ ਵਿੱਚ ਅੰਮ੍ਰਿਤ ਦੀ ਦਾਤ ਸ਼੍ਰੋਮਣੀ ਕਮੇਟੀ ਦੁਆਰਾ ਨਿਯੁਕਤ ਕੀਤੇ ਪੰਜ ਪਿਆਰਿਆਂ ਦੁਆਰਾ ਹੀ ਬਖਸ਼ੀ ਜਾਂਦੀ ਹੈ ਪਰ ਇੱਥੇ ਇਸ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ । ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਾਉਣ ਵੇਲੇ ਬਟਾਲਾ ਤੋਂ ਮੌਜੂਦਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਧਾਰੀਵਾਲ ਤੋਂ ਮੌਜੂਦਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਦਾ ਪਤੀ ਰਤਨ ਸਿੰਘ ਜੱਫਰਵਾਲ ਜੋ ਕਿ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਵੀ ਰਿਹਾ ਹੈ ਇਸ ਕਾਰਵਾਈ ਵਿੱਚ ਅਗਾਂਹ ਹੋ ਕੇ ਸ਼ਾਮਿਲ ਹੋਏ ਵਿਰੁੱਧ ਜਥੇਦਾਰ ਹਰਪ੍ਰੀਤ ਸਿੰਘ ਨੇ ਸਖਤ ਕਦਮ ਚੁੱਕਦਿਆ ਜੋ ਉਹਨਾ ਨੂੰ ਤਨਖਾਹੀਆ ਕਰਾਰ ਦਿੱਤਾ ਹੈ ਉਹ ਬੇਹੱਦ ਸਹੀ ਕਾਰਵਾਈ ਹੈ । ਜ਼ਿਕਰਯੋਗ ਹੈ ਕਿ ਜਿਸ ਹਲਕੇ ਧਾਰੀਵਾਲ ਅਧੀਨ ਇਹ ਗੁਰੂਘਰ ਆਉਂਦਾ ਹੈ ਉੱਥੋਂ ਹੀ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹੇ ਹਨ ।