ਦਾ ਐਡੀਟਰ ਨਿਊਜ਼, ਬਠਿੰਡਾ ———- ਬਠਿੰਡਾ ਦੇ ਸਭ ਤੋਂ ਵੱਡੇ ਅਤੇ ਪੌਸ਼ ਵਪਾਰਕ ਖੇਤਰ ਮਾਲ ਰੋਡ ‘ਤੇ ਸਥਿਤ ਮਸ਼ਹੂਰ ਹਰਮਨ ਰੈਸਟੋਰੈਂਟ ਦੇ ਮਾਲਕ ਦੀ ਸ਼ਨੀਵਾਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ਾਮ ਨੂੰ ਬਾਈਕ ‘ਤੇ ਆਏ ਦੋ ਬਦਮਾਸ਼ਾਂ ਨੇ ਉਸ ਨੂੰ 5 ਗੋਲੀਆਂ ਮਾਰ ਦਿੱਤੀਆਂ। ਜਦੋਂ ਗੋਲੀਬਾਰੀ ਹੋਈ ਤਾਂ ਹਰਮਨ ਅੰਮ੍ਰਿਤਸਰ ਕੁਲਚਾ ਦਾ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਆਪਣੇ ਰੈਸਟੋਰੈਂਟ ਦੇ ਬਾਹਰ ਕੁਰਸੀ ‘ਤੇ ਬੈਠਾ ਸੀ। ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਉਥੋਂ ਫ਼ਰਾਰ ਹੋ ਗਏ। ਜੌਹਲ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜੌਹਲ ਬਠਿੰਡਾ ਦੀ ਮਾਲ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ।
ਐਸੋਸੀਏਸ਼ਨ ਦੇ ਪ੍ਰਧਾਨ ਦੇ ਕਤਲ ਦੀ ਖ਼ਬਰ ਫੈਲਦਿਆਂ ਹੀ ਬਠਿੰਡਾ ਦੇ ਵਪਾਰੀਆਂ ਵਿੱਚ ਰੋਹ ਭਰ ਗਿਆ। ਉਨ੍ਹਾਂ ਨੇ ਮਾਲ ਰੋਡ ਜਾਮ ਕਰ ਦਿੱਤਾ। ਦੂਜੇ ਪਾਸੇ ਸ਼ਹਿਰ ਦੇ ਮੁੱਖ ਵਪਾਰਕ ਖੇਤਰ ਵਿੱਚ ਦਿਨ ਦਿਹਾੜੇ ਇਹ ਘਟਨਾ ਵਾਪਰਦੇ ਹੀ ਪੁਲੀਸ ਪ੍ਰਸ਼ਾਸਨ ਵਿੱਚ ਹੜਕੰਪ ਦਾ ਮਾਹੌਲ ਬਣ ਗਿਆ। ਸਾਰੇ ਅਧਿਕਾਰੀ ਕਾਹਲੀ ਨਾਲ ਮੌਕੇ ’ਤੇ ਪਹੁੰਚ ਗਏ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇ ਕੇ ਵਪਾਰੀਆਂ ਨੂੰ ਧਰਨਾ ਸਮਾਪਤ ਕਰਨ ਲਈ ਮਨਾ ਲਿਆ।
ਜਿਸ ਬਾਈਕ ‘ਤੇ ਦੋਵੇਂ ਹਮਲਾਵਰ ਆਏ ਸਨ, ਉਸ ਦੀ ਨੰਬਰ ਪਲੇਟ ‘ਤੇ PB13X4420 ਲਿਖਿਆ ਹੋਇਆ ਸੀ। ਪੰਜਾਬ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਪੀ.ਬੀ.13 ਦੀ ਲੜੀ ਸੰਗਰੂਰ ਜ਼ਿਲ੍ਹੇ ਦੀ ਹੈ। ਹਮਲਾਵਰਾਂ ਦੇ ਬਾਈਕ ‘ਤੇ ਲੱਗਾ ਨੰਬਰ ਸਹੀ ਹੈ ਜਾਂ ਫਿਰ ਉਨ੍ਹਾਂ ਨੇ ਜਾਅਲੀ ਨੰਬਰ ਪਲੇਟ ਲਗਾਈ ਸੀ, ਇਹ ਪੁਲਸ ਜਾਂਚ ਦਾ ਹਿੱਸਾ ਹੈ।