ਦਾ ਐਡੀਟਰ ਨਿਊਜ਼, ਚੰਡੀਗੜ੍ਹ —- ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਬੁਲਾਇਆ ਵਿਸ਼ੇਸ਼ ਸੈਸ਼ਨ ਅੱਜ ਪਹਿਲੇ ਦਿਨ ਹੀ ਅੱਧ ਵਿਚਾਲੇ ਸਪੀਕਰ ਨੂੰ ਸਮਾਪਤ ਕਰਨਾ ਪਿਆ ਅਤੇ ਸਰਕਾਰ ਨੇ ਬੁਲਾਏ ਗਏ ਇਸ ਸੈਸ਼ਨ ਆਪ ਗੈਰ ਕਾਨੂੰਨੀ ਮੰਨਦਿਆਂ ਇਹ ਸੈਸ਼ਨ ਸਮਾਪਤ ਕਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ ਅਤੇ ਇਹ ਕਿਹਾ ਸੀ ਕਿ ਪਹਿਲਾਂ ਤੋਂ ਹੀ ਮੁਅੱਤਲ ਕੀਤੇ ਗਏ ਬਜਟ ਸੈਸ਼ਨ ਨੂੰ ਮੁੜ ਤੋਂ ਬੁਲਾਇਆ ਗਿਆ ਹੈ ਸਰਕਾਰ ਨੇ ਇਸ ਸੈਸ਼ਨ ਦੌਰਾਨ ਜੀ ਐਸ ਟੀ ਨਾਲ ਸੰਬੰਧਿਤ ਦੋ ਬਿਲ ਵੀ ਪਾਸ ਕਰਨੇ ਸੀ ਲੇਕਿਨ ਗਵਰਨਰ ਨੇ ਪਹਿਲਾਂ ਹੀ ਸਰਕਾਰ ਨੂੰ ਇਹ ਚਿਤਵਨੀ ਦੇ ਦਿੱਤੀ ਸੀ ਕਿ ਇਹ ਬੁਲਾਇਆ ਗਿਆ ਸੈਸ਼ਨ ਗੈਰ ਕਾਨੂੰਨੀ ਹੈ ਕਿਉਂਕਿ ਇਸ ਦੇ ਲਈ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਉਹਨਾਂ ਨੇ ਇਸ ਬਾਰੇ ਇਹ ਵੀ ਧਮਕੀ ਦਿੱਤੀ ਸੀ ਕਿ ਜੇ ਕੋਈ ਬਿਲ ਪਾਸ ਕੀਤਾ ਗਿਆ ਤਾਂ ਉਹ ਰਾਸ਼ਟਰਪਤੀ ਨੂੰ ਲਿਖ ਦੇਣਗੇ।
ਪਰ ਸੈਸ਼ਨ ਸ਼ੁਰੂ ਹੁੰਦਿਆਂ ਹੀ ਸਰਕਾਰ ਦੇ ਤਮਾਮ ਨੁਮਾਇੰਦਿਆਂ ਨੇ ਗਵਰਨਰ ‘ਤੇ ਨਿਸ਼ਾਨੇ ਸਾਧੇ ਅਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਸੈਸ਼ਨ ਕਾਨੂੰਨ ਮੁਤਾਬਿਕ ਚੱਲ ਰਿਹਾ ਹੈ। ਇਸੇ ਦੌਰਾਨ ਜਦੋਂ ਮੁੱਖ ਮੰਤਰੀ ਬੋਲ ਰਹੇ ਸਨ ਤਾਂ ਇਸੇ ਦੌਰਾਨ ਹੀ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਭਗਵੰਤ ਮਾਨ ਦੇ ਪਿੱਛੇ ਬੈਠੇ ਗਏ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਸੌਂਪੀ ਅਤੇ ਇਸ ਦੌਰਾਨ ਹੀ ਸੈਸ਼ਨ ‘ਚ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਅਤੇ ਸੀ ਐਮ ਦੇ ਇਸ਼ਾਰਾ ਕਰਨ ‘ਤੇ ਸਪੀਕਰ ਕੁਲਤਾਰ ਸੰਧਵਾਂ ਨੇ ਸਾਰੀ ਕਾਰਵਾਈ ਰੋਕਦਿਆਂ ਪਾਰਲੀਮਾਨੀ ਮੰਤਰੀ ਅਮਨ ਅਰੋੜਾ ਨੂੰ ਸੈਸ਼ਨ ਖਤਮ ਕਰਨ ਦਾ ਮਤਾ ਲਿਆਉਣ ਲਈ ਕਿਹਾ ਅਤੇ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਇਸ ਵਿਸ਼ੇਸ਼ ਸੈਸ਼ਨ ਨੂੰ ਖ਼ਤਮ ਕਰ ਦਿੱਤਾ ਗਿਆ। ਇਸ ਸੰਬੰਧੀ ਸਰਕਾਰ ਨੇ ਕਿਹਾ ਕਿ ਉਹ ਇਸ ਸੰਬੰਧੀ ਸੁਪਰੀਮ ਕੋਰਟ ਜਾਣਗੇ।

ਡਿੱਗ ਸਕਦੀ ਸੀ ਅੱਜ ਸਰਕਾਰ….
ਇਸੇ ਦੌਰਾਨ ਸੂਤਰਾਂ ਤੋਂ ਪਤਾ ਲਗਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੇ ਸਰਕਾਰ ਨੂੰ ਕਾਨੂੰਨਨ ਨੁਕਤੇ ਅਨੁਸਾਰ ਸੀ ਐਮ ਨੂੰ ਦੱਸਿਆ ਕਿ ਜੇ ਕੋਈ ਬਿਲ ਪਾਸ ਕਰ ਦਿੱਤਾ ਗਿਆ ਤਾਂ ਗਵਰਨਰ ਰਾਸ਼ਟਰਪਤੀ ਨੂੰ ਇਸ ਸੰਬੰਧੀ ਲਿਖ ਦੇਣਗੇ ਅਤੇ ਰਾਸ਼ਟਰਪਤੀ ਤੁਰੰਤ ਪੰਜਾਬ ਸਰਕਾਰ ਨੂੰ ਬਰਖਾਸਤ ਕਰ ਸਕਦੇ ਹਨ। ਜਿਸ ਦੇ ਚਲਦਿਆਂ ਸਰਕਾਰ ਨੂੰ ਇਹ ਕਾਰਵਾਈ ਕਰਨੀ ਪਈ। ਹਾਲਾਂਕਿ ਜਦੋਂ ਸਰਕਾਰ ਸੈਸ਼ਨ ਨੂੰ ਸਮੇਟ ਰਹੀ ਤਾਂ ਕਾਂਗਰਸੀ ਆਗੂ ਰਾਜਾ ਵੜਿੰਗ ਨੇ ਚੁਟਕੀ ਲੈਂਦਿਆਂ ਸਰਕਾਰ ਨੂੰ ਕਿਹਾ ਕਿ ਸਰਕਾਰ ਬਿਲ ਪਾਸ ਕਰੇ ਅਸੀਂ ਵੀ ਹਮਾਇਤ ਕਰਦੇ ਹਾਂ।
ਸੀ ਐਮ ਤੇ ਬਾਜਵਾ ਵਿਚਾਲੇ ਤਿੱਖੀ ਝੜਪ…..
ਸਿਫਰ ਕਾਲ ਸ਼ੁਰੂ ਹੁੰਦਿਆਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਪਹਿਲਾਂ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਸੈਸ਼ਨ ਜਾਇਜ਼ ਹੈ ਜਾਂ ਨਹੀਂ। ਅੱਗੇ ਬਾਜਵਾ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪਿਛਲੇ ਦਿਨੀਂ ਸੈਸ਼ਨ ਦੌਰਾਨ ਉਠਾਏ ਸਵਾਲਾਂ ਨੂੰ ਦੁਹਰਾਇਆ। ਬਾਜਵਾ ਨੇ ਕਿਹਾ ਕਿ ਐਸਆਈਟੀ ਦੇ ਮੈਂਬਰ ਰਹੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਵਾਲ ਖੜ੍ਹੇ ਕੀਤੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ‘ਆਪ’ ਸੰਸਦ ਮੈਂਬਰ ਸੰਦੀਪ ਪਾਠਕ ਵੱਲੋਂ ਹਰਿਆਣਾ ਦੇ ਪਾਣੀਆਂ ਦੇ ਮੁੱਦੇ ‘ਤੇ ਦਿੱਤੇ ਬਿਆਨ ‘ਤੇ ਸਰਕਾਰ ਨੂੰ ਘੇਰਿਆ ਹੈ। ਸੰਦੀਪ ਪਾਠਕ ਦੇ ਅਸਤੀਫੇ ਦੀ ਮੰਗ ਕੀਤੀ। ਸ਼ੀਤਲ ਅੰਗੁਰਾਲ ‘ਤੇ ਲੱਗੇ ਦੋਸ਼ਾਂ ‘ਤੇ ਵੀ ਜਵਾਬ ਮੰਗਿਆ ਗਿਆ ਹੈ।
ਵਿਸ਼ੇਸ਼ ਸੈਸ਼ਨ ਦੌਰਾਨ ਜਦੋਂ ਸੀ ਐਮ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਜਦੋਂ ਇੱਕ ਦੂਜੇ ਨੂੰ ਸੁਆਲੋ-ਸੁਆਲੀ ਹੋ ਰਹੇ ਸਨ ਤਾਂ ਇਸ ਦੌਰਾਨ ਹੀ ਦੋਵਾਂ ਵਿਚਾਲੇ ਤਿੱਖੀ ਝੜਪ ਹੋ ਗਈ। ਜਦੋਂ ਮੁੱਖ ਮੰਤਰੀ ਨੇ 1 ਨਵੰਬਰ ਨੂੰ ਖੁੱਲ੍ਹੀ ਬਹਿਸ ਲਈ ਆਉਣ ਦੀ ਗੱਲ ਕੀਤੀ ਤਾਂ ਬਾਜਵਾ ਨੇ ਉਨ੍ਹਾਂ ਨੂੰ ‘ਤੂੰ’ ਕਹਿ ਕੇ ਸੰਬੋਧਨ ਕੀਤਾ। ਜਿਸ ‘ਤੇ ਮੁੱਖ ਮੰਤਰੀ ਗੁੱਸੇ ‘ਚ ਆ ਗਏ। ਇਸ ਦੌਰਾਨ ਹੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਪ੍ਰਤਾਪ ਬਾਜਵਾ ਦਾ ਮਾਈਕ ਬੰਦ ਕਰਕੇ ਅੱਗੇ ਮਾਈਕ ਅਕਾਲੀ ਆਗੂ ਮਨਪ੍ਰੀਤ ਇਯਾਲੀ ਨੂੰ ਦੇ ਦਿੱਤਾ।
ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਇਹ ਸੈਸ਼ਨ ਗੈਰ-ਕਾਨੂੰਨੀ ਹੈ ਤਾਂ ਇਸ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਬਾਜਵਾ ਨੇ ਕਿਹਾ ਕਿ ਵਿਧਾਇਕਾਂ ਨੂੰ ਸੈਸ਼ਨ ‘ਚ ਹੋਣ ਵਾਲੇ ਕਿਸੇ ਵੀ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਮਨਪ੍ਰੀਤ ਇਯਾਲੀ ਦੇ ਸਵਾਲ
ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਪ੍ਰਤਾਪ ਬਾਜਵਾ ਦਾ ਮਾਈਕ ਬੰਦ ਕਰਕੇ ਜਦੋਂ ਅੱਗੇ ਮਾਈਕ ਅਕਾਲੀ ਆਗੂ ਮਨਪ੍ਰੀਤ ਇਯਾਲੀ ਨੂੰ ਦਿੱਤਾ ਤਾਂ ਉਹ ਇਸ ਸਮੇਂ ਪੰਜਾਬ ਦੇ ਭਖਦੇ ਮੁੱਦੇ ਐਸ ਵਾਈ ਐਲ ਨੂੰ ਛੱਡ ਕੇ ਨੀਲੇ ਕਾਰਡਾਂ ‘ਤੇ ਹੀ ਬੋਲਦੇ ਨਜ਼ਰ ਆਏ।