ਦਾ ਐਡੀਟਰ ਨਿਊਜ.ਮੁਕੇਰੀਆ ——— ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਗੱਤਕਾ ਮੁਕਾਬਲਿਆਂ ਵਿੱਚ ਮੁਕੇਰੀਆ ਵਿਧਾਨ ਸਭਾ ਹਲਕੇ ਤਹਿਤ ਪੈਂਦੇ ਪਿੰਡ ਕੁੱਲੀਆ ਲੁਬਾਣਾ ਦੇ ਨੌਜਵਾਨ ਬਲਰਾਜ ਸਿੰਘ ਤੇ ਪਿੰਡ ਜਾਹਦਪੁਰ ਦੇ ਗਗਨਦੀਪ ਸਿੰਘ ਵੱਲੋਂ ਕੀਤੇ ਗਏ ਸ਼ਾਨਦਾਰ ਨਾਲ ਇਲਾਕੇ ਦਾ ਮਾਣ ਪੂਰੇ ਸੂਬੇ ਵਿੱਚ ਵਧਿਆ ਹੈ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਕੇਰੀਆ ਦੇ ਇੰਚਾਰਜ ਤੇ ਸਕੱਤਰ ਜਨਰਲ ਸ. ਸਰਬਜੋਤ ਸਿੰਘ ਸਾਬੀ ਵੱਲੋਂ ਇਨ੍ਹਾਂ ਦੋਵੇਂ ਨੌਜਵਾਨਾਂ ਦਾ ਸਨਮਾਨ ਕਰਨ ਸਮੇਂ ਕੀਤਾ ਗਿਆ, ਸਰਬਜੋਤ ਸਾਬੀ ਨੇ ਇਸ ਸਮੇਂ ਦੱਸਿਆ ਕਿ ਗੱਤਕਾ ਮੁਕਾਬਲਿਆਂ ਵਿੱਚ ਜਿੱਥੇ ਇਨ੍ਹਾਂ ਨੌਜਵਾਨਾਂ ਨੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਿਆ ਉੱਥੇ ਹੀ ਸੂਬਾ ਪੱਧਰ ’ਤੇ ਸਿਲਵਰ ਮੈਡਲ ਜਿੱਤ ਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਦੋਵਾਂ ਨੌਜਵਾਨਾਂ ’ਤੇ ਮਾਣ ਹੈ ਤੇ ਇਹ ਵੀ ਵਿਸ਼ਵਾਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਨੌਜਵਾਨ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੇ ਮੁਕਾਬਲਿਆਂ ਦਰਮਿਆਨ ਜਿੱਤਾਂ ਦਰਜ ਕਰਨਗੇ ਉੱਥੇ ਵਿਦੇਸ਼ਾਂ ਵਿੱਚ ਵੀ ਦੇਸ਼ ਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਸਰਬਜੋਤ ਸਾਬੀ ਨੇ ਨੌਜਵਾਨ ਵਰਗ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਤੇ ਇੱਕ ਵਾਰ ਫਿਰ ਤੋਂ ਪਿੰਡਾਂ-ਸ਼ਹਿਰਾਂ ਦੀਆਂ ਖੇਡ ਗਰਾਂਊਡਾਂ ਦੀ ਰੌਣਕ ਨੂੰ ਵਾਪਿਸ ਲਿਆਂਦਾ ਜਾਵੇ ਕਿਉਂਕਿ ਖੇਡਾਂ ਦਾ ਪਸਾਰ ਹੋਣ ਨਾਲ ਹੀ ਸਮਾਜਿਕ ਵਿੱਚ ਫੈਲ ਚੁੱਕੀਆਂ ਬੁਰਾਈਆਂ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਬਲਰਾਜ ਸਿੰਘ ਤੇ ਗਗਨਦੀਪ ਸਿੰਘ ਤੋਂ ਇਲਾਕੇ ਦੇ ਦੂਜੇ ਨੌਜਵਾਨਾਂ ਨੂੰ ਸੇਂਧ ਲੈਣ ਦੀ ਜਰੂਰਤ ਹੈ ਕਿਉਂਕਿ ਨੌਜਵਾਨ ਪੀੜ੍ਹੀ ਨੇ ਹੀ ਅੱਗੇ ਚੱਲ ਕੇ ਸੂਬਾ ਤੇ ਦੇਸ਼ ਸੰਭਾਲਣਾ ਹੈ ਇਸ ਲਈ ਜੇਕਰ ਨੌਜਵਾਨ ਪੀੜ੍ਹੀ ਸਹੀ ਦਿਸ਼ਾ ਵੱਲ ਅੱਗੇ ਵਧੇਗੀ ਤਾਂ ਸੂਬਾ-ਦੇਸ਼ ਵੀ ਅੱਗੇ ਵੱਧਦਾ ਜਾਵੇਗਾ। ਇਸ ਮੌਕੇ ਬਲਰਾਜ ਸਿੰਘ ਤੇ ਗਗਨਦੀਪ ਸਿੰਘ ਨੇ ਸਾਂਝੇ ਤੌਰ ’ਤੇ ਅਕਾਲੀ ਦਲ ਦੇ ਆਗੂਆਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਵੀ ਉਹ ਗੱਤਕਾ ਮੁਕਾਬਲਿਆਂ ਦੌਰਾਨ ਆਪਣਾ 100 ਫੀਸਦੀ ਦੇਣਗੇ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਜਾਵੇਗਾ। ਇਸ ਮੌਕੇ ਕੋਚ ਵਿਜੇ ਪ੍ਰਤਾਪ ਸਿੰਘ, ਪ੍ਰਧਾਨ ਸੰਤੋਖ ਸਿੰਘ, ਨੈਸ਼ਨਲ ਰੈਫਰੀ ਬਲਰਾਜ ਸਿੰਘ, ਸਟੇਟ ਰੈਫਰੀ ਗੁਰਪ੍ਰੀਤ ਸਿੰਘ, ਸਚਨਾਮ ਸਿੰਘ, ਸੁਖਦੇਵ ਸਿੰਘ ਆਦਿ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।