ਦਾ ਐਡੀਟਰ ਨਿਊਜ਼, ਫਰੀਦਕੋਟ ——- ਸ਼ਰਾਬ ਦੇ ਸਭ ਤੋਂ ਵੱਡੇ ਕਾਰੋਬਾਰੀ ਦੀਪ ਮਲਹੋਤਰਾ ਨੂੰ ਟਾਰਗੇਟ ਕਰਦਿਆਂ ਉਸ ਦੇ ਬੇਹੱਦ ਕਰੀਬੀ ਹੈਪੀ ਮਲਹੋਤਰਾ ਨੂੰ ਕਥਿਤ ਤੌਰ ‘ਤੇ ਟੈਲੀਫੋਨ ‘ਤੇ ਧਮਕੀ ਦੇਣ ਦੇ ਮਾਮਲੇ ‘ਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਤਿੰਨੇ ਮੁਲਜ਼ਮ ਗੋਲਡੀ ਬਰਾੜ ਦੇ ਕਰੀਬੀ ਹਨ। ਜੋ ਕਿ ਉਸਦੇ ਕਹਿਣ ਤੇ ਫਿਰੌਤੀ ਦੀ ਰਕਮ ਵਸੂਲਦੇ ਹਨ ਅਤੇ ਰਕਮ ਨਾਂ ਮਿਲਣ ਦੀ ਸੂਰਤ ਵਿੱਚ ਡਰਾਉਣ ਲਈ ਜਾਨ-ਮਾਲ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਵੀ ਕਰਦੇ ਹਨ।
ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਦਾ ਐਡੀਟਰ ਨਿਊਜ਼ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਸੀ ਕਿ ਦੀਪ ਮਲਹੋਤਰਾ ਦੇ ਕੁੱਝ ਠੇਕਿਆਂ ਨੂੰ ਟਾਰਗੇਟ ਕਰਦਿਆਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਅਜਿਹੀ ਹੀ ਘਟਨਾ ਬੀਤੇ ਦਿਨੀਂ ਕੋਟਕਪੂਰਾ ਸ਼ਰਾਬ ਦੇ ਠੇਕੇ ‘ਤੇ ਵੀ ਵਾਪਰੀ ਸੀ ਅਤੇ ਇਨ੍ਹਾਂ ਘਟਨਾਵਾਂ ਨੂੰ ਗੋਲਡੀ ਬਰਾੜ ਦੇ ਕਥਿਤ ਫੋਨ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਸੀ।
ਗੁਲਨੀਤ ਸਿੰਘ ਖੁਰਾਣਾ IPS ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਸਿਵਲ ਲਾਇਨ ਬਠਿੰਡਾ ਫਿਰੋਤੀ ਮੰਗਣ ਸਬੰਧੀ ਦਰਜ ਹੋਇਆ ਸੀ ਅਤੇ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਜਾਨ-ਮਾਲ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ ਸੀ।
ਉਕਤ ਮਾਮਲੇ ਨੂੰ ਟਰੇਸ ਕਰਨ ਲਈ ਅਜੈ ਗਾਂਧੀ IPS ਕਪਤਾਨ ਪੁਲਿਸ (ਡੀ) ਬਠਿੰਡਾ ਅਤੇ ਦਵਿੰਦਰ ਸਿੰਘ PPS ਉਪ ਕਪਤਾਨ ਪੁਲਿਸ (ਡੀ) ਦੇ ਦਿਸ਼ਾ ਨਿਰਦੇਸ਼ ਤਹਿਤ ਇੰਸਪੈਕਟਰ ਤਰਲੋਚਨ ਸਿੰਘ ਇੰਚ. ਸੀ ਆਈ ਏ-1 ਬਠਿੰਡਾ ਅਤੇ ਇੰਸ: ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਦੀ ਡਿਊਟੀ ਲਾਈ ਗਈ ਸੀ। ਜਿਨ੍ਹਾਂ ਵੱਲੋਂ ਡੂੰਘਾਈ ਨਾਲ ਮੁਕੱਦਮੇ ਦੀ ਤਫਤੀਸ਼ ਕਰਦੇ ਹੋਏ ਗੁਰਦਿੱਤ ਸਿੰਘ, ਸੁਨੀਲ ਕੁਮਾਰ ਅਤੇ ਰੋਹਿਤ ਕੁਮਾਰ ਨੂੰ ਗੱਡੀ, 32 ਬੋਰ ਪਿਸਤੌਲ ਦੇਸੀ, 04 ਰੌਂਦ ਜਿੰਦਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਵਿੱਕੀ ਵਾਸੀ ਕੋਟਕਪੂਰਾ ਹਾਲ ਅਬਾਦ ਮਲੇਸ਼ੀਆ ਜੋ ਕਿ ਗੋਲਡੀ ਬਰਾੜ ਦਾ ਕਰੀਬੀ ਸਾਥੀ ਹੈ, ਉਸਦੇ ਕਹਿਣ ਤੇ ਫਿਰੌਤੀ ਦੀ ਰਕਮ ਵਸੂਲਦੇ ਹਨ ਅਤੇ ਰਕਮ ਨਾਂ ਮਿਲਣ ਦੀ ਸੂਰਤ ਵਿੱਚ ਡਰਾਉਣ ਲਈ ਜਾਨ-ਮਾਲ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਵੀ ਕਰਦੇ ਹਨ।
ਇਸਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਦੋਸ਼ੀ ਗੁਰਦਿੱਤ ਸਿੰਘ ਅਤੇ ਇਸਦੇ ਹੋਰ ਸਾਥੀਆਂ ਨੇ ਵਿੱਕੀ ਉਕਤ ਦੇ ਕਹਿਣ ਤੇ ਕੋਟਕਪੂਰਾ ਅਤੇ ਫਰੀਦਕੋਟ ਸ਼ਰਾਬ ਠੇਕੇ ਤੇ ਬੋਤਲ ਬੰਬ ਸੁੱਟੇ ਸਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿੰਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।