– PM ਮੋਦੀ ਨੇ 100 ਤਗਮਿਆਂ ਦੇ ਸ਼ਾਨਦਾਰ ਮੀਲ ਪੱਥਰ ‘ਤੇ ਪਹੁੰਚਣ ਲਈ ਭਾਰਤੀ ਅਥਲੀਟਾਂ ਨੂੰ ਦਿੱਤੀ ਵਧਾਈ
– ਭਾਰਤ ਨੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਿੱਤੇ 100 ਤਗਮੇ,
– ਖੇਡਾਂ ਦੇ 14ਵੇਂ ਦਿਨ ਭਾਰਤ ਨੂੰ ਤੀਰਅੰਦਾਜ਼ੀ ਕੰਪਾਊਂਡ ਵਿੱਚ ਮਿਲੇ ਚਾਰ ਤਗ਼ਮੇ,
– ਇਨ੍ਹਾਂ ‘ਚ 2 ਸੋਨੇ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਸ਼ਾਮਲ ਹੈ,
– ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨੀ ਤਾਈਪੇ ਨੂੰ ਹਰਾ ਜਿੱਤਿਆ ਸੋਨ ਤਗਮਾ
ਨਵੀਂ ਦਿੱਲੀ, 7 ਅਕਤੂਬਰ 2023 – ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ 100 ਤਗਮੇ ਜਿੱਤੇ ਹਨ। ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨੀ ਤਾਈਪੇ ਨੂੰ 26-25 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਅਤੇ ਭਾਰਤ ਲਈ 100ਵਾਂ ਤਗ਼ਮਾ ਜਿੱਤਿਆ। ਇਸ ਨਾਲ ਭਾਰਤ ਨੇ ਹੁਣ 25 ਸੋਨ ਤਗਮੇ ਜਿੱਤ ਲਏ ਹਨ।
ਏਸ਼ਿਆਈ ਖੇਡਾਂ ਦੇ 14ਵੇਂ ਦਿਨ ਭਾਰਤ ਨੂੰ ਤੀਰਅੰਦਾਜ਼ੀ ਕੰਪਾਊਂਡ ਵਿੱਚ ਚਾਰ ਤਗ਼ਮੇ ਮਿਲੇ ਹਨ। ਇਨ੍ਹਾਂ ‘ਚ 2 ਸੋਨਾ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਸ਼ਾਮਲ ਹੈ। ਦਿਨ ਦੀ ਸ਼ੁਰੂਆਤ ਤੀਰਅੰਦਾਜ਼ੀ ਦੇ ਕੰਪਾਊਂਡ ਵਿਅਕਤੀਗਤ ਮਹਿਲਾ ਈਵੈਂਟ ਵਿੱਚ ਦੋ ਤਗਮਿਆਂ ਨਾਲ ਹੋਈ। ਸ਼ਨੀਵਾਰ ਨੂੰ ਅਦਿਤੀ ਗੋਪੀਚੰਦ ਸਵਾਮੀ ਨੇ ਕੰਪਾਊਂਡ ਵਿਅਕਤੀਗਤ ਮਹਿਲਾ ਤੀਰਅੰਦਾਜ਼ੀ ਵਿੱਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਅਦਿਤੀ ਨੇ ਕਾਂਸੀ ਦੇ ਤਗਮੇ ਲਈ ਮੈਚ ਵਿੱਚ ਇੰਡੋਨੇਸ਼ੀਆ ਦੀ ਰਤੀਹ ਫਾਦਲੀ ਨੂੰ 146-140 ਨਾਲ ਹਰਾਇਆ।
ਇਸ ਦੇ ਨਾਲ ਹੀ ਭਾਰਤ ਨੂੰ ਇਸੇ ਈਵੈਂਟ ਵਿੱਚ ਦੂਜਾ ਤਮਗਾ ਵੀ ਮਿਲਿਆ। ਭਾਰਤ ਦੀ ਜੋਤੀ ਸੁਰੇਖਾ ਵੇਨਮ ਨੇ ਸੋਨ ਤਗਮਾ ਜਿੱਤਿਆ। ਉਸ ਨੇ ਸੋਨੇ ਦੇ ਮੁਕਾਬਲੇ ‘ਚ ਦੱਖਣੀ ਕੋਰੀਆ ਦੀ ਸੋ ਚਾਵੋਨ ਨੂੰ 149-145 ਨਾਲ ਹਰਾਇਆ। ਚਵੋਨ ਨੂੰ ਚਾਂਦੀ ਨਾਲ ਸੰਤੁਸ਼ਟ ਹੋਣਾ ਪਿਆ।
ਮਹਿਲਾਵਾਂ ਤੋਂ ਬਾਅਦ ਪੁਰਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਨੂੰ ਸੋਨ ਅਤੇ ਚਾਂਦੀ ਦੇ ਤਗਮੇ ਮਿਲੇ। ਓਜਸ ਪ੍ਰਵੀਨ ਨੇ ਸੋਨੇ ਦੇ ਮੁਕਾਬਲੇ ਵਿੱਚ ਹਮਵਤਨ ਅਭਿਸ਼ੇਕ ਵਰਮਾ ਨੂੰ 149-147 ਨਾਲ ਹਰਾਇਆ। ਅਭਿਸ਼ੇਕ ਨੂੰ ਚਾਂਦੀ ਨਾਲ ਹੀ ਸੰਤੁਸ਼ਟ ਹੋਣਾ ਪਿਆ। ਇਸ ਨਾਲ ਭਾਰਤ ਨੇ 99 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚ 24 ਸੋਨਾ ਵੀ ਸ਼ਾਮਲ ਹੈ। ਗੁਆਂਗਜ਼ੂ ਵਿੱਚ ਏਸ਼ੀਆਈ ਖੇਡਾਂ ਚੱਲ ਰਹੀਆਂ ਹਨ।
ਉੱਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 100 ਤਗਮਿਆਂ ਦੇ ਸ਼ਾਨਦਾਰ ਮੀਲ ਪੱਥਰ ‘ਤੇ ਪਹੁੰਚਣ ਲਈ ਭਾਰਤੀ ਅਥਲੀਟਾਂ ਨੂੰ ਵਧਾਈ ਦਿੱਤੀ ਹੈ।