ਦਾ ਐਡੀਟਰ ਨਿਊਜ਼.ਹੁਸ਼ਿਆਰਪੁਰ। ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ, ਸ਼ਾਇਦ ਇਹ ਦੇਖਣ ਵਿੱਚ ਇਕ ਸਧਾਰਨ ਸ਼ਰਾਬ ਦੇ ਠੇਕੇ ਦੀ ਲੱਗ ਰਹੀ ਹੈ, ਲੇਕਿਨ ਇਹ ਤਸਵੀਰ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਕਿ ਕਿਸ ਤਰ੍ਹਾਂ ਸਰਕਾਰੀ ਤੰਤਰ ਦੇ ਮੌਰੀ ਚੜ੍ਹ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਹ ਤਸਵੀਰ ਬਿਆਨ ਕਰਦੀ ਹੈ ਕਿ ਪੈਸੇ ਦੀ ਤਾਕਤ ’ਤੇ ਕਿਵੇਂ ਦੇਸ਼ ਦੇ ਕਾਨੂੰਨ ਨੂੰ ਜੁੱਤੀ ਦੀ ਨੋਕ ਤੇ ਰੱਖਿਆ ਜਾ ਰਿਹਾ ਹੈ। ਦਰਅਸਲ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਨੇ ਪੂਰੇ ਦੇਸ਼ ਭਰ ਲਈ ਇਕ ਆਦੇਸ਼ ਜਾਰੀ ਕੀਤਾ ਸੀ ਕਿ ਕਿਸੇ ਵੀ ਨੈਸ਼ਨਲ ਹਾਈਵੇ ’ਤੇ ਸ਼ਰਾਬ ਦਾ ਠੇਕਾ 250 ਮੀਟਰ ਦੇ ਅੰਦਰ ਨਹੀਂ ਖੁੱਲ੍ਹ ਸਕਦਾ, ਲੇਕਿਨ ਹੁਸ਼ਿਆਰਪੁਰ ਵਿੱਚ ਅਜਿਹੇ ਕਈ ਠੇਕੇ ਨੈਸ਼ਨਲ ਹਾਈਵੇ ਉੱਤੇ ਖੁੱਲ੍ਹੇ ਹੋਏ ਹਨ।
ਇੱਥੇ ਹੀ ਨਹੀਂ ਇਹ ਠੇਕੇ ਜਿੱਥੇ ਨੈਸ਼ਨਲ ਹਾਈਵੇ ’ਤੇ ਖੋਲ੍ਹੇ ਗਏ ਹਨ ਉਥੇ ਹੀ ਇਹ ਪੰਜਾਬ ਹਿਮਾਚਲ ਦੇ ਐਨ ਬਾਰਡਰ ’ਤੇ ਖੋਲੇ ਗਏ ਹਨ। ਇਹ ਠੇਕੇ ਹਿਮਾਚਲ ਨੂੰ ਜਾਂਦੇ ਹੁਸ਼ਿਆਰਪੁਰ-ਊਨਾ ਅਤੇ ਧਰਮਸ਼ਾਲਾ ਨੈਸ਼ਨਲ ਹਾਈਵੇ ’ਤੇ ਖੋਲ੍ਹੇ ਗਏ ਹਨ, ਸੁਪਰੀਮ ਕੋਰਟ ਨੇ ਅਜਿਹਾ ਆਦੇਸ਼ ਸ਼ਰਾਬ ਪੀ ਕੇ ਹੋ ਰਹੇ ਹਾਦਸਿਆਂ ਨੂੰ ਮੱਦੇ ਨਜ਼ਰ ਰੱਖਦਿਆਂ ਦਿੱਤੇ ਸਨ। ਇਹ ਠੇਕੇ ਪੰਜਾਬ ਦੇ ਸ਼ਰਾਬ ਤੇ ਸਭ ਤੋਂ ਵੱਡੇ ਕਾਰੋਬਾਰੀ ਦੀਪ ਮਲਹੋਤਰਾ ਅਤੇ ਉਸ ਦੇ ਹੁਸ਼ਿਆਰਪੁਰ ਤੋਂ ਭਾਈਵਾਲ ਨਰੇਸ਼ ਅਗਰਵਾਲ ਵੱਲੋਂ ਖੋਲੇ ਗਏ ਹਨ। ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਇਨ੍ਹਾਂ ਦਾ ਹੁਸ਼ਿਆਰਪੁਰ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚ ਏਕਾ ਅਧਿਕਾਰ ਹੈ ਜੇਕਰ ਹੁਸ਼ਿਆਰਪੁਰ-ਊਨਾ ਰੋਡ ’ਤੇ ਪੈਂਦੇ ਠੇਕੇ ਦਾ ਜ਼ਿਕਰ ਕੀਤਾ ਜਾਏ ਤਾਂ ਇਹ ਠੇਕਾ ਪੰਜਾਬ-ਹਿਮਾਚਲ ਬਾਰਡਰ ਤੋ ਮਹਿਜ 100 ਮੀਟਰ ਪੰਜਾਬ ਵਾਲੇ ਪਾਸੇ ਬਨਖੰਡੀ ਦੇ ਕੋਲ ਖੋਲਿ੍ਹਆ ਗਿਆ ਹੈ, ਇਸੇ ਤਰ੍ਹਾਂ ਠੇਕਾ ਮੰਗੂਵਾਲ ਵਿਖੇ ਖੋਲਿ੍ਹਆ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿੱਥੇ ਇਹ ਠੇਕਾ ਬਾਰਡਰ ਦੇ ਐਨ ਨਜ਼ਦੀਕ ਖੋਲੇ ਗਏ ਹਨ, ਉਥੇ ਇਹ ਸੜਕ ਦੇ ਐਨ ਉੱਪਰ ਸਰਕਾਰੀ ਜਮੀਨ ਉੱਤੇ ਖੋਲ੍ਹੇ ਗਏ ਹਨ।

ਗੈਰ ਕਾਨੂੰਨੀ ਕੰਮ ਦੀ ਸਰਕਾਰੀ ਇਬਾਰਤ
ਇਸ ਮਾਮਲੇ ਵਿੱਚ ਸਭ ਤੋਂ ਵੱਡੀ ਭੂਮਿਕਾ ਐਕਸਾਈਜ਼ ਵਿਭਾਗ ਦੀ ਹੈ ਕਿਉਂਕਿ ਸ਼ਰਾਬ ਦੀ ਹਰ ਇੱਕ ਵਿਕਣ ਵਾਲੀ ਬੋਤਲ ਅਤੇ ਹਰ ਇੱਕ ਸ਼ਰਾਬ ਦੇ ਠੇਕੇ ਦਾ ਹਿਸਾਬ ਕਿਤਾਬ ਐਕਸਾਈਜ਼ ਵਿਭਾਗ ਕੋਲ ਹੁੰਦਾ ਹੈ। ਦਿਲਚਸਪ ਮਾਮਲਾ ਤਾਂ ਇਹ ਹੈ ਕਿ ਇਨ੍ਹਾਂ ਗੈਰ ਕਾਨੂੰਨੀ ਚੱਲ ਰਹੇ ਠੇਕਿਆਂ ਦਾ ਹਿਸਾਬ ਕਿਤਾਬ ਵੀ ਐਕਸਾਈਜ਼ ਵਿਭਾਗ ਰੱਖ ਰਿਹਾ ਹੈ। ਇਸ ਮਾਮਲੇ ਵਿੱਚ ਐਕਸਾਈਜ਼ ਵਿਭਾਗ ਨੇ ਕੋਈ ਕਾਰਵਾਈ ਨਾ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਹਨ।
ਹਿਮਾਚਲ ਸਰਕਾਰ ਨੂੰ ਚੂਨਾ
ਐਕਸਾਈਜ਼ ਪਾਲਿਸੀ ਮੁਤਾਬਕ ਕਿਸੇ ਵੀ ਬਾਹਰਲੇ ਰਾਜ ਦੀ ਸ਼ਰਾਬ ਪੰਜਾਬ ਵਿੱਚ ਨਹੀਂ ਵਿਕ ਸਕਦੀ ਅਤੇ ਨਾ ਹੀ ਪੰਜਾਬ ਦੀ ਸ਼ਰਾਬ ਕਿਸ ਦੇ ਦੂਸਰੇ ਰਾਜ ਵਿੱਚ ਵਿਕ ਸਕਦੀ ਹੈ ਲੇਕਿਨ ਹਿਮਾਚਲ ਦੇ ਬਾਰਡਰ ’ਤੇ ਇੰਨਾ ਨਜ਼ਦੀਕ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਹਿਮਾਚਲ ਵਿੱਚ ਸ਼ਰਾਬ ਪੰਜਾਬ ਨਾਲੋਂ ਮਹਿੰਗੀ ਹੈ। ਬਾਰਡਰ ਉੱਤੇ ਖੁੱਲ੍ਹੇ ਇਸ ਠੇਕੇ ਤੇ, ਹੁਸ਼ਿਆਰਪੁਰ ਦੇ ਬਾਕੀ ਠੇਕਿਆਂ ਦੇ ਮੁਕਾਬਲੇ ਹੋਰ ਸਸਤੀ ਸ਼ਰਾਬ ਵੇਚੀ ਜਾ ਰਹੀ ਅਤੇ ਇਨ੍ਹਾਂ ਠੇਕਿਆਂ ਤੋਂ ਹਿਮਾਚਲ ਵਿੱਚ ਵੱਡੀ ਪੱਧਰ ’ਤੇ ਸ਼ਰਾਬ ਦੀ ਕਥਿਤ ਤਸਕਰੀ ਵੀ ਹੋ ਰਹੀ ਹੈ, ਜਿਸ ਦੀ ਵਜ੍ਹਾ ਨਾਲ ਹਿਮਾਚਲ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਜਾ ਰਿਹਾ ਹੈ।
ਵੱਡੇ ਅਫਸਰ ਨੇ ਕਿਹਾ ਜਿੰਮੇਵਾਰੀ ਹੇਠਲੇ ਦੀ, ਛੋਟੇ ਅਫਸਰ ਬੇਵੱਸ
ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਹੇਠਲੇ ਪੱਧਰ ਦੇ ਕਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਅਸੀਂ ਤਾਂ ਬਹੁਤ ਛੋਟੇ ਪਿਆਦੇ ਹਾਂ ਜਦੋਂ ਕਦੇ ਵੀ ਸਾਡੇ ਵੱਲੋਂ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਪਰੋਂ ਆਇਆ ਆਦੇਸ਼ ਸਾਡੇ ਹੱਥ ਬੰਨ੍ਹ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਪਤਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਪਰ ਬੇਵੱਸੀ ਅੱਗੇ ਕੁਝ ਨਹੀਂ ਹੋ ਸਕਦਾ। ਉਨ੍ਹਾਂ ਨੇ ਇਹ ਦੱਸਿਆ ਕਿ ਇਸ ਮਾਮਲੇ ਵਿੱਚ ਵਿਭਾਗ ਦੇ ਕਈ ਉੱਚ ਅਧਿਕਾਰੀ ਕਥਿਤ ਭ੍ਰਿਸ਼ਟਾਚਾਰ ਕਰ ਰਹੇ ਹਨ। ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਕਿਹਾ ਕਿ ਇਹ ਜਿੰਮੇਵਾਰੀ ਹੇਠਲੇ ਸਟਾਫ ਦੀ ਬਣਦੀ ਹੈ, ਉਨਾਂ ਨੇ ਕਦੇ ਲਿਖ ਕੇ ਨਹੀਂ ਦਿੱਤਾ ਕਿ ਕੋਈ ਅਜਿਹਾ ਠੇਕਾ ਚੱਲ ਰਿਹਾ ਹੈ।
ਕੁਝ ਨਹੀਂ ਬੋਲੇ ਨਰੇਸ਼ ਅਗਰਵਾਲ
ਇਸ ਸਬੰਧੀ ਸ਼ਰਾਬ ਕਾਰੋਬਾਰੀ ਨਰੇਸ਼ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਹ ਇਸ ਸਬੰਧੀ ਕੋਈ ਵੀ ਠੋਸ ਜਵਾਬ ਨਹੀਂ ਦੇ ਸਕੇ ਸਿਰਫ ਇਨਾ ਹੀ ਕਹਿੰਦੇ ਰਹੇ ਸਾਰਾ ਕੁਝ ਕਾਨੂੰਨ ਮੁਤਾਬਿਕ ਹੀ ਹੋ ਰਿਹਾ ਹੈ।
ਜੰਗਲੀ-ਜਾਨਵਰ ਪ੍ਰੋਟੈਕਸ਼ਨ ਐਕਟ ਦੀਆਂ ਵੀ ਉੱਡ ਰਹੀਆਂ ਧੱਜੀਆਂ
ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ ਇਹ ਇਲਾਕਾ ਪੂਰੀ ਤਰ੍ਹਾਂ ਜੰਗਲੀ ਇਲਾਕਾ ਹੈ ਇਸ ਇਲਾਕੇ ਵਿੱਚ ਕਈ ਪ੍ਰਕਾਰ ਦੇ ਜੰਗਲੀ ਜੀਵ ਰਹਿ ਰਹੇ ਹਨ। ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਸ ਫੋਰਸਟ ਏਰੀਏ ਵਿੱਚ ਕੋਈ ਵੀ ਗੈਰ ਜੰਗਲੀ ਕੰਮ ਨਹੀਂ ਹੋ ਸਕਦਾ। ਠੇਕੇ ਦਾ ਅਗਲਾ ਭਾਗ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਜਮੀਨ ਤੇ ਬਣਿਆ ਹੋਇਆ ਹੈ, ਜਦਕਿ ਪਿਛਲਾ ਹਿੱਸਾ ਫੋਰਸਟ ਦੀ ਜਮੀਨ ਤੇ ਬਣਿਆ ਹੋਇਆ ਹੈ। ਪੰਜਾਬ ਦਾ ਇਹ ਪਹਾੜੀ ਖੇਤਰ ਬੇਹਦ ਖੂਬਸੂਰਤ ਏਰੀਆ ਹੈ ਅਤੇ ਸ਼ਰਾਬ ਦਾ ਠੇਕਾ ਖੁੱਲਣ ਦੀ ਵਜ੍ਹਾ ਨਾਲ ਇਸ ਜੰਗਲੀ ਇਲਾਕੇ ਦੀ ਖੂਬਸੂਰਤੀ ਕਾਫੀ ਪ੍ਰਭਾਵਿਤ ਹੋਈ ਹੈ ਜੇਕਰ ਫੋਰਸਟ ਏਰੀਏ ਦੇ ਨਜ਼ਦੀਕ ਕੋਈ ਵੀ ਕੰਮ ਕੀਤਾ ਜਾਂਦਾ ਹੈ ਤਾਂ ਉਸ ਲਈ ਫੋਰੈਸਟ ਵਿਭਾਗ ਤੋਂ ਐਨਓਸੀ ਲੈਣੀ ਜਰੂਰੀ ਹੁੰਦੀ ਹੈ ਕਿਉਂਕਿ ਇਹ ਠੇਕਾ ਗੈਰ ਕਾਨੂੰਨੀ ਹੈ ਤਾਂ ਇਹਨਾਂ ਪਾਸ ਫਾਰਸਟ ਵਿਭਾਗ ਦੀ ਐਨਓਸੀ ਵੀ ਨਹੀਂ ਹੈ ਹੈਰਾਨੀ ਦੀ ਗੱਲ ਤਾਂ ਹੈ ਕਿ ਐਕਸਾਈਜ ਵਿਭਾਗ ਹੀ ਨਹੀਂ ਬਲਕਿ ਜੰਗਲਾਤ ਵਿਭਾਗ ਵੀ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ਅਤੇ ਠੇਕੇ ਦੀ ਪ੍ਰਬੰਧਕਾਂ ਦੇ ਖਿਲਾਫ ਫੋਰੈਸਟ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ,ਹੈਰਾਨੀ ਤਾਂ ਇਹ ਹੈ ਕਿ ਇੱਥੇ ਪੱਕਾ ਨਿਰਮਾਣ ਕੀਤਾ ਹੋਇਆ ਹੈ।
ਗੈਰਕਾਨੂੰਨੀ ਠੇਕਿਆਂ ’ਤੇ ਕਾਰਵਾਈ ਹੋਵੇਗੀ-ਜੰਗਲਾਤ ਵਿਭਾਗ
ਹੈਰਾਨੀ ਤਾਂ ਇਸ ਗੱਲ ਦੀ ਹੈ ਇਸ ਗੈਰਕਾਨੂੰਨੀ ਠੇਕਿਆਂ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਵੀ ਨਹੀਂ ਹੈ, ਜਦੋਂ ਇਸ ਸਬੰਧੀ ਜੰਗਲਾਤ ਵਿਭਾਗ ਦੇ ਕੰਜਰਵੇਟਰ ਸੰਜੀਵ ਤਿਵਾੜੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਲੇਕਿਨ ਨਾਲ ਹੀ ਕਿਹਾ ਕਿ ਹਰ ਨੈਸ਼ਨਲ ਹਾਈਵੇ ਦੇ ਨਾਲ ਜੰਗਲਾਤ ਦੀ ਜਮੀਨ ਹੁੰਦੀ ਹੈ, ਇੱਥੇ ਤਾਂ ਫਾਰਿਸਟ ਪ੍ਰੋਟੈਕਸ਼ਨ ਐਕਟ ਦੀ ਧਾਰਾ-4 ਤੇ 5 ਲੱਗੀ ਹੋਈ ਹੈ ਜੇਕਰ ਅਜਿਹਾ ਕੁਝ ਹੋ ਰਿਹਾ ਹੈ ਤਾਂ ਇਸ ਸਬੰਧੀ ਕਾਰਵਾਈ ਹੋ ਸਕਦੀ ਹੈ।
ਨੈਸ਼ਨਲ ਹਾਈਵੇ ਨੇ ਠੀਕਰਾ ਐਕਸਾਈਜ ਸਿਰ ਬੰਨ੍ਹਿਆ
ਹੁਸ਼ਿਆਰਪੁਰ-ਊਨਾ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਡਾਇਰੈਕਟਰ ਵਰੁਣ ਚਾਰੀ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਾਰਾ ਠੀਕਰਾ ਐਕਸਾਈਜ ਵਿਭਾਗ ਸਿਰ ਭੰਨ੍ਹ ਦਿੱਤਾ ਤੇ ਕਿਹਾ ਕਿ ਜੇਕਰ ਅਜਿਹੇ ਠੇਕੇ ਖੁੱਲ੍ਹੇ ਹਨ ਤਾਂ ਉਸ ਦੀ ਜਾਣਕਾਰੀ ਐਕਸਾਈਜ ਵਿਭਾਗ ਨੂੰ ਹੋਵੇਗੀ ਤੇ ਅੱਜ ਤੱਕ ਐਕਸਾਈਜ ਵਿਭਾਗ ਨੇ ਨੈਸ਼ਨਲ ਹਾਈਵੇ ਨੂੰ ਅਜਿਹੀ ਕੋਈ ਜਾਣਕਾਰੀ ਲਿਖਤੀ ਤੌਰ ’ਤੇ ਨਹੀਂ ਦਿੱਤੀ ਹੈ, ਜੇਕਰ ਉਨ੍ਹਾਂ ਪਾਸ ਕੋਈ ਲਿਖਤੀ ਸ਼ਿਕਾਇਤ ਆਉਦੀ ਹੈ ਤਾਂ ਇਸ ਉਪਰ ਕਾਰਵਾਈ ਕੀਤੀ ਜਾਵੇਗੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਰਾ ਕੁਝ ਸਾਹਮਣੇ ਹੁੰਦਿਆ ਹੋਇਆ ਵੀ ਜੇਕਰ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਇਹ ਗੱਲ ਵੱਡੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਹੀ ਹੈ ਕਿ ਕਿਵੇ ਹਰ ਵਿਭਾਗ ਨੋਟਾਂ ਦੇ ਭਾਰ ਹੇਠ ਦੱਬਿਆ ਹੋਇਆ ਹੈ।