ਪਟਿਆਲਾ, 14 ਸਤੰਬਰ 2023 – ਪੰਜਾਬੀ ਯੂਨੀਵਰਸਿਟੀ ਵਿਖੇ ਪੰਜ ਸਾਲਾ ਏਕੀਕ੍ਰਿਤ ਕੋਰਸ (ਭਾਸ਼ਾਵਾਂ) ਦੀ ਇੱਕ ਵਿਦਿਆਰਥੀ ਜਸ਼ਨਦੀਪ ਕੌਰ ਦੀ ਮੌਤ ਹੋ ਜਾਣ ਬਾਰੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਘਟਨਾ ਉੱਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀ ਜਸ਼ਨਦੀਪ ਕੌਰ ਦੀ ਮੌਤ ਸੋਗਵਾਰ ਹੈ। ਉਨ੍ਹਾਂ ਕਿਹਾ ਕਿ ਭਰ ਜਵਾਨੀ ਦੀ ਇਸ ਉਮਰ ਵਿੱਚ ਕਿਸੇ ਵੀ ਜੀਅ ਦਾ ਇਸ ਤਰ੍ਹਾਂ ਅਚਨਚੇਤ ਤੁਰ ਜਾਣਾ ਮਾਪਿਆਂ ਅਤੇ ਉਸ ਦੇ ਨੇੜਲਿਆਂ ਲਈ ਅਸਹਿ ਹੁੰਦਾ ਹੈ ਜਿਸ ਬਾਰੇ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀ ਯੂਨੀਵਰਸਿਟੀ ਬਿਰਾਦਰੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ਼ ਹੈ। ਯੂਨੀਵਰਸਿਟੀ ਵੱਲੋਂ ਦੋ ਅਧਿਆਪਕ ਇਸ ਮੌਕੇ ਲੜਕੀ ਦੇ ਪਰਿਵਾਰ ਨਾਲ਼ ਦੁੱਖ ਸਾਂਝਾ ਕਰਨ ਭੇਜੇ ਗਏ ਜਿਨ੍ਹਾਂ ਉਸ ਦੇ ਅੰਤਿਮ ਸੰਸਕਾਰ ਦੀ ਰਸਮ ਵਿੱਚ ਸ਼ਿਰਕਤ ਕੀਤੀ।
ਇਸ ਦੇ ਨਾਲ਼ ਹੀ ਉਨ੍ਹਾਂ ਯੂਨੀਵਰਸਿਟੀ ਕੈਂਪਸ ਵਿਖੇ ਪ੍ਰੋ. ਸੁਰਜੀਤ ਸਿੰਘ ਉੱਤੇ ਕੁੱਝ ਹੁੱਲੜ੍ਹਬਾਜ਼ਾਂ ਵੱਲੋਂ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਇਹ ਸ਼ਰੇਆਮ ਹੁੱਲੜ੍ਹਬਾਜ਼ੀ ਹੈ ਜਿਸ ਨਾਲ਼ ਅਦਾਰੇ ਦਾ ਅਕਾਦਮਿਕ ਮਾਹੌਲ ਖਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਹਾਲਤ ਵਿੱਚ ਵੀ ਕਿਸੇ ਨੂੰ ਵੀ ਅਦਾਰੇ ਦਾ ਮਾਹੌਲ ਵਿਗਾੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲ਼ੇ ਅਨਸਰਾਂ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਜਾਰੀ ਸੂਚਨਾ ਅਨੁਸਾਰ, “ਵਿਦਿਆਰਥੀ ਜਸ਼ਨਦੀਪ ਕੌਰ, ਬੀ.ਏ. ਭਾਗ ਪਹਿਲਾ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ (ਭਾਸ਼ਾਵਾਂ) ਪਿੰਡ ਚਾਉਕੇ, ਬਠਿੰਡਾ ਦੇ ਸਬੰਧ ਵਿਚ ਦੱਸਿਆ ਜਾਂਦਾ ਹੈ ਕਿ ਵਿਦਿਆਰਥਣ ਵੱਲੋਂ ਸੈਸ਼ਨ 2023-24 ਦੌਰਾਨ ਬੀ.ਏ. ਭਾਗ ਪਹਿਲਾ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ (ਭਾਸ਼ਾਵਾਂ) ਵਿਖੇ ਦਾਖਲਾ ਲਿਆ ਗਿਆ ਸੀ। ਦਾਖਲੇ ਤੋਂ ਬਾਅਦ ਮਿਤੀ 28-07-2023 ਨੂੰ ਵਿਦਿਆਰਥਣ ਵੱਲੋਂ ਅੰਮ੍ਰਿਤਾ ਸ਼ੇਰਗਿਲ ਹੌਸਟਲ ਵਿਖੇ ਰਿਹਾਇਸ਼ ਲਈ ਗਈ ਸੀ। ਮਿਤੀ 13-09-2023 ਨੂੰ ਸਵੇਰੇ 9.20 ਵਜੇ ਦੇ ਕਰੀਬ ਵਿਦਿਆਰਥਣ ਵੱਲੋਂ ਹੋਸਟਲ ਦੇ ਸੁਰੱਖਿਆ ਕਰਮਚਾਰੀ ਨੂੰ ਆਪਣੀ ਸਿਹਤ ਖਰਾਬ ਹੋਣ ਸਬੰਧੀ ਦੱਸਿਆ। ਮੌਕੇ ਉੱਤੇ ਹੀ ਯੂਨੀਵਰਸਿਟੀ ਹੈਲਥ ਸੈਂਟਰ ਨੂੰ ਸੂਚਨਾ ਦੇ ਕੇ ਐਂਬੂਲੈਂਸ ਦੀ ਮੰਗ ਕੀਤੀ ਗਈ। ਕੁਝ ਸਮੇਂ ਬਾਅਦ ਵਿਦਿਆਰਥਣ ਐਂਬੂਲੈਂਸ ਵਿਚ ਬੈਠ ਕੇ ਯੂਨੀਵਰਸਿਟੀ ਹੈਲਥ ਸੈਂਟਰ ਜਾਂਚ ਕਰਵਾਉਣ ਲਈ ਹੋਸਟਲ ਵਿਚੋਂ ਚਲੀ ਗਈ। ਵਿਦਿਆਰਥਣ ਹੈਲਥ ਸੈਂਟਰ ਵਿਖੇ ਇਲਾਜ ਕਰਵਾਉਣ ਤੋਂ ਬਾਅਦ ਲਗਭਗ 10:30 ਵਜੇ ਹੋਸਟਲ ਵਾਪਿਸ ਆ ਕੇ ਰੈਸਟ ਰੂਮ ਵਿਖੇ ਬੈਠ ਗਈ। ਇਸ ਤੋਂ ਮਗਰੋਂ ਵਿਦਿਆਰਥਣ ਦੇ ਮਾਤਾ ਅਤੇ ਭਰਾ ਲਗਭਗ 12:15 ਵਜੇ ਹੋਸਟਲ ਵਿਚ ਆ ਕੇ ਹੋਸਟਲ ਦੀ ਕਾਰਵਾਈ ਕਰਨ ਉਪਰੰਤ ਵਿਦਿਆਰਥਣ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਸੀ।
ਹਸਤਾਖਰਕਰਤਾ ਨੂੰ ਅੱਜ ਸਵੇਰੇ ਮਿਤੀ 14-09-23 ਨੂੰ ਵਿਦਿਆਰਥਣ ਦੀ ਮੌਤ ਸਬੰਧੀ ਪ੍ਰਾਪਤ ਜਾਣਕਾਰੀ ਤੋਂ ਬਾਅਦ ਡੀਨ ਵਿਦਿਆਰਥੀ ਭਲਾਈ ਵੱਲੋਂ ਵਿਦਿਆਰਥਣ ਦੇ ਘਰ ਲਗਭਗ 11:15 ਵਜੇ ਫੋਨ ਕੀਤਾ ਗਿਆ। ਵਿਦਿਆਰਥਣ ਦੇ ਭਰਾ ਨਾਲ ਹੋਈ ਗੱਲ ਅਨੁਸਾਰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਵਿਦਿਆਰਥਣ ਨੂੰ ਮਿਤੀ 13-09-2023 ਨੂੰ ਯੂਨੀਵਰਸਿਟੀ ਤੋਂ ਘਰ ਲੈ ਕੇ ਜਾਣ ਤੋਂ ਬਾਅਦ ਵੀ ਪਿੰਡ ਦੇ ਡਾਕਟਰ ਨੂੰ ਵਿਖਾਇਆ ਗਿਆ ਸੀ। ਪਰ ਉਸ ਦੀ ਮਿਤੀ 14-09-23 ਨੂੰ ਸਵੇਰੇ 2:30 ਵਜੇ ਦੇ ਕਰੀਬ ਮੌਤ ਹੋ ਗਈ।
ਵਿਭਾਗ ਦੇ ਕੋ-ਆਰਡੀਨੇਟਰ ਪ੍ਰੋ. ਸੁਰਜੀਤ ਸਿੰਘ ਨਾਲ ਮਿਤੀ 14-09-23 ਨੂੰ ਲਗਭਗ 11.00 ਵਜੇ ਮੌਖਿਕ ਤੌਰ ਤੇ ਹੋਈ ਗੱਲ ਅਨੁਸਾਰ ਪਤਾ ਲੱਗਾ ਕਿ ਵਿਦਿਆਰਥਣ ਨੇ ਸੈਸ਼ਨ 2021-22 ਦੌਰਾਨ ਵੀ ਬੀ.ਏ. ਭਾਗ ਪਹਿਲਾ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ (ਭਾਸ਼ਾਵਾਂ) ਵਿਖੇ ਦਾਖਲਾ ਲਿਆ ਸੀ। ਪਰ ਵਿਦਿਆਰਥਣ ਦੀ ਸਿਹਤ ਠੀਕ ਨਾ ਹੋਣ ਕਾਰਨ ਕੋਰਸ ਛੱਡ ਦਿੱਤਾ ਸੀ। ਹੁਣ ਸੈਸ਼ਨ 2023-24 ਦੌਰਾਨ ਵਿਦਿਆਰਥਣ ਵੱਲੋਂ ਫਿਰ ਤੋਂ ਬੀ.ਏ. ਭਾਗ ਪਹਿਲਾ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ (ਭਾਸ਼ਾਵਾਂ) ਵਿਖੇ ਦਾਖਲਾ ਲਿਆ ਸੀ। ਉਹਨਾਂ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਵਿਦਿਆਰਥਣ ਲੰਬੇ ਸਮੇਂ ਤੋਂ ਬਿਮਾਰ ਸੀ।”