ਜਲੰਧਰ, 14 ਸਤੰਬਰ 2023 – ਜਲੰਧਰ ਦੇ ਨੂਰਮਹਿਲ ਦੇ ਪਿੰਡ ਸਿੱਧ ਹਰੀ ਸਿੰਘ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੀ ਮਾਂ ਨਾਲ ਚੱਲ ਰਹੇ ਝਗੜੇ ਤੋਂ ਬਾਅਦ, ਪਿੰਡ ਦੇ ਇੱਕ ਸਿਰਫਿਰੇ ਵਿਅਕਤੀ ਨੇ ਪਹਿਲਾਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਆਪਣੇ ਪੈਰਾਂ ਹੇਠ ਮਿੱਧਿਆ ਅਤੇ ਫਿਰ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਫੇਰ ਦੋਸ਼ੀ ਅਮਰਪ੍ਰੀਤ ਨੇ ਵੀ ਇਸ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜ ਦਿੱਤੀ।
ਵੀਡੀਓ ਵਾਇਰਲ ਹੁੰਦੇ ਹੀ ਪਿੰਡ ਦੇ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਥਾਣਾ ਨੂਰਮਹਿਲ ਦੇ ਹਵਾਲੇ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਜਦੋਂ ਦੇਰ ਰਾਤ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਭਾਰੀ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦਾ ਘਰੇਲੂ ਝਗੜਾ ਸੀ ਪਰ ਮੰਦਭਾਗੀ ਗੱਲ ਹੈ ਕਿ ਦੋਸ਼ੀ ਨੇ ਗੁਟਖਾ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕੀਤੀ ਹੈ।
ਡੀਐਸਪੀ ਸੁਖਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਮਰਪ੍ਰੀਤ ਨਾਂ ਦੇ ਵਿਅਕਤੀ ਨੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜੀ ਹੈ। ਸਾਡੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ਦਾ ਆਪਣੀ ਮਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਿਸ ਕਾਰਨ ਦੋਸ਼ੀ ਨੇ ਇਹ ਕਦਮ ਚੁੱਕਿਆ।
ਦੋਸ਼ੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਧਾਰਾ 295 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਬਣਾਈ ਗਈ ਵੀਡੀਓ ਅਤੇ ਉਸ ਦਾ ਮੋਬਾਈਲ ਫੋਨ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।