– 13 ਸਤੰਬਰ 2023 ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਦਿਵਸ ਦੀ 79ਵੀਂ ਵਰ੍ਹੇਗੰਢ ‘ਤੇ ਵਿਸ਼ੇਸ਼
ਦਾ ਐਡੀਟਰ ਨਿਊਜ਼ —– ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਸਿੱਖ ਕੌਮ ਦਾ ਹਰਾਵਲ ਦਸਤਾ ਆਖਿਆ ਜਾਂਦਾ ਹੈ। ਇਸ ਦੀ ਸਥਾਪਨਾ ਐਡਵੋਕੇਟ ਅਮਰ ਸਿੰਘ ਅੰਬਾਲਵੀ ਦੇ ਯਤਨਾਂ ਸਦਕਾ 13 ਸਤੰਬਰ 1944 ਨੂੰ ਹੋਈ ਸੀ ਅਤੇ ਸ. ਸਰੂਪ ਸਿੰਘ ਇਸ ਦੇ ਪਹਿਲੇ ਪ੍ਰਧਾਨ ਥਾਪੇ ਗਏ ਸਨ। ਲਾਹੌਰ ਵਿਚ ਹੋਈ ਪਹਿਲੀ ਬੈਠਕ ਦੌਰਾਨ ਇਸ ਜਥੇਬੰਦੀ ਦੇ ਪੰਜ ਮੁੱਖ ਨਿਸ਼ਾਨੇ ਮਿਥੇ ਗਏ ਸਨ। 1. ਸਿੱਖ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨਾ। 2. ਸਿੱਖ ਵਿਦਿਆਰਥੀਆਂ ਲਈ ਗੁਰੂ ਸਾਹਿਬਾਨ ਦੇ ਉੱਚੇ ਸੁੱਚੇ ਉਪਦੇਸ਼ ਅਤੇ ਵੱਡਮੁੱਲੇ ਵਿਰਸੇ ਦੀ ਜਾਣਕਾਰੀ ਉਪਲੱਬਧ ਕਰਵਾਉਣੀ। 3. ਸਿੱਖ ਵਿਦਿਆਰਥੀਆਂ ਨੂੰ ਅਜਿਹਾ ਸਮਾਜ ਘੜਨ ਲਈ ਤਿਆਰ ਕਰਨਾ ਜਿਸ ਵਿਚ ਕੌਮ ਪੂਰੀ ਤਰ੍ਹਾਂ ਵਧ-ਫੁੱਲ ਸਕੇ। 4. ਗੁਰਬਾਣੀ, ਇਤਿਹਾਸ, ਸਿੱਖ ਰਹਿਤ ਮਰਿਯਾਦਾ ਬਾਰੇ ਵਿਚਾਰ-ਵਟਾਂਦਰਾ ਅਤੇ ਖੋਜ ਬੈਠਕਾਂ ਦਾ ਇੰਤਜ਼ਾਮ ਕਰਨਾ। 5. ਸਿੱਖਾਂ ਦੀ ਧਾਰਮਿਕ, ਰਾਜਨੀਤਕ, ਵਿਦਿਅਕ, ਸਮਾਜਿਕ, ਭਾਈਚਾਰਕ ਅਤੇ ਆਰਥਿਕ ਉਨਤੀ ਲਈ ਪ੍ਰਚਾਰ ਦਾ ਚਾਅ ਪੈਦਾ ਕਰਨਾ ਅਤੇ ਪੰਜਾਬੀ ਪੜ੍ਹਨ ਲਿਖਣ ਅਤੇ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਲਈ ਯਤਨਸ਼ੀਲ ਰਹਿਣਾ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਫੈਡਰੇਸ਼ਨ ਦਾ ਏਜੰਡਾ ਕੈਂਪਾਂ ਦੁਆਰਾ ਸਿੱਖਾਂ ਨੂੰ ਵੱਖਰੀ ਪਛਾਣ ਦਾ ਅਹਿਸਾਸ ਕਰਵਾਉਣਾ ਅਤੇ ਸਿੱਖ ਨੌਜਵਾਨਾਂ ਵਿਚ ਪਤਿਤਪੁਣਾ, ਨਸ਼ਾਖੋਰੀ ਅਤੇ ਰਾਜਨੀਤਕ ਗਫ਼ਲਤ ਵਿਰੁੱਧ ਚੇਤਨਾ ਪੈਦਾ ਕਰਨਾ ਰਿਹਾ ਹੈ। ਫ਼ੈਡਰੇਸ਼ਨ ਨੇ ਸਿੱਖ ਨੌਜਵਾਨ ਵਰਗ ਵਿਚੋਂ ਅਨੇਕਾਂ ਚੇਤੰਨ ਤੇ ਦੂਰਅੰਦੇਸ਼ ਆਗੂ ਸਿੱਖ ਰਾਜਨੀਤੀ ਨੂੰ ਦਿੱਤੇ ਹਨ। ਨੌਜਵਾਨ ਵਰਗ ਵਿਚ ਸਿੱਖੀ ਚੇਤਨਾ ਤੇ ਸਿਧਾਂਤਕ ਦ੍ਰਿੜ੍ਹਤਾ ਦੇ ਨਾਲ-ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਧਰਮ ਨਿਰਪੱਖਤਾ ਦੀ ਵੀ ਵੱਖਰੀ ਮਿਸਾਲ ਪੈਦਾ ਕਰਦਿਆਂ ਗੈਰ-ਸਿੱਖਾਂ ਨੂੰ ਵੀ ਕਲਾਵੇ ਵਿਚ ਲਿਆ, ਜਿਸ ਦੀ ਮਿਸਾਲ 1954 ਵਿਚ ਭਾਈ ਹਰਬੰਸ ਲਾਲ ਨੂੰ ਫ਼ੈਡਰੇਸ਼ਨ ਦਾ ਪ੍ਰਧਾਨ ਬਣਾਉਣਾ ਸੀ। ਸੰਨ 1959 ਵਿਚ ਦਸਵੇਂ ਇਜਲਾਸ ਦੌਰਾਨ ਫ਼ੈਡਰੇਸ਼ਨ ਪਹਿਲੀ ਵਾਰੀ ਦੁਫ਼ਾੜ ਹੋ ਗਈ।
ਸੰਨ 1978 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਵਿਚ ਵਾਪਰੇ ਨਿਰੰਕਾਰੀ ਕਾਂਡ ਨੇ ਫ਼ੈਡਰੇਸ਼ਨ ਨੂੰ ਮੁੜ ਆਪਣੇ ਜਾਹੋ-ਜਲਾਲ ਵਿਚ ਆਉਣ ਲਈ ਹਲੂਣਾ ਦਿੱਤਾ। 2 ਜੁਲਾਈ 1978 ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਫ਼ੈਡਰੇਸ਼ਨ ਦੇ ਸਾਲਾਨਾ ਇਜਲਾਸ ਵਿਚ ਭਾਈ ਅਮਰੀਕ ਸਿੰਘ (ਸਪੁੱਤਰ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ, 13ਵੇਂ ਮੁਖੀ ਦਮਦਮੀ ਟਕਸਾਲ) ਨੂੰ ਇਸ ਜਥੇਬੰਦੀ ਦਾ ਪ੍ਰਧਾਨ ਬਣਾਉਣ ਦਾ ਇਤਿਹਾਸਕ ਫ਼ੈਸਲਾ ਹੋਇਆ। ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਹਿਯੋਗ ਨਾਲ ਭਾਈ ਅਮਰੀਕ ਸਿੰਘ ਨੇ ਗੁਰਮਤਿ ਪ੍ਰਚਾਰ ਦੀ ਅਜਿਹੀ ਲਹਿਰ ਆਰੰਭੀ ਕਿ ਸਿੱਖ ਨੌਜਵਾਨੀ ਬਾਣੀ-ਬਾਣੇ ਵਿਚ ਪ੍ਰਪੱਕਤਾ ਦੇ ਨਾਲ-ਨਾਲ ਰਾਜਨੀਤਕ ਖੇਤਰ ਵਿਚ ਵੀ ਚੇਤੰਨ ਹੋਣ ਲੱਗੀ। ਸਿੱਖੀ ਚੇਤਨਾ ਜਾਗਣ ਲੱਗੀ ਅਤੇ ਪਤਿਤ ਹੋ ਰਹੇ ਸਿੱਖ ਨੌਜਵਾਨਾਂ ਦੇ ਸਿਰਾਂ ‘ਤੇ ਦਸਤਾਰਾਂ ਮੁੜ ਜਲਵਾਗਰ ਹੋਣ ਲੱਗੀਆਂ।
ਭਾਈ ਅਮਰੀਕ ਸਿੰਘ ਲਗਾਤਾਰ ਪੰਜ ਵਾਰ ਫੈਡਰੇਸ਼ਨ ਦੇ ਪ੍ਰਧਾਨ ਰਹੇ ਅਤੇ ਧਰਮ ਯੁੱਧ ਮੋਰਚੇ ਤੱਕ ਸਿੱਖ ਰਾਜਨੀਤਕ ਖੇਤਰ ਵਿਚ ਫੈਡਰੇਸ਼ਨ ਦੀ ਚੜ੍ਹਤ ਸਿਖ਼ਰਾਂ ‘ਤੇ ਪਹੁੰਚ ਗਈ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਦੌਰਾਨ ਭਾਈ ਅਮਰੀਕ ਸਿੰਘ ਅਤੇ ਫੈਡਰੇਸ਼ਨ ਦੇ ਹੋਰ ਸਿਰਕੱਢ ਆਗੂ ਆਪਣੇ ਜਾਨ ਤੋਂ ਪਿਆਰੇ ਧਰਮ ਅਸਥਾਨ ਦੀ ਅਜ਼ਮਤ ਖ਼ਾਤਰ ਸ਼ਹੀਦ ਹੋ ਗਏ। ਫੈਡਰੇਸ਼ਨ ਨਾਲ ਸਬੰਧਤ ਬਾਕੀ ਨੌਜਵਾਨਾਂ ਨੂੰ ਚੁਣ-ਚੁਣ ਕੇ ਜੇਲ੍ਹਾਂ ਵਿਚ ਡੱਕਿਆ ਜਾਣ ਲੱਗਾ। ਸਰਕਾਰੀ ਚਾਲਾਂ ਕਾਰਨ ਫੈਡਰੇਸ਼ਨ ਧੜੇਬੰਦੀਆਂ ਦੀ ਸ਼ਿਕਾਰ ਹੋ ਗਈ। ਫੈਡਰੇਸ਼ਨ ਨੇ ਜੇਲ ਵਿੱਚ ਬੈਠਿਆ ਹੀ ਫੈਡਰੇਸ਼ਨ ਪ੍ਰਧਾਨ ਭਾਈ ਅਮਰੀਕ ਸਿੰਘ ਦੇ ਛੋਟੇ ਭਰਾ ਭਾਈ ਮਨਜੀਤ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਅੱਜ ਕੱਲ ਉਹਨਾ ਦਾ ਬੇਟਾ ਕੰਵਰਚੜਤ ਸਿੰਘ ਵੀ ਫੈਡਰੇਸ਼ਨ ਦੇ ਇੱਕ ਧੜੇ ਦੀ ਅਗਵਾਈ ਕਰ ਰਿਹਾ ਹੈ ।
ਇਸੇ ਸਮੇ ਦੌਰਾਨ ਹੀ ਫੈਡਰੇਸ਼ਨ ਮਹਿਤਾ ਚਾਵਲਾ ਬਣੀ ਕਈ ਫੈਡਰੇਸ਼ਨ ਆਗੂ ਜੋ ਕਿ ਫੈਡਰੇਸ਼ਨ ਦੇ ਪਲੇਟਫਾਰਮ ਫਾਰਮ ਤੇ ਕੰਮ ਕਰਦੇ ਰਹੇ ਅੱਜ ਰਾਜਨੀਤਕ ਖੇਤਰ ਵਿੱਚ ਵਿਚਰ ਰਹੇ ਹਨ ਬੀਰਦਵਿੰਦਰ ਸਿੰਘ ਸੁਰਜੀਤ ਸਿੰਘ ਮਿਨਹਾਸ ਚਰਨਜੀਤ ਸਿੰਘ ਅਟਵਾਲ ਜੋ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਹਨ ਫੈਡਰੇਸ਼ਨ ਦੇ ਸਮੇ ਸਮੇ ਪ੍ਰਧਾਨ ਰਹੇ । ਜਦਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਜਗਮੀਤ ਸਿੰਘ ਬਰਾੜ ਚੜਦੀਕਲਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਕਾਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਡਾ ਮਨਜੀਤ ਸਿੰਘ ਭੌਮਾ ਗੁਰਚਰਨ ਸਿੰਘ ਗਰੇਵਾਲ, ਰਜਿੰਦਰ ਸਿੰਘ ਮਹਿਤਾ ਅਮਰਜੀਤ ਸਿੰਘ ਚਾਵਲਾ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਹਰਵਿੰਦਰ ਸਿੰਘ ਖਾਲਸਾ ਅਤਿੰਦਰਪਾਲ ਸਿੰਘ ਸਮੇਤ ਪੰਜ ਦਰਜਨ ਤੋ ਵੱਧ ਨਾਮੀ ਆਗੂ ਫੈਡਰੇਸ਼ਨ ਦੀ ਪੈਦਾਇਸ਼ ਹਨ । ਤੇਜ ਤਰਾਰ ਆਗੂ ਭਾਈ ਹਰਮਿੰਦਰ ਸਿੰਘ ਸੰਧੂ ਫੈਡਰੇਸ਼ਨ ਦੇ ਜਰਨਲ ਸਕੱਤਰ ਰਹੇ ਜਿੰਨਾ ਦੀ ਸ਼ਹੀਦੀ ਤੇ ਪ੍ਰਸਿੱਧ ਕਾਲਮਨਵੀਸ ਬਲਜੀਤ ਸਿੰਘ ਖਾਲਸਾ ਨੇ ਲਿੱਖੀ ਰੋਸਨ ਦਿਮਾਗ ਭਾਈ ਹਰਮਿੰਦਰ ਸਿੰਘ ਸੰਧੂ ਕਿਤਾਬ ਦੀ ਦੇਸ ਦੁਨੀਆ ਵਿੱਚ ਚਰਚਾ ਹੋਈ ਹੈ ।
19 ਜਨਵਰੀ 1995 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਕਰਨੈਲ ਸਿੰਘ ਪੀਰਮੁਹੰਮਦ ਨੂੰ ਪ੍ਰਧਾਨ ਬਣਾ ਕੇ ਫ਼ੈਡਰੇਸ਼ਨ ਨੂੰ ਮੁੜ ਇਕਮੁੱਠ ਤੇ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਭਾਈ ਅਮਰੀਕ ਸਿੰਘ ਜੀ ਦੀ ਸਹਾਦਤ ਤੋ ਬਾਅਦ ਫੈਡਰੇਸ਼ਨ ਨੂੰ ਵਿਸਵ ਪੱਧਰ ਤੇ ਉਜਾਗਰ ਕਰਨ ਲਈ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਮੁੱਦਾ ਉਠਾਇਆ ਤੇ ਲਗਾਤਾਰ ਹਰ ਦਿਨ ਗਵਾਹ ਲੱਭ ਲੱਭ ਕੇ ਅਦਾਲਤਾ ਵਿੱਚ ਪੇਸ ਕੀਤੇ ਜਿਆਦਾਤਰ ਗਵਾਹ ਵਿਦੇਸ਼ ਵਿੱਚ ਹੋਣ ਕਰਕੇ ਫੈਡਰੇਸ਼ਨ ਦੀ ਸਰਗਰਮ ਭੂਮਿਕਾ ਬਾਰੇ ਨਿਊਯਾਰਕ ਟਾਈਮਜ਼ ਅਤੇ ਦਾ ਹਿੰਦੂ ਵਰਗੇ ਅਖਬਾਰਾ ਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਚਰਚਾ ਹੋਈ ਕਾਗਰਸੀ ਆਗੂ ਜਗਦੀਸ਼ ਟਾਈਟਲਰ ਸੱਜਣ ਕੁਮਾਰ ਕਮਲ ਨਾਥ ਵਰਗੇ ਕਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਲਗਾਤਾਰ ਲੜਾਈ ਲੜੀ । ਪਰ ਇਸੇ ਦੌਰਾਨ ਵੀ ਫ਼ੈਡਰੇਸ਼ਨ ਦੇ ਕਈ ਧੜੇ ਬਣ ਗਏ। ਸਾਲ 2001 ‘ਚ ਫ਼ੈਡਰੇਸ਼ਨ ਦੇ ਭਾਈ ਦਲਜੀਤ ਸਿੰਘ ਬਿੱਟੂ ਗਰੁੱਪ ਦੇ ਕੁਝ ਆਗੂਆਂ ਦੀ ਸ਼ਿੱਦਤ ਸਦਕਾ ਫ਼ੈਡਰੇਸ਼ਨ ਨੂੰ ਨਿਰੋਲ ਵਿਦਿਆਰਥੀ ਜਥੇਬੰਦੀ ਵਜੋਂ ਪੁਨਰ-ਸੁਰਜੀਤ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਹੀ ਇਸ ਗਰੁੱਪ ਦੀਆਂ ਗਤੀਵਿਧੀਆਂ ਵੀ ਠੱਪ ਹੋ ਗਈਆਂ। ਪਿਛਲੇ ਇਕ-ਡੇਢ ਦਹਾਕੇ ਤੋਂ ਫ਼ੈਡਰੇਸ਼ਨ ਦੇ ਬਹੁਤੇ ਧੜਿਆਂ ਦੀ ਵਿਦਿਆਰਥੀਆਂ ਵਿੱਚ ਸ਼ਾਖ਼ ਲਗਪਗ ਨਾਂਹ ਦੇ ਬਰਾਬਰ ਪਹੁੰਚ ਗਈ । ਇਸੇ ਦੇ ਸਦਕਾ ਹੀ ਸਿੱਖ ਸਿਆਸਤ ਵਿਚ ਵੀ ਸਿਧਾਂਤਕ ਤੇ ਪ੍ਰਤੀਬੱਧ ਲੀਡਰਸ਼ਿਪ ਦਾ ਖ਼ਲਾਅ ਪੈਦਾ ਹੋ ਰਿਹਾ ਹੈ।
ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ 79ਵੀਂ ਸਥਾਪਨਾ ਵਰ੍ਹੇਗੰਢ ਮੌਕੇ ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਜੋ ਕਿ ਭਾਈ ਕਰਨੈਲ ਸਿੰਘ ਪੀਰਮੁਹੰਮਦ ਦੇ ਸ੍ਰੌਮਣੀ ਅਕਾਲੀ ਦਲ ਦੇ ਵਿੱਚ ਸਾਮਲ ਹੋਣ ਤੋ ਬਾਅਦ ਅਗਵਾਈ ਕਰ ਰਹੇ ਹਨ ਵੱਲੋ ਗੁਰਦੁਆਰਾ ਮਿਸਨ ਚੌਕ ਜਲੰਧਰ ਵਿਖੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਵਿਸੇਸ਼ ਇਕੱਤਰਤਾ ਬੁਲਾਈ ਹੈ ਜਿਸ ਵਿੱਚ ਨੌਜਵਾਨ ਪੀੜੀ ਨੂੰ ਆਪਣਾ ਭਵਿੱਖ ਬਣਾਉਣ ਲਈ ਕੀ ਕੀ ਉਪਰਾਲੇ ਕਰਨੇ ਚਾਹੀਦੇ ਹਨ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਵਿਦਵਾਨ ਪੁਰਸ ਸੰਬੋਧਨ ਕਰਨਗੇ । ਸਾਡੀ ਇਸ ਮੌਕੇ ਸਿੱਖ ਨੌਜਵਾਨਾਂ ਦੀ ਇਸ ਜਥੇਬੰਦੀ ਦੇ ਸੰਸਥਾਪਕਾਂ ਅਤੇ ਸ਼ਹੀਦ ਆਗੂਆਂ ਪ੍ਰਤੀ ਇਹੀ ਸੱਚੀ ਨਿਸ਼ਠਾ ਤੇ ਸਤਿਕਾਰ ਹੋਵੇਗਾ ਕਿ ਆਪਾਪ੍ਰਸਤੀ ਅਤੇ ਧੜੇਬੰਦੀਆਂ ਤਿਆਗ ਕੇ ਮੁੜ ਫੈਡਰੇਸ਼ਨ ਨੂੰ ਇਸ ਦੇ ਮੂਲ ਸਰੂਪ ਵਿਚ ਲਿਆਂਦਾ ਜਾਵੇ। ਪੰਜਾਬ ਦੀ ਨੌਜਵਾਨੀ ਦੇ ਅਜੋਕੇ ਸਰੋਕਾਰਾਂ ਅਤੇ ਸੰਕਟਾਂ ਨੂੰ ਮੁਖਾਤਿਬ ਹੁੰਦਿਆਂ ਨਵੇਂ ਅਤੇ ਉਜਲ ਰਾਹ ਤਲਾਸ਼ੇ ਜਾਣ।
ਅਜੋਕੇ ਸਮੇਂ ਵੀ ਫੈਡਰੇਸ਼ਨ ਦੀ ਸਥਾਪਨਾ ਵੇਲੇ ਨਿਰਧਾਰਿਤ ਕੀਤੇ ਗਏ ਇਸ ਦੇ ਮੁੱਖ ਉਦੇਸ਼ਾਂ ਦੀ ਪੂਰੀ ਪ੍ਰਸੰਗਿਕਤਾ ਬਣਦੀ ਹੈ। ਜੇਕਰ ਫੈਡਰੇਸ਼ਨ ਦੇ ਸੰਵਿਧਾਨਿਕ ਏਜੰਡੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਅਸੂਲਾਂ ਦਾ ਪ੍ਰਚਾਰ, ਸਿੱਖ ਨੌਜਵਾਨਾਂ ਦੇ ਜਾਗ੍ਰਿਤੀ ਅਤੇ ਗੁਰਮਤਿ ਪ੍ਰਚਾਰ ਕੈਂਪ ਲਗਾਏ ਜਾਣ, ਸਮਾਜਿਕ ਅਤੇ ਰਾਜਨੀਤਕ ਬੁਰਾਈਆਂ ਖਿਲਾਫ਼ ਫੈਡਰੇਸ਼ਨ ਦੇ ਉਸਾਰੂ ਨਿਸ਼ਾਨੇ ਸੇਧਿਤ ਕੀਤੇ ਜਾਣ ਅਤੇ ਸਿੱਖ ਨੌਜਵਾਨਾਂ ਦੀ ਸਰਬਪੱਖੀ ਸ਼ਖ਼ਸੀਅਤ ਉਸਾਰੀ ਨੂੰ ਮੁੱਖ ਏਜੰਡਾ ਬਣਾਇਆ ਜਾਵੇ ਤਾਂ ਪ੍ਰਤੀਬੱਧ ਅਤੇ ਪੰਥਕ ਸੋਚ ਵਾਲੇ ਨਵੇਂ ਆਗੂ ਪੈਦਾ ਕਰਕੇ ਅਜੋਕੇ ਸਮੇਂ ਵਿਚ ਸਿੱਖ ਸਿਆਸਤ ਨੂੰ ਮੁੜ ਸਿੱਖੀ ਜਾਹੋ-ਜਲਾਲ ਵਾਲੇ ਹਾਲਾਤਾਂ ਵਿਚ ਲਿਜਾਇਆ ਜਾ ਸਕੇਗਾ। ਨਾਲ ਹੀ ਸਿੱਖ ਨੌਜਵਾਨੀ ਨੂੰ ਨੈਤਿਕ ਗਿਰਾਵਟ ਵਿਚੋਂ ਬਚਾਅ ਕੇ ਸਿੱਖੀ ਇਖਲਾਕ ਨੂੰ ਦੁਨੀਆ ਲਈ ਮਿਸਾਲ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਮੌਜੂਦਾ ਸਮੇਂ ਆਲਮੀ ਪੱਧਰ ‘ਤੇ ਸਿੱਖ ਨੌਜਵਾਨਾਂ ਦਾ ਇਕ ਸਾਂਝਾ ਮੰਚ ਤਿਆਰ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਸਮੁੱਚੇ ਸੰਸਾਰ ਵਿਚ ਵਸਦੇ ਸਿੱਖ ਭਾਈਚਾਰੇ ਦੀ ਨਵੀਂ ਪਨੀਰੀ ਨੂੰ ਆਪਣੇ ਮੂਲ ਅਤੇ ਵਿਰਸੇ ਨਾਲ ਜੋੜੀ ਰੱਖਿਆ ਜਾ ਸਕੇ।