ਪਰਮਿੰਦਰ ਸਿੰਘ ਬਰਿਆਣਾ
ਦਾ ਐਡੀਟਰ ਨਿਊਜ਼,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਜਲੰਧਰ ਵਿੱਚ ਇੱਕ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਲੈ ਕੇ ਇਸ਼ਾਰਾ ਕੀਤਾ ਕਿ ਆਉਂਦੇ ਕੁਝ ਦਿਨਾਂ ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਬਾਡੀਆਂ ਲਗਾਉਣ ਦੇ ਮਾਮਲੇ ਵਿੱਚ ਰਾਜਾ ਵੜਿੰਗ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ,ਦਰਅਸਲ ਪਿਛਲੇ ਕੁਝ ਦਿਨਾਂ ਤੋਂ ਰਾਜਾ ਵੜਿੰਗ, ਮੁੱਖ ਮੰਤਰੀ ਭਗਵੰਤ ਮਾਨ ਤੇ ਇਹ ਦੋਸ਼ ਲਗਾ ਰਹੇ ਹਨ ਕਿ ਉਹ ਪੰਜਾਬ ਵਿਚ ਰਾਜਸਥਾਨ ਅਤੇ ਹਰਿਆਣਾ ਦੇ ਲੋਕਾਂ ਨੂੰ ਨੌਕਰੀਆਂ ਦੇ ਰਹੇ ਹਨ। ਇਸ ਸਬੰਧ ਵਿੱਚ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਤਕ ਕਹਿ ਦਿੱਤਾ ਕੇ ਤੁਸੀਂ ਰਾਜਸਥਾਨ ਜਾ ਕੇ ਬੱਸਾਂ ਦੀਆਂ ਬਾਡੀਆਂ ਲਵਾ ਸਕਦੇ ਹੋ ਅਤੇ ਤੁਸੀਂ ਥੋੜੇ ਦਿਨ ਇੰਤਜਾਰ ਕਰੋ ਤੁਹਾਨੂੰ ਵੱਡੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਹ ਵੀ ਕਿਹਾ ਕਿ ਕਈ ਬਾਹਰੀ ਸੂਬਿਆਂ ਤੋਂ ਪੰਜਾਬ ਵਿੱਚ ਬੱਸਾਂ ਦੀਆਂ ਬਾਡੀਆਂ ਲਗਾਉਣ ਆਉਂਦੇ ਹਨ ਤੇ ਤੁਸੀਂ ਬਾਹਰ ਜਾ ਕੇ ਲਗਾ ਰਹੇ ਹੋ। ਸੰਨ 2021 ਵਿਚ ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਤਖਤਾ ਪਲਟ ਕੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਸ ਸਮੇਂ ਪੰਜਾਬ ਦਾ ਟਰਾਂਸਪੋਰਟ ਵਿਭਾਗ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਤਾ ਗਿਆ ਸੀ ਅਤੇ ਉਹਨਾਂ ਦੇ ਕਾਰਜਕਾਲ ਦੌਰਾਨ ਰੋਡਵੇਜ ਲਈ ਬੱਸਾਂ ਦੀਆਂ ਚੈਕਸੀਆਂ ਖਰੀਦੀਆਂ ਗਈਆਂ ਅਤੇ ਉਹਨਾਂ ਨੂੰ ਬਾਡੀਆਂ ਲਗਾਈਆਂ ਗਈਆਂ ਅਤੇ ਰਾਜਾ ਵੜਿੰਗ ਦੇ ਕਾਰਜਕਾਲ ਦੌਰਾਨ ਸੈਂਕੜੇ ਦੀ ਗਿਣਤੀਆਂ ਵਿਚ ਰੂਟ ਪਰਮਿਟ ਵੀ ਦਿੱਤੇ ਗਏ ਸਨ।
ਕਈ ਕਰੋੜਾਂ ਦੇ ਘਪਲੇ ਦੀ ਬੂ
ਪੰਜਾਬ ਵਿਜੀਲੈਂਸ ਬਿਊਰੋ ਅਤੇ ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਕ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਸਨ ਤਾਂ ਉਨ੍ਹਾਂ ਦੇ ਕਾਰਜਕਾਲ ਦੌਰਾਨ 841 ਬੱਸਾਂ ਦੀਆਂ ਚੈਸੀਆਂ ਖਰੀਦੀਆਂ ਗਈਆਂ ਸਨ, ਪਤਾ ਲੱਗਾ ਹੈ ਕਿ ਇੱਕ ਚੈਸੀ ਦੀ ਕੀਮਤ ਕਰੀਬ 26 ਲੱਖ ਰੁਪਏ ਸੀ। ਸੂਤਰਾਂ ਦੇ ਮੁਤਾਬਕ ਸਭ ਤੋਂ ਪਹਿਲਾਂ ਇਹਨਾਂ ਚੈਸੀਆਂ ਦੇ ਖਰੀਦਣ ਵਿੱਚ ਹੀ ਕਮਿਸ਼ਨ ਦੀ ਵੱਡੀ ਖੇਡ ਖੇਡੀ ਗਈ। ਆਮ ਤੌਰ ਤੇ ਕਿਸੇ ਵੀ ਕੰਪਨੀ ਤੋਂ ਵੱਡੇ ਪੱਧਰ ਤੇ ਕੋਈ ਵੀ ਚੀਜ਼ ਖਰੀਦੀ ਜਾਂਦੀ ਹੈ ਤਾਂ ਹਰ ਕੰਪਨੀ ਵੱਡਾ ਡਿਸਕਾਉਂਟ ਦਿੰਦੀ ਹੈ, ਜਦ ਕਿ ਜਿਹੜੀਆਂ 841 ਚੈਸੀਆਂ ਖਰੀਦੀਆਂ ਗਈਆਂ ਉਹ ਫੁੱਲ ਰੇਟ ਤੇ ਖਰੀਦੀਆਂ ਗਈਆਂ। ਜੇਕਰ ਸੂਤਰਾਂ ਦੀ ਮੰਨੇ ਤਾਂ ਇਕ ਚੈਸੀ ਦੇ ਪਿੱਛੇ 2 ਲੱਖ ਤੋਂ ਲੈ ਕੇ 4 ਲੱਖ ਰੁਪਏ ਤੱਕ ਦਾ ਕਮਿਸ਼ਨ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 841 ਬੱਸਾਂ ਨੂੰ ਚੈਸੀਆਂ ਲਗਾਉਣ ਦਾ ਠੇਕਾ ਰਾਜਸਥਾਨ ਦੇ ਜੈਪੁਰ ਦੀ ਕੰਪਨੀ ਬੀ ਐਮ ਐਮ ਐਸ ਨੂੰ 11.98 ਲੱਖ ਰੁਪਏ ਪ੍ਰਤੀ ਚੈਸੀ ਦੇ ਹਿਸਾਬ ਨਾਲ ਦਿੱਤਾ ਗਿਆ ਜਦ ਕਿ ਪੰਜਾਬ ਦੀਆਂ ਕਈ ਬਾਡੀ ਲਗਾਉਣ ਦੀਆਂ ਕੰਪਨੀਆਂ ਰਾਜਸਥਾਨ ਦੀ ਇਸ ਕੰਪਨੀ ਨਾਲੋਂ ਕਈ ਗੁਣਾਂ ਘੱਟ ਰੇਟ ਲਗਾਉਣ ਤਿਆਰ ਸਨ, ਪਰ ਟੈਂਡਰ ਦੀਆਂ ਸ਼ਰਤਾਂ ਇਸ ਤਰੀਕੇ ਨਾਲ ਰੱਖੀਆਂ ਗਈਆਂ ਸਨ ਕਿ ਉਹ ਨੀਲਾਮੀ ਦੇ ਵਿੱਚ ਹਿਸਾ ਹੀ ਨਹੀਂ ਲੈ ਸਕੀਆਂ। ਜਦ ਕਿ ਪੰਜਾਬ ਦੀਆਂ ਇਹ ਕੰਪਨੀਆਂ ਕਰੀਬ 7 ਲੱਖ ਰੁਪਏ ਤੋਂ ਲੈ ਕੇ 8 ਲੱਖ ਰੁਪਏ ਵਿਚਕਾਰ ਟੈਂਡਰ ਦੇਣ ਨੂੰ ਤਿਆਰ ਸਨ। ਇਕ ਪ੍ਰਾਈਵੇਟ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਆਮ ਤੌਰ ਤੇ 6 ਲੱਖ ਤੋਂ ਲੈ ਕੇ ਸੱਤ ਲੱਖ ਰੁਪਏ ਸੈਮੀਡੀਲੈਕਸ ਚੈਸੀ ਲਗਵਾ ਲਈ ਜਾਂਦੀ। ਜਦ ਕਿ ਇਹ ਵਿਵਾਦਿਤ ਠੇਕਾ ਬਿਲਕੁਲ ਸਧਾਰਨ ਬਾਡੀ ਲਗਾਉਣ ਲਈ 11.98 ਲੱਖ ਰੁਪਏ ਵਿੱਚ ਦੇ ਦਿੱਤਾ ਗਿਆ। ਪਤਾ ਲੱਗਾ ਹੈ ਕਿ ਜਿਸ ਕੁਆਲਿਟੀ ਦੀਆਂ ਇਹਨਾਂ ਬੱਸਾਂ ਨੂੰ ਚੈਸੀਆਂ ਲਗਾਈਆਂ ਗਈਆਂ ਹਨ ਉਸ ਮੁਤਾਬਿਕ 4 ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਕਮਿਸ਼ਨ ਬੱਸਾਂ ਨੂੰ ਬਾਡੀ ਲਗਾਉਣ ਦੇ ਮਾਮਲੇ ਵਿੱਚ ਖਾਧਾ ਗਿਆ। ਦੱਸਿਆ ਜਾ ਰਿਹਾ ਹੈ ਚੈਸੀਆਂ ਦੀ ਖਰੀਦ ਅਤੇ ਬਾਡੀ ਲਗਾਉਣ ਦੇ ਮਾਮਲੇ ਵਿੱਚ 100 ਕਰੋੜ ਰੁਪਏ ਦੇ ਘਪਲੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਰੂਟ ਪਰਮਿਟਾਂ ਵਿੱਚ ਵੀ ਘਪਲੇਬਾਜੀ
ਜਦ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਸਨ ਤਾਂ ਉਸ ਸਮੇਂ ਸੈਂਕੜਿਆਂ ਦੀ ਤਾਦਾਦ ਵਿੱਚ ਰੂਟ ਪਰਮਟ ਵੰਡੇ ਗਏ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜੇ ਰੂਟ ਪਰਮਿਟ ਵੰਡੇ ਗਏ ਹਨ ਉਹਨਾਂ ਵਿੱਚੋਂ ਵੱਡਾ ਹਿੱਸਾ ਆਪਣੇ ਚਹੇਤਿਆਂ ਨੂੰ ਵੰਡ ਦਿੱਤਾ ਗਿਆ ਹੈ ਵਿਜੀਲੈਂਸ ਬਿਊਰੋ ਇਹਨਾਂ ਪਰਮਿਟਾਂ ਨੂੰ ਲੈ ਕੇ ਵੀ ਜਾਂਚ ਕਰ ਰਹੀ ਹੈ।
ਰਾਜੇ ਵਾਲੇ ਬਸਾਂ ਹਿੱਲੀਆਂ ਚੂਲਾਂ
ਟਰਾਂਸਪੋਰਟ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਜਿਹੜੀਆਂ ਬੱਸਾਂ ਦੀਆਂ ਰਾਜਸਥਾਨ ਦੇ ਜੈਪੁਰ ਤੋਂ ਲੱਗ ਕੇ ਆਈਆਂ ਹਨ ਬੱਸਾਂ ਵਿੱਚੋਂ 60 ਫੀਸਦੀ ਬੱਸਾਂ ਦੀਆਂ ਬਾਡੀਆਂ ਦੀ ਹਾਲਤ ਇੱਕ ਸਾਲ ਦੇ ਵਿੱਚ ਹੀ ਖਸਤਾ ਹੋ ਚੁੱਕੀ ਹੈ।ਇੱਥੋਂ ਤੱਕ ਕੇ ਕਈ ਬੱਸਾਂ ਤਾਂ ਖੜ੍ਹ ਚੁਕੀਆਂ ਹਨ। ਇਹਨਾਂ ਬੱਸਾਂ ਦੀਆਂ ਬਾਡੀਆਂ ਲਗਾਉਣ ਵਿੱਚ ਬਹੁਤ ਹੀ ਘਟੀਆ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ,ਜਦ ਕਿ ਪ੍ਰਾਈਵੇਟ ਕੰਪਨੀਆਂ ਇਸ ਤੋਂ ਕਈ ਗੁਣਾਂ ਘੱਟ ਰੇਟ ਵਿੱਚ ਵਧੀਆ ਕੁਆਲਿਟੀ ਵਿਚ ਬੱਸਾਂ ਦੀਆਂ ਬਾਡੀਆਂ ਲਗਾਉਂਦੇ ਹਨ ਜੋ ਕਿ ਕਈ ਕਈ ਸਾਲ ਤੱਕ ਚਲਦੀਆਂ ਹਨ।
ਪੈਰੀਂ ਹੱਥ ਸੀਐਮ ਦੇ ਨਹੀਂ ਬਲਕਿ ਕਿਸੇ ਹੋਰ ਤੇ ਲੱਗੇ ?
ਜਦ ਭਗਵੰਤ ਮਾਨ ਸਰਕਾਰ ਬਣੀ ਸੀ ਤਾਂ ਉਸ ਸਮੇਂ ਤੋਂ ਹੀ ਇਹ ਮਾਮਲਾ ਉੱਠਣਾ ਸ਼ੁਰੂ ਹੋ ਗਿਆ ਸੀ। ਪੰਜਾਬ ਦੇ ਉਸ ਸਮੇਂ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਕਈ ਵਾਰੀ ਇਹ ਸਟੇਟਮੈਂਟ ਦਿੱਤੀਆਂ ਸਨ ਕਿ ਬੱਸਾਂ ਨੂੰ ਬਾਡੀਆਂ ਲਗਾਉਣ ਦੇ ਮਾਮਲੇ ਵਿੱਚ ਵੱਡੀ ਘਪਲੇਬਾਜੀ ਹੋਈ ਹੈ ਅਤੇ ਇਸ ਦੀ ਜਾਂਚ ਚੱਲ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਨੂੰ ਲੈਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਨੂੰ ਵੀ ਕਈ ਸ਼ਿਕਾਇਤਾਂ ਮਿਲੀਆਂ ਸਨ।ਉਹਨਾਂ ਸ਼ਿਕਾਇਤਾਂ ਤੇ ਹੀ ਵਿਜੀਲੈਂਸ ਬਿਊਰੋ ਨੇ ਵੀ ਜਾਂਚ ਆਰੰਭ ਕੀਤੀ ਹੋਈ ਹੈ ਲੇਕਿਨ ਰਾਜਨੀਤਿਕ ਹਲਕਿਆਂ ਵਿੱਚ ਇਸ ਗੱਲ ਦੀ ਚਰਚਾ ਜੋਰਾ ਤੇ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਰ ਸਵੇਰ ਪੈਰੀਂ ਹੱਥ ਲਗਾਏ ਹਨ ਅਤੇ ਜਿਸ ਦੀ ਝਲਕ ਜਲੰਧਰ ਦੀਆਂ ਚੋਣਾਂ ਵਿਚ ਸਾਫ ਤੌਰ ਤੇ ਦੇਖਣ ਨੂੰ ਮਿਲੀ ਜਦ ਰਾਜਾ ਵੜਿੰਗ ਨੇ ਕਾਂਗਰਸ ਦੀ ਬਜਾਏ ਸਰਕਾਰ ਨਾਲ ਮਿਲ ਕੇ ਇਹ ਚੋਣ ਲੜੀ ਸੀ,ਜਿਸ ਦਾ ਨਤੀਜਾ ਇਹ ਹੋਇਆ ਕਿ ਜਲੰਧਰ ਦੀ ਇਹ ਕਾਂਗਰਸ ਦੀ ਪੱਕੀ ਸੀਟ ਹੱਥੋਂ ਖੁੱਸ ਗਈ। ਵਿਰੋਧੀ ਪਾਰਟੀਆਂ ਹੀ ਨਹੀਂ ਬਲਕਿ ਕਾਂਗਰਸ ਪਾਰਟੀ ਅੰਦਰੋਂ ਵੀ ਰਾਜਾ ਵੜਿੰਗ ਦੇ ਖਿਲਾਫ ਸੂਰਾਂ ਉਠਦੀਆਂ ਰਹੀਆਂ ਕੇ ਸਰਕਾਰ ਦੇ ਨਾਲ ਮਿਲੇ ਹੋਏ ਹਨ।ਜਦੋਂ ਵੀ ਕਿਤੇ ਸਰਕਾਰ ਦੇ ਖਿਲਾਫ ਬੋਲਣ ਦਾ ਮੌਕਾ ਆਉਂਦਾ ਸੀ ਰਾਜਾ ਵੜਿੰਗ ਦੀਆਂ ਸੁਰਾਂ ਬਿਲਕੁਲ ਧੀਮੀਆਂ ਹੋ ਜਾਂਦੀਆਂ ਸਨ। ਇਸ ਦੌਰਾਨ ਇਹ ਵੀ ਚਰਚਾ ਜ਼ੋਰਾਂ ਤੇ ਰਹੀ ਕੇ ਰਾਜਾ ਵੜਿੰਗ ਦੀ ਡੀਲ ਦਿੱਲੀ ਦੇ ਇੱਕ ਨੇਤਾ ਨਾਲ ਹੋਈ ਹੈ ਹੁਣ ਮੁੱਖ ਮੰਤਰੀ ਦੇ ਇਸ ਤਾਜ਼ਾ ਬਿਆਨ ਨੇ ਇਸ ਸਾਬਤ ਕਰ ਦਿੱਤਾ ਕੇ ਰਾਜਾ ਵੜਿੰਗ ਨੇ ਉਹਨਾਂ ਦੇ ਨਹੀਂ ਬਲਕਿ ਕਿਸੇ ਹੋਰ ਦੇ ਹੀ ਹੱਥ ਲਗਾਇਆ ਹੋਇਆ ਹੋਵੇਗਾ ?
ਹੋ ਸਕਦਾ ਹੈ ਰਾਜਾ ਵੜਿੰਗ ਦੇ ਖਿਲਾਫ ਦਰਜ ਮਾਮਲਾ
ਸਰਕਾਰ ਦੇ ਬੇਹੱਦ ਕਰੀਬੀ ਸੂਤਰਾਂ ਦੀ ਮੰਨੇ ਤਾਂ ਆਉਂਦੇ ਕੁਝ ਦਿਨਾਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਵਿਜੀਲੈਂਸ ਬਿਊਰੋ ਵੱਡੀ ਕਾਰਵਾਈ ਕਰ ਸਕਦੀ ਹੈ, ਹਾਲਾਂਕਿ ਇਸ ਤੋਂ ਪਹਿਲਾਂ ਇਹ ਚਰਚਾ ਸੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੋਣ ਜਾ ਰਹੇ ਗੱਠਜੋੜ ਕਰਕੇ ਇਹ ਮਾਮਲਾ ਖਟਾਈ ਵਿੱਚ ਪੈ ਸਕਦਾ ਹੈ ਮੁੱਖ ਮੰਤਰੀ ਦੇ ਤਾਜ਼ਾ ਬਿਆਨ ਨੇ ਸਭ ਕੁਝ ਸਪਸ਼ਟ ਕਰ ਦਿੱਤਾ ਹੈ ਇੱਥੇ ਇਹ ਵੀ ਗੱਲ ਜੇਕਰ ਯੋਗ ਹੈ ਰਾਜਾ ਵੜਿੰਗ ਕਾਂਗਰਸ ਅਤੇ ਆਪ ਵਿਚਕਾਰ ਗੱਠਜੋੜ ਨੂੰ ਲੈ ਕੇ ਸਭ ਤੋਂ ਜ਼ਿਆਦਾ ਉਤਸੁਕ ਨਜ਼ਰ ਆ ਰਹੇ ਹਨ ਅਤੇ ਉਹ ਇਸ ਗੱਠਜੋੜ ਦੀ ਸ਼ਰੇਆਮ ਹਮਾਇਤ ਕਰ ਰਹੇ ਹਨ
ਪ੍ਰਧਾਨਗੀ ਤੋਂ ਵੀ ਹੋ ਸਕਦੀ ਹੈ ਛੁੱਟੀ
ਪੰਜਾਬ ਕਾਂਗਰਸ ਆਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਪਾਰਟੀ ਅੰਦਰੋਂ ਵੀ ਬਗਾਵਤੀ ਸੁਰਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੀਨੀਅਰ ਪਾਰਟੀ ਨੇਤਾਵਾਂ ਨੇ ਕਾਂਗਰਸ ਦੀ ਹਾਈ ਕਮਾਂਡ ਦੀ ਸੀਨੀਅਰ ਲੀਡਰਸ਼ਿਪ ਨੂੰ ਕਈ ਵਾਰ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਕਹਿ ਚੁੱਕੇ ਹਨ, ਉਹਨਾਂ ਦਾ ਤਰਕ ਹੈ ਕਿ ਰਾਜਾ ਵੜਿੰਗ ਨੇ ਆਪਣੇ ਖਿਲਾਫ਼ ਕਾਰਵਾਈ ਤੋਂ ਬਚਣ ਲਈ ਪੂਰੀ ਪਾਰਟੀ ਨੂੰ ਹੀ ਸਰਕਾਰ ਨੂੰ ਗਹਿਣੇ ਧਰ ਦਿੱਤਾ ਹੋਇਆ ਹੈ। ਇਹ ਵੀ ਚਰਚਾ ਹੈ ਕਿ ਆਉਂਦੇ ਕੁਝ ਦਿਨਾਂ ਵਿੱਚ ਰਾਜਾ ਵੜਿੰਗ ਦੀ ਪੰਜਾਬ ਪ੍ਰਧਾਨਗੀ ਤੋਂ ਛੁੱਟੀ ਹੋ ਸਕਦੀ ਹੈ ਕਈ ਕਾਂਗਰਸੀ ਨੇਤਾਵਾਂ ਦਾ ਤਰਕ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਰਾਜਾ ਵੜਿੰਗ ਵਿਰੋਧੀ ਪਾਰਟੀਆਂ ਨੂੰ ਚਣੌਤੀ ਦੇਣ ਦੇ ਬਿਲਕੁਲ ਕਾਬਲ ਨਹੀਂ ਹਨ ਜੇਕਰ ਇਸਨੂੰ ਨਹੀਂ ਬਦਲਿਆ ਜਾਂਦਾ ਤਾਂ ਕਾਂਗਰਸ ਪੰਜਾਬ ਵਿਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੀ।
ਰਾਜੇ ਦੀ ਮੁੱਖ ਮੰਤਰੀ ਨੂੰ ਬੜਕ
ਇਸ ਦੌਰਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਇਹ ਗੱਲ ਕਹੀ ਕਿ ਫਾਈਲਾਂ ਵੀ ਤੁਹਾਡੇ ਕੋਲ ਨੇ ਤੇ ਕਾਰਵਾਈ ਵੀ ਤੁਹਾਡੇ ਕੋਲ ਹੈ ਅਤੇ ਤੁਸੀਂ ਜਿੱਦਾਂ ਮਰਜੀ ਮੇਰੇ ‘ਤੇ ਕਾਰਵਾਈ ਕਰ ਸਕਦੇ ਹੋ।
ਹਾਲਾਂਕਿ ਦਿਲਚਪਸ ਗੱਲ ਇਹ ਹੈ ਕਿ ਉਹ ਆਪਣੇ ਇਸ ਬਿਆਨ ‘ਚ ਇਹ ਇਨਕਾਰ ਨਹੀਂ ਕਰ ਸਕੇ ਇਕ ਘਪਲਾ ਹੋਇਆ ਹੈ ਜਾਂ ਨਹੀਂ। ਉਨ੍ਹਾਂ ਨੇ ਇਨ੍ਹਾਂ ਹੀ ਕਿਹਾ ਕਿ ਫਾਈਲਾਂ ਵੀ ਤੁਹਾਡੇ ਕੋਲ ਨੇ ਤੇ ਕਾਰਵਾਈ ਵੀ ਤੁਸੀਂ ਕਰ ਸਕਦੇ ਹੋ।