ਗੁਰਦਾਸਪੁਰ, 10 ਸਤੰਬਰ 2023 – ਗੁਰਦਾਸਪੁਰ ਦੇ ਪਿੰਡ ਬਹਾਦਰਪੁਰ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਨਾਨਗਰ ਦੇ ਪਿੰਡ ਬਹਾਦਰਪੁਰ ਵਾਸੀ ਜਗਜੋਤ ਸਿੰਘ (30) ਵਜੋਂ ਹੋਈ ਹੈ। ਜੋ ਸਾਲ 2017 ਵਿੱਚ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਅਮਰੀਕਾ ਗਿਆ ਸੀ। ਉੱਥੇ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਜਗਜੋਤ ਸਿੰਘ ਨੂੰ 2017 ਵਿਚ ਆਪਣੇ ਸੁਨਹਿਰੀ ਭਵਿੱਖ ਦੇ ਲਈ ਅਮਰੀਕਾ ਭੇਜਿਆ ਸੀ ਜੋ ਉਥੇ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਹ ਨਿਊਯਾਰਕ ਤੋ ਕੈਲੀਫੋਰਨੀਆ ਤੱਕ ਟਰੱਕ ਚਲਾਉਣ ਦਾ ਕੰਮਕਾਰ ਕਰਦਾ ਸੀ ਅਤੇ ਪਿਛਲੇ ਦਿਨੀ ਐਲ.ਏ ਸ਼ਹਿਰ ਵਿਚ 28 ਅਗਸਤ ਨੂੰ ਇਕ ਭਿਆਨਕ ਸੜਕ ਹਾਦਸੇ ਦੌਰਾਨ ਉਹ ਕਾਫੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ ਜਿਸ ਨੂੰ ਐਲ.ਏ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਹੋਇਆ ਸੀ ਪਰ ਉਸਦੀ ਮੌਤ ਹੋ ਗਈ ਹੈ।ਕੱਲ੍ਹ ਉਨ੍ਹਾਂ ਨੂੰ ਇਸ ਮੰਦਭਾਗੀ ਘਟਨਾ ਦੀ ਸੂਚਨਾ ਅਮਰੀਕਾ ਵਿੱਚ ਰਹਿੰਦੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ ਜਗਜੋਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, 2 ਪੁੱਤਰ ਅਤੇ ਪਤਨੀ ਛੱਡ ਗਿਆ ਹੈ। ਉਸ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਸ ਦੇ ਮ੍ਰਿਤਕ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ।