ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——– ਬੀਤੇ ਦਿਨੀਂ ਸਥਾਨਕ ਧੋਬੀ ਘਾਟ ਚੌਂਕ ਨਜ਼ਦੀਕ ਜਿਲ੍ਹੇ ਦੇ ਵੱਡੇ ਭਾਜਪਾ ਆਗੂਆਂ ਨੂੰ ‘ ਸ਼ਬਦੀ ਧੋਬੀ ਪਟਕੇ ’ ਮਾਰਨ ਵਾਲੀ ਗੜ੍ਹਸ਼ੰਕਰ ਤੋਂ ਪਾਰਟੀ ਦੀ ਆਗੂ ਬੀਬੀ ਨਿਮਿਸ਼ਾ ਮਹਿਤਾ ਨੂੰ ਤਿੰਨ ਹੋਰ ਸਾਥੀਆਂ ਸਮੇਤ ਭਾਜਪਾ ਵਿੱਚੋਂ ‘ ਚਿੱਤ ’ ਕਰਕੇ ਪਾਰਟੀ ਹਾਈਕਮਾਂਡ ਨੇ ਗੁੱਟਬਾਜੀ ਨੂੰ ਹਵਾ ਦੇਣ ਵਾਲੇ ਆਗੂਆਂ ਦੀ ‘ ਹਵਾਬਾਜੀ ਟਿਊਬ ’ ਵਿੱਚ ਮੇਖ ਜੜ ਕੇ ਸਖਤ ਸੁਨੇਹਾ ਦੇ ਦਿੱਤਾ ਹੈ। ਭਾਜਪਾ ਦੇ ਜਨਰਲ ਸੈਕਟਰੀ ਜੀਵਨ ਗੁਪਤਾ ਵੱਲੋਂ ਬੀਬੀ ਨਿਮਿਸ਼ਾ ਮਹਿਤਾ, ਦਲਵਿੰਦਰ ਸਿੰਘ ਢਿੱਲੋ, ਕੁਲਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਜੋ ਕਿ ਗੜ੍ਹਸ਼ੰਕਰ ਹਲਕੇ ਨਾਲ ਸਬੰਧਿਤ ਹਨ ਨੂੰ ਪਾਰਟੀ ਵਿੱਚੋ ਕੱਢੇ ਜਾਣ ਪ੍ਰਤੀ ਜੋ ਸੰਦੇਸ਼ ਜਾਰੀ ਕੀਤਾ ਗਿਆ ਹੈ ਉਸਦੀ ਆਤਮਾ ਅਨੁਸਾਰ ਭਵਿੱਖ ਵਿੱਚ ਪਾਰਟੀ ਹਾਈਕਮਾਂਡ ਭਾਜਪਾ ਦੀ ਲੀਹ ਤੋਂ ਉਲਟ ਚੱਲਣ ਵਾਲਿਆਂ ਨੂੰ ਇੱਕ ਦਿਨ ਵੀ ਬਰਦਾਸ਼ਤ ਕਰਨ ਦੇ ਮੂਡ ਵਿੱਚ ਨਹੀਂ ਹੈ।
ਜਿਕਰਯੋਗ ਹੈ ਕਿ ਜਿਸ ਮੀਟਿੰਗ ਵਿੱਚ ਇਹ ਤਮਾਸ਼ਾ ਹੋਇਆ ਸੀ ਉਸ ਵਿੱਚ ਬੀਬੀ ਮਹਿਤਾ ਨੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਲੰਬੇ ਹੱਥੀ ਲਿਆ ਸੀ ਤੇ ਦੋਸ਼ ਲਗਾਇਆ ਸੀ ਕਿ ਖੰਨਾ ਨੇ ਲੰਘੀਆ ਵਿਧਾਨ ਸਭਾ ਚੋਣਾ ਵਿੱਚ ਵਿਰੋਧੀ ਪਾਰਟੀ ਦੇ ਉਮੀਦਵਾਰ ਦਾ ਸਾਥ ਦਿੱਤਾ ਸੀ, ਦੱਸ ਦਈਏ ਕਿ ਅਵਿਨਾਸ਼ ਰਾਏ ਖੰਨਾ 2024 ਦੀਆਂ ਲੋਕ ਸਭਾ ਚੋਣਾ ਦੌਰਾਨ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਤੇ ਇਸ ਪ੍ਰਤੀ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਹਰੀ ਝੰਡੀ ਵੀ ਮਿਲ ਚੁੱਕੀ ਦੱਸੀ ਜਾ ਰਹੀ ਹੈ ਲੇਕਿਨ ਹੁਸ਼ਿਆਰਪੁਰ ਨਾਲ ਸਬੰਧਿਤ ਭਾਜਪਾ ਦੇ ਦੂਸਰੇ ਗੁੱਟ ਦੇ ਆਗੂਆਂ ਨੂੰ ਇਹ ਗੱਲ ਰਾਸ ਨਹੀਂ ਆ ਰਹੀ ਤੇ ਇਸੇ ਕਾਰਨ ਉਨ੍ਹਾਂ ਆਗੂਆਂ ਨੇ ਖੁਦ ਚੁੱਪ ਰਹਿ ਕੇ ਬੀਬੀ ਮਹਿਤਾ ਦੇ ਮੋਢੇ ’ਤੇ ਵਿਰੋਧ ਵਾਲੀ ਸ਼ਬਦੀ ਬੰਦੂਕ ਰੱਖ ਕੇ ਘੋੜਾ ਦੱਬ ਦਿੱਤਾ ਪਰ ਬੰਦੂਕ ਵਿੱਚੋ ਨਿੱਕਲੀ ਇਹ ਰੁੱਖੀ ਜਿਹੀ ਸ਼ਬਦੀ ਗੋਲੀ ਖੰਨੇ ਦੇ ਲੱਗਣ ਦੀ ਥਾਂ ਛੱਤ-ਖੂੰਜਿਆਂ ਵਿੱਚ ਵੱਜ ਕੇ ਉਨ੍ਹਾਂ ਦੀ ਹੀ ਵੱਖੀ ਵਿੱਚ ਜਾ ਵੱਜੀ ਜਿਨ੍ਹਾਂ ਨੇ ਇਸ ਨੂੰ ਚਲਾਇਆ ਸੀ ਤੇ ਨਤੀਜਾ ਸਭ ਦੇ ਸਾਹਮਣੇ ਹੈ।
ਜੂਗਲਾ ਕੋਈ, ਮੋੜੀਆਂ ਕਿਸੇ ਕੋਲ ਤੇ ਧੁਰਾ ਤੀਜਾ ਖਿੱਚੀ ਜਾ ਰਿਹਾ
ਪਿਛਲੇ ਕਈ ਸਾਲਾਂ ਤੋਂ ਹੁਸ਼ਿਆਰਪੁਰ ਅੰਦਰ ਗੁੱਟਬਾਜੀ ਨੇ ਹੀ ਭਾਜਪਾ ਦਾ ਭੱਠਾ ਬਿਠਾਇਆ ਹੋਇਆ ਹੈ, ਪਾਰਟੀ ਦੇ ਸਥਾਨਕ 2-3 ਆਗੂ ਪਾਰਟੀ ਦੇ ਗੱਡੇ ਨੂੰ ਆਪਣੀ-ਆਪਣੀ ਦਿਸ਼ਾ ਵੱਲ ਖਿੱਚ ਰਹੇ ਹਨ ਜਿਸ ਦੇ ਨਤੀਜੇ ਵਜ੍ਹੋਂ ਪਾਰਟੀ ਦੇ ਗੱਡੇ ਦਾ ਮੋਹਰੀ ਹਿੱਸਾ ਜਿਸਨੂੰ ‘ ਜੂਗਲਾ’ ਕਿਹਾ ਜਾਂਦਾ ਉਹ ਇੱਕ ਆਗੂ ਲਈ ਫਿਰਦਾ, ਦੂਜੇ ਕੋਲ ਪਿਛਲੇ ਹਿੱਸੇ ਵਾਲੀਆਂ ਮੋੜੀਆਂ ਹਨ ਤੇ ਤੀਜਾ ਧੁਰੇ ਨੂੰ ਸੜਕਾਂ ’ਤੇ ਖਿੱਚੀ ਫਿਰ ਰਿਹਾ ਹੈ ਤੇ ਇਸਦਾ ਨਤੀਜਾ ਇਹ ਹੈ ਕਿ ਪਾਰਟੀ ਨਾਲ ਦਿਲੋ ਜੁੜੇ ਵਰਕਰਾਂ ਨੂੰ ਇਹ ਹੀ ਨਹੀਂ ਸਮਝ ਆ ਰਹੀ ਕਿ ਉਹ ਗੱਡੇ ਦੇ ਕਿਸ ਹਿੱਸੇ ਤੇ ਕਿਸ ਆਗੂ ਨਾਲ ਚੱਲਣ।
ਪੁਰਾਣੇ ਬਾ-ਇੱਜਤ ਸਟੇਟ ਬਾਡੀ ਵਿੱਚ ਜਾਣਗੇ, ਹੁਸ਼ਿਆਰਪੁਰ ਲਈ ਮਿਲੇਗਾ ਨਵਾਂ ਚੇਹਰਾ
ਭਾਜਪਾ ਹਾਈਕਮਾਨ ਨਾਲ ਜੁੜੇ ਇੱਕ ਸੀਨੀਅਰ ਆਗੂ ਨੇ ਦਾ ਐਡੀਟਰ ਨਾਲ ਗੱਲ ਕਰਦਿਆ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾ ਤੋਂ ਪਹਿਲਾ-ਪਹਿਲਾ ਗੁੱਟਬਾਜੀ ਨੂੰ ਸ਼ਹਿ ਦੇਣ ਵਾਲੇ ਇਨ੍ਹਾਂ ਆਗੂਆਂ ਦੀ ਪਾਰਟੀ ਹਾਈਕਮਾਂਡ ਚੂੜੀ ਟਾਇਟ ਕਰਨ ਜਾ ਰਹੀ ਹੈ ਕਿਉਂਕਿ ਇਨ੍ਹਾਂ ਦੀ ਗੁੱਟਬਾਜੀ ਦੇ ਕਾਰਨ ਹੀ ਭਾਜਪਾ ਨੂੰ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾ ਵਿੱਚ ਹੁਸ਼ਿਆਰਪੁਰ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਸ ਗੱਲ ਦਾ ਵੀ ਖੁਲਾਸਾ ਹੋ ਰਿਹਾ ਹੈ ਕਿ ਪਾਰਟੀ ਹਾਈਕਮਾਂਡ ਪੁਰਾਣੇ ਚਿਹਰਿਆਂ ਨੂੰ ਬਾ-ਇੱਜਤ ਸਟੇਟ ਬਾਡੀ ਵਿੱਚ ਲਿਜਾਣ ਵਾਲੀ ਹੈ ਤੇ ਨਵੇਂ ਚੇਹਰੇ ਨੂੰ ਨਵੀਂ ਊਰਜਾ ਨਾਲ ਹੁਸ਼ਿਆਰਪੁਰ ਵਿੱਚ ਪਾਰਟੀ ਦੇ ਗੱਡੇ ਨੂੰ ਇੱਕ ਦਿਸ਼ਾ ਵੱਲ ਲਿਜਾਣ ਲਈ ਅਖਤਿਆਰ ਦੇਵੇਗੀ।