ਜਲੰਧਰ, 2 ਸਤੰਬਰ 2023 – ਜਲੰਧਰ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਕਿ ਵਿਵਾਦਿਤ ਐਸ ਐਚ ਓ ਨਵਦੀਪ ਸਿੰਘ ਪੁਲਿਸ ਦੀ ਨੱਕ ਹੇਠੋਂ ਰੂਪੋਸ਼ ਹੋ ਗਿਆ ਹੈ। ਦੇਰ ਸ਼ਾਮੀਂ ਰਾਮਾ ਮੰਡੀ ਏਰੀਏ ‘ਚ ਪੈਂਦੇ ਨਵਦੀਪ ਦੇ ਘਰ ਨੂੰ ਕੁੱਝ ਗੁੱਛੇ ‘ਚ ਆਏ ਲੋਕਾਂ ਨੇ ਇਸ ਦਾ ਘਰ ਘੇਰ ਲਿਆ, ਇਸ ਤੋਂ ਪਹਿਲਾਂ ਕਿ ਘਰ ਦਾ ਕੋਈ ਨੁਕਸਾਨ ਹੁੰਦਾ ਪੁਲਿਸ ਮੌਕੇ ‘ਤੇ ਪਹੁੰਚ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਬਿਆਸ ਦਰਿਆ ਵਿੱਚੋਂ ਜਸ਼ਨਪ੍ਰੀਤ ਸੀ ਲਾਸ਼ ਮਿਲਣ ਦਾ ਪਤਾ ਲੱਗਦਿਆਂ ਦੀ ਨਵਦੀਪ ਸਿੰਘ ਰੂਪੋਸ਼ ਹੋ ਗਿਆ, ਹਲਾਂਕਿ ਲਾਸ਼ ਮਿਲਣ ਤੋਂ ਬਾਅਦ ਤੱਕ ਵੀ ਪੁਲਿਸ ਨੇ ਨਵਦੀਪ ਸਿੰਘ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ।
ਜਸ਼ਨਪ੍ਰੀਤ ਦੇ ਪਰਿਵਾਰਕ ਸੂਤਰਾਂ ਅਨੁਸਾਰ ਪਰਿਵਾਰ ਨੇ ਜਸ਼ਨਪ੍ਰੀਤ ਦਾ ਉਸ ਸਮੇਂ ਤੱਕ ਸਸਕਾਰ ਨਹੀਂ ਕਰਨ ਦਾ ਤਹੱਈਆ ਕਰ ਲਿਆ ਹੈ, ਜਦੋਂ ਤੱਕ ਨਵਦੀਪ ਸਿੰਘ ਅਤੇ ਨਾਲ ਉਸ ਦੇ ਸਾਥੀ ਪੁਲਿਸ ਵਾਲਿਆਂ ‘ਤੇ ਪਰਚਾ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਪਤਾ ਲੱਗਾ ਹੈ ਕਿ ਜਸ਼ਨਪ੍ਰੀਤ ਦੀ ਲਾਸ਼ ਨੂੰ ਦਰਿਆ ਚੋਂ ਕੱਢ ਕੇ ਸੁਲਤਾਨਪੁਰ ਲੋਧੀ ਲਿਆਂਦਾ ਗਿਆ ਹੈ, ਜਿੱਥੇ ਉਸ ਦਾ ਪੋਸਟ-ਮਾਰਟਮ ਹੋਵੇਗਾ।
ਬਿਡੰਬਨਾ ਤਾਂ ਇਸ ਗੱਲ ਦੀ ਹੈ ਕਿ ਸਰਕਾਰ ਦੀ ਬੇਰੁਖੀ ਇਸ ਕਦਰ ਹੈ ਕਿ ਪ੍ਰਸ਼ਾਸਨ ਵੱਲੋਂ ਲਾਸ਼ ਕੱਢਣ ਲਈ ਕੋਈ ਕਿਸ਼ਤੀ ਮਹੱਈਆ ਨਹੀਂ ਕਰਵਾਈ ਗਈ, ਪਰ ਪਰਿਵਾਰ ਨੇ ਆਪਣੇ ਪੱਧਰ ‘ਤੇ ਦੋ ਕਿਸ਼ਤੀਆਂ ਦਾ ਇੰਤਜਾਮ ਕਰਕੇ ਕੜੀ ਮਸ਼ੱਕਤ ਤੋਂ ਬਾਅਦ ਲਾਸ਼ ਨੂੰ ਦਰਿਆ ‘ਚੋਂ ਕੱਢ ਕੇ ਲਿਆਂਦਾ, ਕਿਉਂਕਿ ਲਾਸ਼ ਜਿਸ ਝਾੜੀਆਂ ‘ਚ ਫਸੀ ਹੋਈ ਸੀ, ਉਥੇ ਜਾਣ ਲਈ ਦਰਿਆ ਪਾਰ ਕਰਨਾ ਪੈਂਦਾ ਸੀ।
ਇਸ ਪਤਾ ਲੱਗਾ ਹੈ ਕਿ ਲਾਸ਼ ਦੀ ਪਹਿਚਾਣ ਉਸ ਦੇ ਕੜੇ ਅਤੇ ਬੂਟਾਂ ਤੋਂ ਕੀਤੀ ਗਈ ਹੈ ਅਤੇ ਉਹ ਵੀਡੀਓ ਜਸ਼ਨ ਦੀ ਪਤਨੀ ਨੂੰ ਭੇਜ ਗਈ, ਜਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਬੂਟ ਅਤੇ ਕੱਪੜੇ ਜਸ਼ਨਪ੍ਰੀਤ ਦੇ ਹਨ, ਪਰਿਵਾਰ ਨੂੰ ਖਦਸ਼ਾ ਹੈ ਕਿ ਪੁਲਿਸ ਇਸ ਮਾਮਲੇ ਨੂੰ ਦਬਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਨਹੀਂ ਹੋਈ ਕੋਈ ਐਫ ਆਈ ਆਰ, ਸਾਡੇ ਥਾਣੇ ਦੀ ਕਾਰਵਾਈ ਕਾਨੂੰਨੀ – ਐਸ ਐਚ ਓ
ਜਲੰਧਰ ਦਾ ਡਵੀਜਨ ਥਾਣਾ ਨੰ.1 ‘ਚ ਜਿੱਥੇ ਜਸ਼ਨਪ੍ਰੀਤ ਦੇ ਵੱਡੇ ਭਰਾ ਮਾਨਵ ਦੀ ਕੁੱਟਮਾਰ, ਬੇਇੱਜਤੀ ਅਤੇ ਪੱਗ ਲਾਹੁਣ ਦੀ ਘਟਨਾ ਵਾਪਰੀ, ਉਸ ਬਾਰੇ ਮੌਜੂਦਾ ਐਸ ਐਚ ਓ ਸੁਖਦੇਵ ਸਿੰਘ ਨੇ ਕਿਹਾ ਕਿ ਹੁਣ ਤੱਕ ਇਸ ਥਾਣੇ ‘ਚ ਇਸ ਘਟਨਾ ਨਾਲ ਸਬੰਧ ‘ਚ ਕੋਈ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ। ਨਾਲ ਹੀ ਉਨ੍ਹਾਂ ਨੇ ਉਸ ਦਿਨ ਦੀ ਘਟਨਾ ‘ਤੇ ਪਰਦਾ ਪਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਉਸ ਦਿਨ ਜੋ ਘਟਨਾ ਵਾਪਰੀ ਸੀ ਉਸ ਦੀ ਪਹਿਲਾਂ ਹੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ, ਮੌਜੂਦਾ ਐਸ ਐਚ ਓ ਵੱਲੋਂ ਮਾਨਵ ‘ਤੇ 107-151 ਦੀ ਪੁਲਿਸ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ ਅਤੇ ਨਾਲ ਹੀ ਕਿਹਾ ਕਿ ਮਾਨਵ ਨੂੰ ਇੱਥੇ ਕਿਸੇ ਨੇ ਵੀ ਕੁੱਝ ਨਹੀਂ ਕਿਹਾ। ਨਾਲ ਹੀ ਉਨ੍ਹਾਂ ਕਿਹਾ ਕਿ ਨਾ ਹੀ ਉਨ੍ਹਾਂ ਨੂੰ ਕੋਈ ਲਾਸ਼ ਮਿਲਣ ਬਾਰੇ ਕੋਈ ਜਾਣਕਾਰੀ ਹੈ।