ਨਵੀਂ ਦਿੱਲੀ, 1 ਸਤੰਬਰ 2023 – ‘ਵਨ ਨੇਸ਼ਨ, ਵਨ ਇਲੈਕਸ਼ਨ’ ਨੂੰ ਲੈ ਕੇ ਵੱਡਾ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ‘ਚ ਇਕ ਕਮੇਟੀ ਦਾ ਗਠਨ ਕੀਤਾ ਹੈ। ਸਾਬਕਾ ਰਾਸ਼ਟਰਪਤੀ ਦੀ ਅਗਵਾਈ ਵਾਲੀ ਕਮੇਟੀ ਕਾਨੂੰਨ ਦੇ ਸਾਰੇ ਪਹਿਲੂਆਂ ਦੀ ਘੋਖ ਕਰੇਗੀ ਅਤੇ ਇਕ ਰਾਸ਼ਟਰ, ਇਕ ਚੋਣ ਦੀ ਸੰਭਾਵਨਾ ਦੀ ਪੜਚੋਲ ਕਰੇਗੀ। ਕਮੇਟੀ ਲੋਕਾਂ ਦੀ ਰਾਏ ਵੀ ਲਵੇਗੀ।
ਪੈਨਲ ਵਿਚ ਹੋਰ ਕੌਣ-ਕੌਣ ਸ਼ਾਮਲ ਹੋਣਗੇ, ਇਸ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਮੈਂਬਰਾਂ ਬਾਰੇ ਨੋਟੀਫਿਕੇਸ਼ਨ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਵਨ ਨੇਸ਼ਨ, ਵਨ ਇਲੈਕਸ਼ਨ ਦੇ ਵਿਚਾਰ ਦਾ ਮਤਲਬ ਹੈ ਕਿ ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਮੋਦੀ ਸਰਕਾਰ ਨੇ 18 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਸਪੈਸ਼ਲ ਸੈਸ਼ਨ ਬੁਲਾ ਲਿਆ ਹੈ। ਗ੍ਰਹਿ ਵਿਭਾਗ ਦੇ ਸੂਤਰਾਂ ਮੁਤਾਬਿਕ ਮੋਦੀ ਸਰਕਾਰ ਇਸ ਸੈਸ਼ਨ ਦੌਰਾਨ 3 ਬਿੱਲ ਲਿਆ ਰਹੀ ਹੈ ਜਿਨ੍ਹਾਂ ‘ਚ ਸਭ ਤੋਂ ਅਹਿਮ ਬਿੱਲ ‘ਇਕ ਦੇਸ਼-ਇਕ ਚੋਣ’ ਸ਼ਾਮਿਲ ਹੈ। ਦੂਜੇ ਬਿੱਲਾਂ ‘ਚ UCC ਅਤੇ ਔਰਤਾਂ ਦੇ ਰਾਖਵੇਂਕਰਨ ਨੂੰ ਲੈ ਕੇ ਬਿੱਲ ਲਿਆਂਦਾ ਜਾ ਰਿਹਾ ਹੈ। ਜਿਸ ‘ਚ ਵਿਧਾਨ ਸਭਾਵਾਂ, ਲੋਕ ਸਭਾ ਅਤੇ ਰਾਜ ਸਭਾ ‘ਚ ਔਰਤਾਂ ਲਈ ਕੋਟਾ ਨਿਰਧਾਰਤ ਕਰਨ ਬਾਰੇ ਕਾਨੂੰਨ ਬਣਾਇਆ ਜਾਵੇਗਾ।
ਆਗਾਮੀ ਵਿਸ਼ੇਸ਼ ਸੈਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲਾਂ ਵਿੱਚ ਅਜਿਹਾ ਪਹਿਲਾ ਵਿਸ਼ੇਸ਼ ਸੈਸ਼ਨ ਹੋਵੇਗਾ। ਇਸ ਤੋਂ ਪਹਿਲਾਂ 30 ਜੂਨ 2017 ਨੂੰ ਜੀਐਸਟੀ ਲਾਗੂ ਕਰਨ ਲਈ ਅੱਧੀ ਰਾਤ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਵਿਸ਼ੇਸ਼ ਸਾਂਝੀ ਮੀਟਿੰਗ ਸੱਦੀ ਗਈ ਸੀ।
18 ਸਤੰਬਰ ਤੋਂ ਬੁਲਾਇਆ ਗਿਆ, ਇਹ ਪੰਜ ਦਿਨਾਂ ਦਾ ਪਲੈਨਰੀ ਸੈਸ਼ਨ ਹੋਵੇਗਾ, ਜਿਸ ਵਿੱਚ ਪੰਜ ਮੀਟਿੰਗਾਂ ਹੋਣਗੀਆਂ। ਇਸ ਵਿੱਚ ਆਮ ਸੈਸ਼ਨ ਦੀ ਤਰ੍ਹਾਂ ਦੋਵਾਂ ਸਦਨਾਂ (ਲੋਕ ਸਭਾ ਅਤੇ ਰਾਜ ਸਭਾ) ਦੀਆਂ ਵੱਖ-ਵੱਖ ਮੀਟਿੰਗਾਂ ਹੋਣਗੀਆਂ।