ਨਵੀਂ ਦਿੱਲੀ, 31 ਅਗਸਤ 2023 – ਮੋਦੀ ਸਰਕਾਰ ਨੇ 18 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਸਪੈਸ਼ਲ ਸੈਸ਼ਨ ਬੁਲਾ ਲਿਆ ਹੈ। ਗ੍ਰਹਿ ਵਿਭਾਗ ਦੇ ਸੂਤਰਾਂ ਮੁਤਾਬਿਕ ਮੋਦੀ ਸਰਕਾਰ ਇਸ ਸੈਸ਼ਨ ਦੌਰਾਨ 3 ਬਿੱਲ ਲਿਆ ਰਹੀ ਹੈ ਜਿਨ੍ਹਾਂ ‘ਚ ਸਭ ਤੋਂ ਅਹਿਮ ਬਿੱਲ ‘ਇਕ ਦੇਸ਼-ਇਕ ਚੋਣ’ ਸ਼ਾਮਿਲ ਹੈ। ਦੂਜੇ ਬਿੱਲਾਂ ‘ਚ UCC ਅਤੇ ਔਰਤਾਂ ਦੇ ਰਾਖਵੇਂਕਰਨ ਨੂੰ ਲੈ ਕੇ ਬਿੱਲ ਲਿਆਂਦਾ ਜਾ ਰਿਹਾ ਹੈ। ਜਿਸ ‘ਚ ਵਿਧਾਨ ਸਭਾਵਾਂ, ਲੋਕ ਸਭਾ ਅਤੇ ਰਾਜ ਸਭਾ ‘ਚ ਔਰਤਾਂ ਲਈ ਕੋਟਾ ਨਿਰਧਾਰਤ ਕਰਨ ਬਾਰੇ ਕਾਨੂੰਨ ਬਣਾਇਆ ਜਾਵੇਗਾ।
ਸੂਤਰਾਂ ਦੇ ਮੁਤਾਬਿਕ ਅਗਰ ਇਹ ਬਿੱਲ ਨਹੀਂ ਪਾਸ ਹੁੰਦਾ ਤਾਂ ਭਾਜਪਾ ਦਸੰਬਰ ਮਹੀਨੇ ‘ਚ ਹੀ ਪੰਜ ਰਾਜਾਂ ਦੇ ਨਾਲ ਹੀ ਲੋਕ ਸਭਾ ਚੋਣਾਂ ਕਰਵਾ ਸਕਦੀ ਹੈ। ਅਜੇ ਕੁੱਝ ਦਿਨ ਪਹਿਲਾਂ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਖਦਸਾ ਜ਼ਾਹਰ ਕੀਤਾ ਸੀ ਕਿ ਭਾਜਪਾ ਦਸੰਬਰ ‘ਚ ਲੋਕ ਸਭ ਦੀਆਂ ਚੋਣਾਂ ਕਰਵਾ ਸਕਦੀ ਹੈ। ਕਿਉਂਕਿ ਭਾਜਪਾ ਨੇ ਦਸੰਬਰ ਮਹੀਨੇ ਲਈ ਦੇਸ਼ ਦੀਆਂ ਸਾਰੀਆਂ ਹੈਲੀਕਾਪਟਰ ਕੰਪਨੀਆਂ ਤੋਂ ਹੈਲੀਕਾਪਟਰ ਬੁੱਕ ਕਰ ਲਏ ਹਨ।
ਅਜਿਹਾ ਖਦਸ਼ਾ NCP ਲੀਡਰ ਸ਼ਰਦ ਪਵਾਰ ਵੀ ਜ਼ਾਹਰ ਕਰ ਚੁੱਕੇ ਹਨ। ਇਹ ਵੀ ਪਤਾ ਚੱਲਿਆ ਹੈ ਮੋਦੀ ਦਸੰਬਰ ਮਹੀਨੇ ‘ਚ ਪਹਿਲਾਂ ਚੋਣਾਂ ਕਰਵਾਉਣ ਦੇ ਰੌਓ ‘ਚ ਹਨ, ਜਦਿਕ ਦੇਸ਼ ਗ੍ਰਹਿ ਮੰਤਰੀ ਅਮਿਤ ਸਾਹ ਤੈਅ ਸਮੇਂ ‘ਤੇ ਚੋਣਾਂ ਕਰਵਾਉਣ ਦੇ ਹੱਕ ‘ਚ ਹਨ। ਮੋਦੀ ਖੇਮਾ ਇਸ ਪਿੱਛੇ ਇਹ ਤਰਕ ਦੇ ਰਿਹਾ ਹੈ ਕਿ ਜੇਕਰ ਲੋਕ ਸਭਾ ਦੀਆਂ ਚੋਣਾਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਾਲ ਕਰਵਾਈਆਂ ਜਾਨ ਤਾਂ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਰਾਜਾਂ ‘ਚ ਬੀਜੇਪੀ ਲਈ ਜਿਹੜੇ ਲੋਕਲ ਮੁੱਦੇ ਚੁਣੌਤੀ ਬਣੇ ਹੋਏ ਹਨ, ਜੇ ਲੋਕ ਸਭਾ ਚੋਣਾਂ ਹੁੰਦੀਆਂ ਹਨ ਤਾਂ ਲੋਕਲ ਮੁੱਦੇ, ਨੈਸ਼ਨਲ ਪੱਧਰ ਦੇ ਮੁੱਦਿਆਂ ‘ਚ ਦੱਬ ਕੇ ਰਹਿ ਜਾਣਗੇ। ਜੇ ਲੋਕ ਸਭਾ ਚੋਣਾਂ ਤੈਅ ਸਮੇਂ ਅਨੁਸਾਰ 2024 ‘ਚ ਹੁੰਦੀਆਂ ਹਨ ਤਾਂ ਇਨ੍ਹਾਂ ਪੰਜ ਸੂਬਿਆਂ ਦੇ ਨਤੀਜੇ ਭਾਜਪਾ ਲਈ ਘਾਤਕ ਵੀ ਸਿੱਧ ਹੋ ਸਕਦੇ ਹਨ।