ਚੰਡੀਗੜ੍ਹ, 22 ਅਗਸਤ 2023 – ਫਿਲਮ ਗਦਰ-2 ਦੀ ਸਫਲਤਾ ਤੋਂ ਬਾਅਦ ਫਿਲਮ ਐਕਟਰ ਸੰਨੀ ਦਿਓਲ ਨੇ ਇਕ ਵੱਡਾ ਐਲਾਨ ਕੀਤਾ ਹੈ। ਇਹ ਐਲਾਨ ਭਾਜਪਾ ਲਈ ਝਟਕੇ ਵਾਂਗ ਹੈ। ਸੰਨੀ ਦਿਓਲ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਚੋਣ ਨਹੀਂ ਲੜਨਗੇ।
ਇਕ ਮੀਡੀਆ ਚੈਨਲ ‘ਤੇ ਇੰਟਰਵਿਊ ‘ਚ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ‘ਚ ਮਨ ਨਹੀਂ ਲੱਗਦਾ, ਉਹ ਅੱਗੇ ਚੋਣਾਂ ਨਹੀਂ ਲੜਨਗੇ। ਸੰਨੀ ਦਿਓਲ ਨੇ ਕਿਹਾ ਕਿ ਉਹ ਸਿਰਫ ਫਿਲਮਾਂ ‘ਚ ਕੰਮ ਕਰਨਾ ਚਾਹੁੰਦੇ ਹਨ। ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਸੀਟ ਤੋਂ ਆਪਣਾ ਨਵਾਂ ਉਮੀਦਵਾਰ ਖੜ੍ਹਾ ਕਰੇਗੀ।
ਸੰਨੀ ਦਿਓਲ ਨੇ ਕਿਹਾ ਕਿ ਮੈਂ ਐਕਟਿੰਗ ਦੀ ਦੁਨੀਆ ‘ਚ ਜੋ ਮੇਰਾ ਦਿਲ ਚਾਹੁੰਦਾ ਹੈ, ਕਰ ਸਕਦਾ ਹਾਂ। ਪਰ ਜੇ ਮੈਂ ਰਾਜਨੀਤੀ ਵਿਚ ਕੁਝ ਕਰਾਂਗਾ ਅਤੇ ਉਸ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਾਂ, ਤਾਂ ਮੈਂ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਅਜਿਹਾ ਨਹੀਂ ਕਰ ਸਕਦਾ। ਸੰਸਦ ਮੈਂਬਰ ਵਜੋਂ ਸੰਨੀ ਦਿਓਲ ਦੀ ਲੋਕ ਸਭਾ ‘ਚ ਸਿਰਫ 19 ਫੀਸਦੀ ਹਾਜ਼ਰੀ ਹੈ, ਇਸ ਸਬੰਧੀ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਮੈਂ ਸੰਸਦ ‘ਚ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਦੇਸ਼ ਨੂੰ ਚਲਾਉਣ ਵਾਲੇ ਲੋਕ ਇੱਥੇ ਬੈਠੇ ਹਨ, ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਹਨ। ਪਰ ਅਸੀਂ ਇੱਥੇ ਕਿਵੇਂ ਵਿਵਹਾਰ ਕਰਦੇ ਹਾਂ ਜਦੋਂ ਅਸੀਂ ਦੂਜੇ ਲੋਕਾਂ ਨੂੰ ਅਜਿਹਾ ਵਿਵਹਾਰ ਨਾ ਕਰਨ ਲਈ ਕਹਿੰਦੇ ਹਾਂ। ਉਸ ਨੇ ਕਿਹਾ ਕਿ ਜਦੋਂ ਮੈਂ ਇਹ ਦੇਖਦਾ ਹਾਂ ਤਾਂ ਲੱਗਦਾ ਹੈ ਕਿ ਮੈਂ ਅਜਿਹਾ ਨਹੀਂ ਹਾਂ, ਬਿਹਤਰ ਹੈ ਕਿ ਮੈਂ ਕਿਤੇ ਹੋਰ ਚਲਾ ਜਾਵਾਂ। ਨਾਲ ਹੀ ਕਿਹਾ ਕਿ ਮੈਂ ਹੁਣ ਕੋਈ ਚੋਣ ਨਹੀਂ ਲੜਨਾ ਚਾਹੁੰਦਾ।
ਦੱਸ ਦੇਈਏ ਕਿ ਸੰਨੀ ਦਿਓਲ ਇਸ ਸਮੇਂ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਇਹ ਸੀਟ ਭਾਜਪਾ ਲਈ ਬਹੁਤ ਅਹਿਮ ਹੈ। ਵਿਨੋਦ ਖੰਨਾ 1999 ਤੋਂ 2004 ਅਤੇ 2014 ਤੋਂ 2017 ਤੱਕ ਭਾਜਪਾ ਦੀ ਟਿਕਟ ‘ਤੇ ਇਸ ਸੀਟ ਤੋਂ ਮੈਂਬਰ ਵੀ ਰਹੇ ਹਨ। ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਨੇਤਾ ਸੁਨੀਲ ਜਾਖੜ ਇੱਥੇ ਉਪ ਚੋਣ ਜਿੱਤ ਗਏ ਸਨ। ਉਥੇ ਹੀ 2019 ‘ਚ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਫਿਰ ਤੋਂ ਭਾਜਪਾ ਦੇ ਝੋਲੇ ‘ਚ ਪਾ ਦਿੱਤੀ ਸੀ।