ਦਾ ਐਡੀਟਰ ਨਿਊਜ.ਹੁਸ਼ਿਆਰਪੁਰ ———- ਪੰਜਾਬ ਸਰਕਾਰ ਵਿੱਚ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਆਪਣੇ ਜਿਲ੍ਹੇ ਵਿੱਚ ਪੈੈਂਦੀ ਸ਼ਾਮਚੁਰਾਸੀ ਤਹਿਸੀਲ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਬਜੁਰਗ ਮਹਿਲਾ ਵੱਲੋਂ ਬਕਾਇਦਾ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਜਿਸ ਵਿੱਚ ਕਿਹਾ ਗਿਆ ਹੈ ਕਿ ਕੁਝ ਦਿਨ ਪਹਿਲਾ ਜਦੋਂ ਉਹ ਸਬ-ਤਹਿਸੀਲ ਸ਼ਾਮਚੁਰਾਸੀ ਵਿੱਚ ਇੱਕ ਜਮੀਨ ਦੀ ਰਜਿਸਟਰੀ ਕਰਾਉਣ ਗਈ ਤਦ ਉਸ ਤੋਂ 5 ਹਜਾਰ ਰੁਪਏ ਰਿਸ਼ਵਤ ਲਈ ਗਈ।
ਆਪਣੀ ਸ਼ਿਕਾਇਤ ਵਿੱਚ ਰੇਸ਼ਮ ਕੌਰ ਵਾਸੀ ਜਰਬਦੀਵਾਲ ਨੇ ਦੱਸਿਆ ਕਿ ਜਦੋਂ ਉਹ ਸਬ-ਤਹਿਸੀਲ ਵਿਖੇੇ ਸਾਰੇ ਕਾਗਜਾਤ ਲੈ ਕੇ ਰਜਿਸਟਰੀ ਕਰਾਉਣ ਗਈ ਤਦ ਪਹਿਲਾ ਤਾਂ ਦੁਪਹਿਰ 3 ਵਜੇ ਤੱਕ ਉਨ੍ਹਾਂ ਨੂੰ ਐਵੇ ਹੀ ਸਬ-ਤਹਿਸੀਲ ਵਿਚ ਘੁਮਾਈ ਗਏ ਤੇ ਫਿਰ ਜਦੋਂ ਉਨ੍ਹਾਂੰ ਨਾਲ ਗਏ ਨੰਬਰਦਾਰ ਰਛਪਾਲ ਸਿੰਘ ਨੇ ਨਾਇਬ ਤਹਿਸੀਲਦਾਰ ਕਮਲਜੀਤ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਨਾਂ ਕਿਹਾ ਕਿ ਜਿਸ ਤੋਂ ਰਜਿਸਸਟਰੀ ਲਿਖਾਈ ਹੈ ਉਸ ਨੂੰ ਨਾਲ ਲੈ ਕੇ ਆਓ, ਨੰਬਰਦਾਰ ਰਛਪਾਲ ਨੇ ਦੱਸਿਆ ਕਿ ਜਦੋਂ ਵਸੀਕਾਨਵੀਸ ਨੂੰ ਨਾਲ ਲੈ ਕੇ ਨਾਇਬ ਤਹਿਸੀਲਦਾਰ ਦੇ ਦਫਤਰ ਗਏ ਤਾਂ ਬਾਹਰ ਆ ਕੇ ਵਸੀਕਾ ਨਵੀਸ ਨੇ ਦੱਸਿਆ ਕਿ 10 ਹਜਾਰ ਰੁਪਏ ਸਾਹਿਬ ਨੂੰ ਦੇਣੇ ਪੈਣੇ ਹਨ ਫਿਰ ਹੀ ਰਜਿਸਟਰੀ ਹੋਵੇਗੀ।
ਨੰਬਰਦਾਰ ਨੇ ਦੱਸਿਆ ਕਿ ਇਸ ਉਪਰੰਤ ਉਹ ਖੁਦ ਨਾਇਬ ਤਹਿਸੀਲਦਾਰ ਦੇ ਦਫਤਰ ਅੰਦਰ ਗਿਆ ਤੇ ਉਸ ਨੂੰ ਕਿਹਾ ਕਿ ਪਿੰਡ ਦਾ ਜਿਹੜਾ ਵੀ ਵਾਸੀ ਮੈਨੂੰ ਕੰਮ ਕਰਾਉਣ ਲਈ ਨਾਲ ਲਿਆਉਦਾ ਮੈਂ ਤਾਂ ਉਨ੍ਹਾਂ ਤੋਂ ਪਾਣੀ ਤੱਕ ਨਹੀਂ ਪੀਂਦਾ ਤੇ ਤਹਾਨੂੰ ਰਿਸ਼ਵਤ ਕਿਵੇ ਲੈ ਦਿਆ ਪਰ ਉਸ ਦੀ ਸੁਣੀ ਨਹੀਂ ਗਈ, ਨੰਬਰਦਾਰ ਨੇ ਕਿਹਾ ਕਿ ਫਿਰ ਉਸ ਨੂੰ ਬਾਹਰ ਵਸੀਕਾ ਨਵੀਸ ਕੋਲ ਜਾਣ ਲਈ ਕਿਹਾ ਗਿਆ ਜਿੱਥੇ ਆਖਿਰ 5 ਹਜਾਰ ਵਿੱਚ ਗੱਲ ਨਿੱਬੜੀ ਤੇ ਉਪਰੰਤ ਰਜਿਸਟਰੀ ਹੋਈ। ਇਸ ਮਾਮਲੇ ਵਿੱਚ ਨਾਇਬ ਤਹਿਸੀਲਦਾਰ ਕਮਲਜੀਤ ਨੇ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਦੇ ਕਿਸੇ ਮਾਮਲੇ ਦੀ ਜਾਣਕਾਰੀ ਨਹੀਂ । ਇਸ ਸਬੰਧ ਵਿੱਚ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਦਰਜ ਕਰਵਾਏ ਤੇ ਅਸੀ ਜਾਂਚ ਕਰਕੇ ਕਾਰਵਾਈ ਕਰਾਂਗੇ।
ਇੱਕ ਅਫਸਰ ਨੂੰ 2-2 ਤਹਿਸੀਲਾਂ
ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਵਿੱਚ ਕਈ ਇਸ ਤਰ੍ਹਾਂ ਦੀਆਂ ਸਬ-ਤਹਿਸੀਲਾਂ ਹਨ ਜਿਨ੍ਹਾਂ ਵਿੱਚ ਇੱਕ-ਇੱਕ ਅਫਸਰ ਕੋਲ ਦੋ-ਦੋ ਤਹਿਸੀਲਾਂ ਦਾ ਚਾਰਜ ਹੈ, ਕਮਲਜੀਤ ਜੋ ਕਿ ਭੂੰਗਾ ਵਿੱਖੇ ਨਾਇਬ ਤਹਿਸੀਲਦਾਰ ਹਨ ਨੂੰ ਸ਼ਾਮਚੁਰਾਸੀ ਦਾ ਐਡੀਸ਼ਨਲ ਚਾਰਜ ਦਿੱਤਾ ਹੋਇਆ ਹੈ, ਇਸੇ ਤਰ੍ਹਾਂ ਗੜ੍ਹਦੀਵਾਲਾ ਸਬ-ਤਹਿਸੀਲ ਦੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਕੋਲ ਦਸੂਹਾ ਦਾ ਐਡੀਸ਼ਨਲ ਚਾਰਜ ਹੈ, ਮਤਲਬ ਕੇ ਮੰਤਰੀ ਦੇ ਆਪਣੇ ਜਿਲ੍ਹੇ ਵਿੱਚ ਕੰਮ ਚਲਾਊ ਹੋਇਆ ਪਿਆ ਹੈ।