ਅੰਮ੍ਰਿਤਸਰ, 11 ਅਗਸਤ 2023 – ਅੰਮ੍ਰਿਤਸਰ ‘ਚ ਇਕ ਪਿਤਾ ਵੱਲੋਂ ਆਪਣੀ 16 ਸਾਲਾ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦੇ ਹੋਏ ਉਸ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਪਿਓ ਨੇ ਆਪਣੀ ਧੀ ਦੀ ਲਾਸ਼ ਨੂੰ ਆਪਣੇ ਮੋਟਰਸਾਈਕਲ ਨਾਲ ਬੰਨ੍ਹ ਕੇ ਪਿੰਡ ਦੇ ਦੁਆਲੇ ਘਸੀਟਿਆ ਵੀ।ਅਖੀਰ ਲਾਸ਼ ਨੂੰ ਰੇਲਵੇ ਲਾਈਨ ‘ਤੇ ਸੁੱਟ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਪਿਤਾ ਅਜੇ ਫਰਾਰ ਦੱਸਿਆ ਜਾ ਰਿਹਾ ਹੈ।
ਘਟਨਾ ਜ਼ਿਲ੍ਹਾ ਅੰਮ੍ਰਿਤਸਰ ਦੇ ਟਾਂਗਰਾ ਦੇ ਪਿੰਡ ਮੁੱਛਲ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟੀ 2 ਦਿਨਾਂ ਤੋਂ ਘਰੋਂ ਲਾਪਤਾ ਸੀ। ਕਾਫੀ ਭਾਲ ਕਰਨ ‘ਤੇ ਵੀ ਉਹ ਕਿਤੇ ਨਹੀਂ ਮਿਲੀ ਪਰ ਕੱਲ੍ਹ ਦੁਪਹਿਰ ਬਾਅਦ ਅਚਾਨਕ ਘਰ ਪਰਤ ਆਈ ਸੀ। ਇਸ ਤੋਂ ਬਾਅਦ ਗੁੱਸੇ ‘ਚ ਆਏ ਪਿਤਾ ਨੇ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਇਸ ਘਟਨਾ ਨੂੰ ਪਿੰਡ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪਿੰਡ ਵਾਸੀਆਂ ਨੇ ਹੀ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ।