ਦਾ ਐਡੀਟਰ ਨਿਊਜ਼, ਸ਼ਾਹਕੋਟ। ਪੰਜਾਬ ਦਾ ਸ਼ਾਇਦ ਇਹ ਪਹਿਲਾਂ ਮਾਮਲਾ ਹੈ ਕਿ ਕਿਸੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਤੇ ਘਰ ਦੀ ਕੱਢੀ ਹੋਈ ਦੇਸੀ ਲਾਹਣ ਧੜੱਲੇ ਨਾਲ ਵਿਕਰੀ ਹੋ ਰਹੀ ਹੋਵੇ, ਅਜਿਹਾ ਮਾਮਲਾ ਜਲੰਧਰ ਜਿਲ੍ਹੇ ਦੇ ਕਸਬੇ ਸ਼ਾਹਕੋਟ ਦੇ ਨਜ਼ਦੀਕ ਦੇਖਣ ਨੂੰ ਮਿਲਿਆ, ਜਦੋਂ ਪੁਲਿਸ ਨੇ ਇਕ ਠੇਕੇ ਤੇ ਰੇਡ ਮਾਰੀ ਤਾਂ ਉੱਥੇ ਵੱਡੀ ਪੱਧਰ ਤੇ ਦੇਸੀ ਲਾਹਣ ਮਿਲੀ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਹ ਗੁਪਤ ਜਾਣਕਾਰੀ ਮਿਲੀ ਸੀ ਕਿ ਸ਼ਾਹਕੋਟ ਦੇ ਢੰਡੋਵਾਲ ਚੌਂਕ ਵਿਚ ਅੰਗਰੇਜੀ ਸ਼ਰਾਬ ਦੇ ਠੇਕੇ ਤੇ ਘਰ ਦੀ ਕੱਢੀ ਹੋਈ ਦੇਸੀ ਲਾਹਣ ਨੂੰ ਵੱਡੀ ਪੱਧਰ ਤੇ ਵੇਚਿਆ ਜਾ ਰਿਹਾ ਹੈ। ਇਹ ਠੇਕਾ ਮਾਨਵ ਕੁਮਾਰ ਨਾਮ ਦੇ ਠੇਕੇਦਾਰ ਦਾ ਹੈ, ਜਿਸ ਦੇ ਸ਼ਾਹਕੋਟ ਦੇ ਨਾਲ-ਨਾਲ ਮਲਸੀਆਂ ਲੋਹੀਆ ਅਤੇ ਉਗੀ ਪਿੰਡ ਵਿਚ ਸ਼ਰਾਬ ਦੇ ਠੇਕੇ ਹਨ। ਜਦ ਸ਼ਾਹਕੋਟ ਪੁਲਿਸ ਨੇ ਠੇਕੇ ਤੇ ਰੇਡ ਮਾਰੀ ਤਾਂ ਅੰਦਰ ਟਰੱਕਾਂ ਦੇ ਟਾਇਰਾਂ, ਡਰਮਾ ਅਤੇ ਲਫਾਫਿਆਂ ਵਿੱਚ ਹਜ਼ਾਰਾਂ ਲੀਟਰ ਵਿੱਚ ਦੇਸੀ ਲਾਹਣ ਬਰਾਮਦ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੈਰਾਨੀ ਤਾਂ ਇਸ ਗੱਲ ਦੀ ਹੈ ਅਜਿਹਾ ਕਾਰਾ ਐਕਸਾਈਜ਼ ਵਿਭਾਗ ਦੀ ਨੱਕ ਹੇਠ ਸ਼ਰੇਆਮ ਹੋ ਰਿਹਾ ਸੀ। ਇਹ ਗੋਰਖਧੰਧਾ ਪਿਛਲੇ ਕਈ ਮਹੀਨਿਆਂ ਤੋ ਚੱਲ ਰਿਹਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇਸੀ ਲਾਹਣ ਦੀ ਮਹਿਕ ਠੇਕੇ ਦੇ ਆਸ-ਪਾਸ ਦੇ ਏਰੀਏ ਵਿੱਚ ਵੱਡੀ ਪੱਧਰ ਤੇ ਆ ਰਹੀ ਸੀ। ਇਥੇ ਹੀ ਬੱਸ ਨਹੀਂ ਕੇ ਹਰ ਰੋਜ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਇਸ ਠੇਕੇ ਦਾ ਵੀ ਨਰੀਖਣ ਕਰਦੇ ਸਨ। ਪੁਲਿਸ ਨੇ ਹੁਣ ਇਹ ਸਾਰਾ ਮਾਮਲਾ ਐਕਸਾਈਜ਼ ਵਿਭਾਗ ਨੂੰ ਸੌਂਪ ਦਿੱਤਾ ਹੈ ਕਿਉਕਿ ਇਹ ਲਾਹਣ ਠੇਕੇ ਦੇ ਅੰਦਰੋਂ ਬਰਾਮਦ ਹੋਈ ਹੈ।
ਲੁਕੋ ਕੇ ਰੱਖੀ ਹੋਈ ਸੀ : ਈਟੀਓ
ਇਸ ਸਬੰਧੀ ਜਦ ਐਕਸਾਈਜ਼ ਵਿਭਾਗ ਦੇ ਈਟੀਓ ਹਰਜੋਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਦੇਸੀ ਲਾਹਣ ਠੇਕੇ ਪਿਛਲੇ ਪਾਸੇ ਇੱਕ ਬੰਦ ਕਮਰੇ ਦੇ ਵਿਚ ਰੱਖੀ ਗਈ ਸੀ। ਜਦ ਉਨ੍ਹਾਂ ਨੂੰ ਹਰ ਰੋਜ਼ ਦੀ ਚੈਕਿੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆਮ ਤੌਰ ਤੇ ਠੇਕੇ ਨੂੰ ਵੀ ਚੈੱਕ ਕੀਤਾ ਜਾਂਦਾ ਹੈ।ਜਦ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਜਲੰਧਰ ਦੇ ਐਕਸਾਈਜ਼ ਕਮਿਸ਼ਨਰ ਦੇ ਕੋਲ ਭੇਜਿਆ ਜਾ ਰਿਹਾ ਹੈ, ਇਸ ਮਾਮਲੇ ਵਿਚ ਠੇਕੇ ਦਾ ਲਾਇਸੈਂਸ ਕੈਂਸਲ ਜਾਂ ਫਿਰ ਸਸਪੈਂਡ ਕੀਤਾ ਜਾ ਸਕਦਾ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਤਰ੍ਹਾਂ ਦੀ ਲਾਹਣ ਜਿਹੜੀ ਵੇਚਣ ਲਈ ਤਿਆਰ ਕੀਤੀ ਗਈ ਜਾਂਦੀ ਹੈ ਉਸ ਵਿਚ ਵੱਡੀ ਪੱਧਰ ਤੇ ਯੂਰੀਆ ਅਤੇ ਹੋਰ ਕਈ ਤਰ੍ਹਾਂ ਦੇ ਜ਼ਹਿਰੀਲੇ ਕੈਮੀਕਲਾਂ ਪਾਏ ਜਾਂਦੇ ਹਨ। ਇਸ ਤਰ੍ਹਾਂ ਦੀ ਸ਼ਰਾਬ ਪੀ ਕੇ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਗੱਲ ਵਰਨਣਯੋਗ ਹੈ ਕਿ ਪੰਜਾਬ ਵਿੱਚ ਇਹ ਗੱਲ ਆਮ ਪ੍ਰਚੱਲਤ ਹੋ ਚੁੱਕੀ ਹੈ ਕਿ ਠੇਕਿਆਂ ਉਪਰ ਮਿਲਾਵਟੀ ਅਤੇ ਘਟੀਆ ਸ਼ਰਾਬ ਵੀ ਐਕਸਾਈਜ਼ ਵਿਭਾਗ ਦੀ ਮਿਲੀਭੁਗਤ ਨਾਲ ਵੇਚੀ ਜਾ ਰਹੀ ਹੈ।