ਦਾ ਐਡੀਟਰ ਨਿਊਜ. ਚੰਡੀਗੜ੍ਹ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਮੰਗਣੀ ਸਮਾਗਮ ਵਿੱਚ ਜਾਣ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਨੂੰ ਲੈ ਕੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਜਿੱਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਮੋਰਚਾ ਖੋਲਿਆਂ ਹੈ,ਉੱਥੇ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਐਸ.ਜੀ.ਪੀ.ਸੀ.ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖਿਲਾਫ ਵੀ ਕਾਫੀ ਭੜਾਸ ਕੱਢੀ ਹੈ। ਦਾ ਐਡੀਟਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਥੇਦਾਰ ਨੇ ਉਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਪੂਰੀ ਸਿੱਖ ਕੌਮ ਦਾ ਨਿਰਾਦਰ ਕੀਤਾ ਹੈ ਤੇ ਜਥੇਦਾਰ ਨੇ ਸਿੱਖ ਮਰਿਆਦਾ ਨੂੰ ਤਾਰ-ਤਾਰ ਕਰ ਦਿੱਤਾ ਹੈ, ਵਲਟੋਹਾ ਨੇ ਕਿਹਾ ਕਿ ਜਿਸ ਜਗ੍ਹਾਂ ’ਤੇ ਮੀਟ-ਸ਼ਰਾਬ ਅਤੇ ਮਾਸ ਚੱਲ ਰਹੇ ਹੋਣ ਉੱਥੇ ਅਜਿਹੇ ਸਮਾਗਮ ਵਿੱਚ ਜਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾ ਜਥੇਦਾਰ ਹਰਪ੍ਰੀਤ ਸਿੰਘ ਇਨਾਂ ਲੋਕਾਂ ਨੂੰ ਬੁੱਚੜ ਤੱਕ ਸੱਦ ਰਹੇ ਸਨ ਕਿਉਂਕਿ ਇਨਾਂ ਨੇ ਹੀ ਸਿੱਖ ਨੌਜਵਾਨਾਂ ’ਤੇ ਐਨ.ਐਸ.ਏ.ਲਗਾ ਕੇ ਡਿਬਰੂਗੜ ਜੇਲ੍ਹ ਭੇਜਿਆ ਸੀ ਤੇ ਭਗਵੰਤ ਮਾਨ ਇਨ੍ਹਾਂ ਦੀ ਜਥੇਦਾਰੀ ’ਤੇ ਹੀ ਸਵਾਲ ਚੁੱਕ ਰਹੇ ਸਨ ਤੇ ਕਹਿ ਰਹੇ ਸਨ ਕਿ ਜਥੇਦਾਰ ਕੌਮ ਦੇ ਜਥੇਦਾਰ ਨਹੀਂ ਬਲਕਿ ਇੱਕ ਪਰਿਵਾਰ ਦੇ ਜਥੇਦਾਰ ਹਨ, ਭਗਵੰਤ ਮਾਨ ਨੇ ਇੱਥੋ ਤੱਕ ਕਹਿ ਦਿੱਤਾ ਸੀ ਕਿ ਸਿੱਖਾਂ ਨੂੰ ਗੋਲਕ ਵਿੱਚ ਪੈਸੇ ਨਹੀਂ ਪਾਉਣੇ ਚਾਹੀਦੇ ਕਿਉਂਕਿ ਉਨ੍ਹਾਂ ਦੀ ਦੁਰਵਰਤੋ ਹੋ ਰਹੀ ਹੈ ਪਰ ਹੁਣ ਇਨਾਂ ਲੋਕਾਂ ਨਾਲ ਸਾਂਝ ਪਾ ਕੇ ਜਥੇਦਾਰ ਕੀ ਸਾਬਿਤ ਕਰਨਾ ਚਾਹੁੰਦੇ ਹਨ ਇਹ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਜਿਹੜਾ ਉੱਥੇ ਪ੍ਰੋਗਰਾਮ ਵਿੱਚ ਕੀਰਤਨ ਕਰਵਾਇਆ ਗਿਆ ਉਸ ਕੀਰਤਨ ਵਿੱਚ ਵੀ ਮਰਿਆਦਾ ਦੀ ਖਿੱਲੀ ਉੱਡੀ ਹੈ ਕਿਉਕਿ ਰਾਗੀ ਸਿੰਘਾਂ ਦੇ ਸਾਹਮਣੇ ਸੋਫਿਆਂ ’ਤੇ ਬੈਠ ਕੇ ਲੱਤਾ ਲਮਕਾ ਕੇ ਕੀਰਤਨ ਸਰਵਣ ਕੀਤਾ ਗਿਆ, ਇੱਥੇ ਹੀ ਨਹੀਂ ਜਦੋਂ ਜਥੇਦਾਰ ਉਸ ਸਮਾਗਮ ਵਿੱਚ ਪਹੁੰਚੇ ਤਦ ਉਨ੍ਹਾਂ ਦਾ ਕੋਈ ਵਿਸ਼ੇਸ਼ ਸਵਾਗਤ ਵੀ ਨਹੀਂ ਹੋਇਆ ਤੇ ਉਨ੍ਹਾਂ ਦੀ ਗੱਡੀ ਵੀ ਬਾਹਰ ਸੜਕ ’ਤੇ ਲਗਵਾਈ ਗਈ ਜਦੋਂ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਗੱਡੀਆਂ ਸਿੱਧੀਆਂ ਅੰਦਰ ਗਈਆਂ ਹਨ ਤੇ ਅਜਿਹੀ ਹਰਕਤ ਨਾਲ ਸਿੱਖ ਕੌਮ ਦਾ ਸਿਰ ਨੀਵਾਂ ਹੋਇਆ ਹੈ, ਉਨ੍ਹਾਂ ਸਵਾਲ ਕੀਤਾ ਕਿ ਜਿੱਥੇ ਤੱਕ ਰਹੀ ਉਨ੍ਹਾਂ ਨੂੰ ਸੱਦੇ ਦੀ ਗੱਲ ਇਸ ਤਰਾਂ ਤਾਂ ਜਥੇਦਾਰ ਨੂੰ ਕਈ ਸੱਦੇ ਆਉਂਦੇ ਹਨ, ਜਿਨ੍ਹਾਂ ਵਿੱਚ ਸ਼ਹੀਦੀ ਪਰਿਵਾਰਾਂ ਦੇ ਵੀ ਸੱਦਾ ਪੱਤਰ ਹਨ, ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਬਿਮਾਰ ਪਏ ਹਨ ਪਰ ਜਥੇਦਾਰ ਕੋਲ ਉਨ੍ਹਾਂ ਲਈ ਟਾਈਮ ਨਹੀਂ ਹੈ, ਇੱਥੇ ਹੀ ਨਹੀਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਬਰਕਰਾਰ ਹੋਣ ਤੋਂ ਬਾਅਦ ਜਥੇਦਾਰ ਰਾਜੋਆਣਾ ਨੂੰ ਮਿਲਣ ਤੱਕ ਨਹੀਂ ਗਏ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ. ਦਵਿੰਦਰਪਾਲ ਭੁੱਲਰ ਦੀ ਫਾਇਲ ਵੀ ਕੇਜਰੀਵਾਲ ਕੋਈ ਪਈ ਹੈ ਤੇ ਜਥੇਦਾਰ ਇਸ ਮਾਮਲੇ ’ਤੇ ਆਪਣਾ ਪੱਖ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਜਥੇਦਾਰ ਨੇ ਪੰਜਾਬ ਦੇ ਸਾਬਕਾ ਮੰਤਰੀ ਚਰਨਜੀਤ ਚੰਨੀ ਦੇ ਮੁੰਡੇ ਦੇ ਵਿਆਹ ਵਿੱਚ ਸ਼ਾਮਿਲ ਹੋ ਕੇ ਆਨੰਦ ਕਾਰਜ ਵਿੱਚ ਅਰਦਾਸ ਕੀਤੀ ਸੀ ਜਦੋਂ ਕਿ ਜਥੇਦਾਰ ਕਿਸੇ ਵੀ ਪਤਿੱਤ ਵਿਅਕਤੀ ਦੇ ਘਰ ਅਰਦਾਸ ਨਹੀਂ ਕਰ ਸਕਦਾ ਤੇ ਇਸ ਸਬੰਧੀ ਉਹ ਨਿੱਜੀ ਤੌਰ ’ਤੇ ਜਥੇਦਾਰ ਨੂੰ ਅਮਿ੍ਰਤਸਰ ਵਿਖੇ ਮਿਲੇ ਸਨ ਜਿੱਥੇ ਜਥੇਦਾਰ ਨੇ ਇਸ ਮਾਮਲੇ ਵਿੱਚ ਗਲਤੀ ਵੀ ਮੰਨੀ ਸੀ, ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਪੂਰੀ ਕੌਮ ਹੀ ਉਨ੍ਹਾਂ ਦੇ ਪੈਰਾਂ ਵਿੱਚ ਧਰ ਦਿੱਤੀ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਖਿਲਾਫ ਐਨ.ਐਸ.ਏ. ਲਗਾਈ ਹੈ।
ਸੁਖਬੀਰ ਬਾਦਲ ਖਿਲਾਫ ਵੀ ਖੋਲਿਆਂ ਮੋਰਚਾ
ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਐਸ.ਜੀ.ਪੀ.ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ ਤੇ ਕਿਹਾ ਕਿ ਸਪੋਕਸਮੈਨ ਅਦਾਰੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਤੇ ਸੁਖਬੀਰ ਬਾਦਲ , ਹਰਜਿੰਦਰ ਸਿੰਘ ਧਾਮੀ ਤੇ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਪੋਕਸਮੈਨ ਨੂੰ ਇੰਟਰਵਿਊ ਦੇ ਰਹੇ ਹਨ, ਉਨ੍ਹਾਂ ਕਿਹਾ ਕਿ ਮੈਂ ਵੀ ਇਸ ਪਾਪ ਦਾ ਭਾਗੀਦਾਰ ਬਣਿਆ ਸੀ ਤੇ ਫਿਰ ਮੈਂ ਇਸ ਸਬੰਧੀ ਖੁਦ ਨੂੰ ਸਜਾ ਦਿਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਵੀ ਲਿਖੀ ਸੀ।
ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਠਿਆ ਕੁਮੈਂਟਾਂ ਦਾ ਤੂਫਾਨ
ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਪੇਜ ’ਤੇ ਇੱਕ ਪੋਸਟ ਸਾਂਝੀ ਕਰਦਿਆ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਬੰਗਲਾ ਸਾਹਿਬ ਗੁਰਦੁਆਰੇ ਤੋਂ ਕਥਾ ਕਰਨ ਵਾਲੇ ਹਨ ਤੇ ਇਸ ਪੋਸਟ ਦੇ ਪੈਣ ਉਪਰੰਤ ਹੀ ਜਥੇਦਾਰ ਦੇ ਖਿਲਾਫ ਉਨ੍ਹਾਂ ਦੀ ਪੋਸਟ ਉਪਰ ਹੀ ਪੋਸਟਾਂ ਦਾ ਤੂਫ੍ਰਾਨ ਆ ਗਿਆ, ਜਿਸਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੋਕਾਂ ਨੇ ਖੂਬ ਖਰੀਆਂ-ਖਰੀਆਂ ਸੁਣਾਈਆਂ ਤੇ ਕਿਹਾ ਕਿ ਜਥੇਦਾਰ ਨੇ ਪੂਰੀ ਕੌਮ ਦਾ ਨੱਕ ਡੋਬ ਦਿੱਤਾ ਹੈ।
ਜਥੇਦਾਰ ਨੇ ਫੋਨ ਨਹੀਂ ਚੁੱਕਿਆ
ਇਸ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਦਾ ਪੱਖ ਜਾਨਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਆ।