ਦਾ ਐਡੀਟਰ ਨਿਊਜ.ਚੰਡੀਗੜ੍ਹ। ਪੰਜਾਬ ਦੇ ਮੰਤਰੀ ਨਾਲ ਸਬੰਧਿਤ ਅਸ਼ਲੀਲ ਵੀਡੀਓ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਜਾਂਚ ਲਈ ਪੰਜਾਬ ਦੇ ਡੀ.ਜੀ.ਪੀ.ਨੂੰ ਸੌਂਪ ਦਿੱਤੀ ਹੈ ਅਤੇ ਦੋ ਦਿਨ ਵਿੱਚ ਰਿਪੋਰਟ ਮੰਗ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਵਰਨਰ ਨੇ ਇਹ ਵੀਡੀਓ ਬੀਤੇ ਕੱਲ੍ਹ ਹੀ ਡੀ.ਜੀ.ਪੀ. ਪੰਜਾਬ ਨੂੰ ਭੇਜ ਦਿੱਤੀ ਸੀ, ਇਸ ਗੱਲ ਨੂੰ ਲੈ ਕੇ ਇਸ ਮਾਮਲੇ ਨਾਲ ਜੁੜੇ ਲੋਕ ਹੈਰਾਨ ਹਨ ਕਿ ਆਖਿਰਕਾਰ ਇਹ ਵੀਡੀਓ ਪੰਜਾਬ ਪੁਲਿਸ ਨੂੰ ਕਿਉਂ ਭੇਜੀ ਗਈ ਹੈ। ਦੂਜੇ ਪਾਸੇ ਇਹ ਗੱਲ ਵੀ ਨਿੱਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ਨੂੰ ਦਬਾ ਨਹੀਂ ਸਕਦੀ ਅਤੇ ਨਾ ਹੀ ਕੋਈ ਝੂਠੀ ਰਿਪੋਰਟ ਦੇ ਸਕਦੀ ਹੈ ਕਿਉਂਕਿ ਗਵਰਨਰ ਦੇ ਪਾਸ ਇਸ ਵੀਡੀਓ ਦੀ ਪ੍ਰਮਾਣਿਕਤਾ ਨੂੰ ਚੈਕ ਕਰਨ ਲਈ ਹੋਰ ਬਹੁਤ ਸਾਰੇ ਬਦਲ ਮੌਜੂਦ ਹਨ। ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਗਵਰਨਰ ਵੱਲੋਂ ਇਸ ਵਜ੍ਹਾਂ ਕਰਕੇ ਵੀਡੀਓ ਪੰਜਾਬ ਪੁਲਿਸ ਨੂੰ ਭੇਜੀ ਗਈ ਹੈ ਕਿਉਂਕਿ ਜੇਕਰ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਸਹੀ ਰਿਪੋਰਟ ਦਿੰਦੀ ਹੈ ਤਾਂ ਸਰਕਾਰ ਦੇ ਕੋਲ ਇਹ ਮੌਕਾ ਨਹੀਂ ਬਚੇਗਾ ਕਿ ਇਹ ਵੀਡੀਓ ਝੂਠੀ ਜਾਂ ਫਰਜ਼ੀ ਹੈ ਤੇ ਜੇਕਰ ਫਿਰ ਵੀ ਸਰਕਾਰ ਜਾਂ ਆਮ ਆਦਮੀ ਪਾਰਟੀ ਇਸ ਵੀਡੀਓ ਨੂੰ ਝੁਠਲਾਉਦੀ ਹੈ ਤਾਂ ਵਿਰੋਧੀ ਪਾਰਟੀਆਂ ਇਹ ਗੱਲ ਕਹਿਣਗੀਆਂ ਕਿ ਇਸਦੀ ਪ੍ਰਮਾਣਿਕਤਾ ਤੁਹਾਡੇ ਅੰਡਰ ਵਾਲੀ ਪੰਜਾਬ ਪੁਲਿਸ ਨੇ ਹੀ ਸਾਬਿਤ ਕਰਵਾ ਕੇ ਦਿੱਤੀ ਹੈ। ਰਾਜਨੀਤੀ ਨੂੰ ਸਮਝਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਗਵਰਨਰ ਵੱਲੋਂ ਇਹ ਕਦਮ ਬੇਹੱਦ ਸੋਚ ਸਮਝ ਕੇ ਚੁੱਕਿਆ ਗਿਆ ਹੈ ਤਾਂ ਜੋ ਸਰਕਾਰ ਲਈ ਇਸ ਵੀਡੀਓ ਨੂੰ ਝੂਠਾ ਕਹਿਣ ਦੇ ਸਾਰੇ ਦਰਵਾਜੇ ਬੰਦ ਕਰ ਦਿੱਤੇ ਹਨ, ਹਾਲਾਂਕਿ ਸੁਖਪਾਲ ਸਿੰਘ ਖਹਿਰਾ ਇਸ ਮਾਮਲੇ ਵਿੱਚ ਪੂਰੇ ਵਿਸ਼ਵਾਸ਼ ਵਿੱਚ ਦਿਖ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਗੱਲ ਸਾਫ ਹੈ ਕਿ ਇਹ ਵੀਡੀਓ ਬਿਲਕੁਲ ਅਸਲੀ ਹੈ ਤੇ ਉਨ੍ਹਾਂ ਕੋਲ ਇਸ ਵੀਡੀਓ ਨੂੰ ਅਸਲੀ ਸਾਬਿਤ ਕਰਨ ਲਈ ਪੂਰੇ ਸਬੂਤ ਹਨ।
ਮੁੱਖ ਮੰਤਰੀ ਮਾਨ ਨੇ ਲਿਆ ਵੱਡਾ ਸਟੈਂਡ
ਇਸ ਮਾਮਲੇ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪ੍ਰੈੱਸ ਕਾਂਨਫਰੰਸ ਦੌਰਾਨ ਵੀਡੀਓ ਨਾਲ ਸਬੰਧਿਤ ਤੇ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਸਬੰਧਿਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਿਸਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਅਸਤੀਫਾ ਨਹੀਂ ਆਇਆ, ਉਨ੍ਹਾਂ ਨੇ ਕਿਹਾ ਕਿ ਅਸਤੀਫਾ ਦੇਣ ਦਾ ਆਦੀ ਸਿਰਸਾ ਹੈ ਤੇ ਉਨ੍ਹਾਂ ਇਸ ਮਾਮਲੇ ਲਈ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਤੇ ਸੁਖਪਾਲ ਖਹਿਰਾ ਨੂੰ ਲੰਬੇ ਹੱਥੀ ਲਿਆ ਤੇ ਕਿਹਾ ਕਿ ਸਭ ਵਿਰੋਧੀ ਪਾਰਟੀਆਂ ਜਲੰਧਰ ਵਿੱਚ ਹਾਰ ਰਹੀਆਂ ਹਨ ਤੇ ਇਹ ਬੌਖਲਾਹਟ ਦਾ ਨਤੀਜਾ ਹੈ। ਵਰਨਣਯੋਗ ਹੈ ਕਿ ਬੀਤੀ ਰਾਤ ਮਨਜਿੰਦਰ ਸਿਰਸਾ ਨੇ ਇੱਕ ਟਵੀਟ ਕਰਕੇ ਵੀਡੀਓ ਵਿੱਚ ਮੌਜੂਦ ਵਿਅਕਤੀ ਦੇ ਨਾਮ ਤੋਂ ਪਰਦਾ ਚੱਕਦਿਆ ਇਹ ਸਾਫ ਕਰ ਦਿੱਤਾ ਸੀ ਕਿ ਉਸ ਵੀਡੀਓ ਵਿੱਚ ਮੰਤਰੀ ਲਾਲ ਚੰਦ ਕਟਾਰੂ ਚੱਕ ਹਨ ਤੇ ਉਨ੍ਹਾਂ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤਾ ਤੇ ਹੁਣ ਸਾਰਿਆਂ ਦੀ ਨਜਰ ਪੰਜਾਬ ਦੇ ਗਵਰਨਰ ਵੱਲ ਹੈ ਕਿ ਉਹ ਇਸ ਤੋਂ ਅੱਗੇ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੇ ਹਨ।