ਦਾ ਐਡੀਟਰ ਨਿਊਜ਼.ਚੰਡੀਗੜ੍ਹ। ਮੋਗੇ ਜਿਲ੍ਹੇ ਦੇ ਪਿੰਡ ਰੋਡੇ ਵਿੱਚ ਐਤਵਾਰ ਸਵੇਰੇ ਅਮ੍ਰਿਤਪਾਲ
ਦੀ ਗ੍ਰਿਫਤਾਰੀ ਨੂੰ ਲੈ ਕੇ ਹਾਈ ਵੋਲਟੇਜ ਡਰਾਮੇ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ ਜਿਸ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਸਰੰਡਰ ਕਰਾਉਣ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੀ ਅਹਿਮ ਭੂਮਿਕਾ ਸਾਹਮਣੇ ਆ ਰਹੀ ਹੈ, ਹਾਲਾਂਕਿ ਜਥੇਦਾਰ ਰੋਡੇ ਲਗਾਤਾਰ ਇਸ ਤੋਂ ਇਨਕਾਰ ਕਰ ਰਹੇ ਹਨ। ਇਸ ਸਬੰਧੀ ਕਾਊਂਟਰ ਇੰਟੈਲੀਜੈਂਸ ਦੇ ਨਾਲ ਜੁੜੇ ਅਹਿਮ ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਪਾਲ ਸਿੰਘ ਪਿਛਲੇ ਕੁਝ ਦਿਨਾਂ ਤੋਂ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਸੰਪਰਕ ਵਿਚ ਸਨ ਅਤੇ ਕਾਊਂਟਰ ਇੰਟੈਲੀਜੈਂਸ ਦੇ ਵੱਡੇ ਅਫ਼ਸਰ ਵੀ ਜਥੇਦਾਰ ਰੋਡੇ ਦੇ ਸੰਪਰਕ ਵਿਚ ਸਨ ਅਤੇ ਜਥੇਦਾਰ ਰੋਡੇ ਰਾਹੀਂ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਹੋਣ ਲਈ ਮਨਾ ਰਹੇ ਸਨ ਜੋ ਕਿ ਬਾਅਦ ਵਿਚ ਕਾਮਯਾਬ ਹੋ ਗਏ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਇਕੱਲੇ ਜਥੇਦਾਰ ਰੋਡੇ ਦੇ ਹੀ ਸੰਪਰਕ ਵਿੱਚ ਨਹੀਂ ਸਨ ਸਗੋਂ ਉਹ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਦੇ ਸੰਪਰਕ ਵਿੱਚ ਵੀ ਦੱਸੇ ਜਾ ਰਹੇ ਹਨ, ਇੱਥੇ ਹੀ ਨਹੀਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਪ੍ਰੀਤ ਸਿੰਘ ਦੀ ਡਿੰਪਾ ਨਾਲ ਕਾਫੀ ਨੇੜਤਾ ਦੱਸੀ ਜਾ ਰਹੀ ਹੈ ਅਤੇ ਡਿੰਪਾ ਵੀ ਇਸ ਵਿਚ ਅਹਿਮ ਭੂਮਿਕਾ ਨਿਭਾ ਰਹੇ ਸਨ। ਬੀਤੀ ਰਾਤ ਜਦੋਂ ਇਹ ਗੱਲ ਪੱਕੀ ਹੋ ਗਈ ਕੇ ਅੰਮ੍ਰਿਤਪਾਲ ਸਿੰਘ ਸਵੇਰੇ ਰੋਡੇ ਪਿੰਡ ਤੋਂ ਆਪਣੇ ਆਪ ਨੂੰ ਪੁਲਿਸ ਅੱਗੇ ਸਰੰਡਰ ਕਰੇਗਾ ਤਾਂ ਸਵੇਰੇ ਤੜਕਸਾਰ ਜਿਹੜੀ ਟੀਮ ਅੰਮ੍ਰਿਤਪਾਲ ਸਿੰਘ ਨੂੰ ਰੋਡੇ ਪਿੰਡ ਤੋਂ ਗ੍ਰਿਫਤਾਰ ਕਰਨ ਗਈ ਸੀ ਓਸ ਵਿੱਚ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਮਨਦੀਪ ਸਿੰਘ ਗਿੱਲ ਵੀ ਸ਼ਾਮਲ ਸੀ ਹਾਲਾਂਕਿ ਉਹਨਾਂ ਦੀ ਭੂਮਿਕਾ ਬਹੁਤੀ ਨਹੀਂ ਦੱਸੀ ਜਾ ਰਹੀ ਪਰ ਹਰਮਨ ਸਿੰਘ ਗਿੱਲ ਵੀ ਉਥੇ ਮੌਜੂਦ ਸੀ। ਇਸ ਸਬੰਧੀ ਜਾਣਕਾਰੀ ਮਿਲ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੰਪਰਕ ਵਿਚ ਵੀ ਸਨ ਅਤੇ ਉਹ ਵੀ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਹੋਣ ਲਈ ਲਗਾਤਾਰ ਮਨਾ ਰਹੇ ਸਨ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਹੈ ਗਿਆਨੀ ਹਰਪ੍ਰੀਤ ਸਿੰਘ ਜਨਤਕ ਤੌਰ ’ਤੇ ਕਈ ਵਾਰ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਹੋਣ ਲਈ ਕਹਿ ਚੁੱਕੇ ਹਨ, ਹਾਲਾਂਕਿ ਉਹਨਾਂ ਦਾ ਇਸ ਮਾਮਲੇ ਵਿਚ ਪੱਖ ਸਾਹਮਣੇ ਨਹੀਂ ਆ ਰਿਹਾ, ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਸਰੰਡਰ ਕਰਨ ਲਈ ਉਸ ਦਿਨ ਆਪਣਾ ਮਨ ਬਣਾ ਲਿਆ ਸੀ ਜਿਸ ਦਿਨ ਉਨ੍ਹਾਂ ਦੀ ਧਰਮ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਪੁੱਛਗਿਛ ਕਰਕੇ ਵਾਪਸ ਮੋੜ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਇੰਗਲੈਂਡ ਨਹੀਂ ਜਾਣ ਦਿੱਤਾ ਗਿਆ ਸੀ, ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਤਿੰਨ-ਚਾਰ ਦਿਨ ਤੋਂ ਅੰਮ੍ਰਿਤਪਾਲ ਸਿੰਘ ਨੇ ਬਾਕੀਆਂ ਨਾਲੋਂ ਸੰਪਰਕ ਤੋੜ ਕੇ ਜਥੇਦਾਰ ਨਾਲ ਸੰਪਰਕ ਬਣਾਇਆ ਹੋਇਆ ਸੀ ਅਤੇ ਕਾਊਂਟਰ ਇੰਟੈਲੀਜੈਂਸ ਜਥੇਦਾਰ ਰੋਡੇ ਰਾਹੀਂ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਹੋਣ ਲਈ ਮਨਾ ਰਹੀ ਸੀ। ਅੰਮ੍ਰਿਤਪਾਲ ਸਿੰਘ ਨੇ ਬਾਕੀਆਂ ਨੂੰ ਛੱਡ ਕੇ ਜਥੇਦਾਰ ਰੋਡੇ ਰਾਹੀ ਇਸ ਗੱਲ ਕਰਕੇ ਪੇਸ਼ ਹੋਣ ਲਈ ਮਨ ਬਣਾ ਲਿਆ ਕਿਉਂਕਿ ਉਹਨਾਂ ਦਾ ਰੋਡੇ ਪਿੰਡ ਪੇਸ਼ ਹੋਣਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਜੋੜ ਕੇ ਰੱਖਣਾ ਵੀ ਅਹਿਮ ਸੀ, ਇੱਥੇ ਹੀ ਨਹੀਂ ਰੋਡੇ ਪਿੰਡ ਇਸ ਗੱਲ ਕਰਕੇ ਵੀ ਅਹਿਮ ਸੀ ਕਿਉਂਕਿ ਉਨ੍ਹਾਂ ਦੀ ਦਸਤਾਰਬੰਦੀ ਇਸ ਪਿੰਡ ਵਿਚ ਹੀ ਹੋਈ ਸੀ ਅਤੇ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵੀ ਪਿੰਡ ਰੋਡੇ ਵਿੱਚ ਹੀ ਬਣੇ ਸਨ।
ਉਨ੍ਹਾਂ ਦੀ ਭੂਮਿਕਾ ਨਹੀਂ ਪਰ ਆਈ. ਜੀ. ਝੂਠ ਬੋਲ ਰਹੇ ਹਨ-ਰੋਡੇ
ਇਸ ਸਬੰਧੀ ਜਦੋਂ ਜਸਬੀਰ ਸਿੰਘ ਰੋਡੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਇਸ ਭੂਮਿਕਾ ਤੋਂ ਸਾਫ ਮਨ੍ਹਾ ਕਰ ਦਿੱਤਾ, ਉਨ੍ਹਾਂ ਕਿਹਾ ਕਿ ਉਹਨਾਂ ਨੂੰ ਤਾਂ ਸਵੇਰੇ ਹੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਸੀ, ਉਹਨਾਂ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਸਰੰਡਰ ਕੀਤਾ। ਉਹਨਾਂ ਨੇ ਡੀਜੀਪੀ ਪੰਜਾਬ ਨੂੰ ਸਵਾਲ ਕਰਦਿਆਂ ਕਿਹਾ ਕਿ ਇੰਨਾ ਵੱਡਾ ਝੂਠ ਉਨ੍ਹਾਂ ਨੇ ਆਈ.ਜੀ. ਸੁਖਚੈਨ ਸਿੰਘ ਗਿੱਲ ਪਾਸੋਂ ਕਿਉਂ ਬੁਲਵਾਇਆ ਹੈ ਅਤੇ ਉਹਨਾਂ ਨੂੰ ਆਪ ਅੱਗੇ ਆ ਕੇ ਸਾਰਿਆਂ ਦੇ ਅੱਗੇ ਸੱਚ ਰੱਖਣਾ ਚਾਹੀਦਾ ਸੀ, ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਉਨ੍ਹਾਂ ਨੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਬਣਾਈ ਸੀ, ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਅੱਜ 23 ਅਪ੍ਰੈਲ ਨੂੰ ਪੇਸ਼ ਹੋਣ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਨੌਜਵਾਨਾਂ ’ਤੇ ਨਜਾਇਜ ਤਸ਼ੱਦਦ ਨੂੰ ਰੋਕਿਆ ਜਾ ਸਕੇ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਝੂਠੇ ਕੇਸ ਬਣਾਏ ਗਏ ਹਨ ਜਦੋਂ ਕਿ ਉਹ ਲਗਾਤਾਰ ਨਸ਼ਿਆਂ ਦੇ ਖਿਲਾਫ ਬੋਲ ਰਹੇ ਸਨ ਅਤੇ ਲਗਾਤਾਰ ਅਮ੍ਰਿਤ ਸੰਚਾਰ ਕਰਵਾ ਰਹੇ ਸਨ।