ਦਾ ਐਡੀਟਰ ਨਿਊਜ, ਹੁਸ਼ਿਆਰਪੁਰ। ਇਨ੍ਹੀਂ ਦਿਨੀਂ ਹੁਸ਼ਿਆਰਪੁਰ ਲੋਕ ਸਭਾ ਸੀਟ ਦੀ ਟਿਕਟ ਦੇ ਦੋ ਵੱਡੇ ਦਾਅਵੇਦਾਰ ਭਾਜਪਾ ਆਗੂਆਂ ਦਰਮਿਆਨ ਸੜਕਾਂ ਨੂੰ ਲੈ ਕੇ ਕਰੈਡਿਟ ਵਾਰ ਭਖੀ ਹੋਈ ਹੈ, ਇਨ੍ਹਾਂ ਦਾਅਵੇਦਾਰਾਂ ਵਿੱਚ ਮੌਜੂਦਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਅਤੇ ਦੂਸਰੇ ਹੁਸ਼ਿਆਰਪੁਰ ਤੋਂ ਪਹਿਲਾ ਰਹੇ ਲੋਕ ਸਭਾ ਮੈਂਬਰ ਅਤੇ ਐੱਸ.ਸੀ.ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਵਿਜੇ ਸਾਂਪਲਾ ਹਨ। ਹਾਲੇ ਦੋ ਦਿਨ ਪਹਿਲਾ ਹੀ ਵਿਜੇ ਸਾਂਪਲਾ ਨੇ ਇੱਕ ਪ੍ਰੈੱਸ ਕਾਂਨਫਰੰਸ ਕਰਕੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਉਹ ਹੁਸ਼ਿਆਰਪੁਰ-ਜਲੰਧਰ ਰੋਡ ਨੂੰ ਦੁਬਾਰਾ ਬਣਾਉਣ ਅਤੇ ਮੌਜੂਦਾ ਠੇਕੇਦਾਰ ਨੂੰ ਬਲੈਕ ਲਿਸਟ ਕਰਵਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸਨ, ਹਾਲੇ ਵਿਜੇ ਸਾਂਪਲਾ ਦੀ ਖਬਰ ਇੰਟਰਨੈੱਟ ’ਤੇ ਟਰੋਲ ਹੀ ਹੋ ਰਹੀ ਸੀ ਤੇ ਅੱਜ ਸੋਮ ਪ੍ਰਕਾਸ਼ ਨੇ ਇੱਕ ਪ੍ਰੈੱਸ ਰਿਲੀਜ ਜਾਰੀ ਕਰਕੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਤਕਰੀਬਨ 1500 ਕਰੋੜ ਰੁਪਏ ਦੇ ਖਰਚ ਨਾਲ ਬਣਨ ਵਾਲਾ ਹੁਸ਼ਿਆਰਪੁਰ-ਫਗਵਾੜਾ ਫੋਰਲੇਨ ਪ੍ਰੋਜੈਕਟ ਪਾਸ ਕਰਵਾ ਲਿਆ ਹੈ ਹਾਲਾਂਕਿ ਮੀਡੀਆ ਵਿੱਚ ਇਸ ਗੱਲ ਦੀ ਪਹਿਲਾ ਵੀ ਕਈ ਵਾਰੀ ਚਰਚਾ ਹੋ ਚੁੱਕੀ ਹੈ ਕਿ ਹੁਸ਼ਿਆਰਪੁਰ-ਫਗਵਾੜਾ ਰੋਡ ਫੋਰਲੇਨ ਹੋਣ ਜਾ ਰਹੀ ਹੈ ਅਤੇ ਇੱਥੋ ਤੱਕ ਕੇ ਇਸ ਦਾ ਐਲਾਨ ਤਾਂ ਖੁਦ ਨਿਤਿਨ ਗਡਕਰੀ ਕਰ ਚੁੱਕੇ ਹਨ। ਸੋਮ ਪ੍ਰਕਾਸ਼ ਦੀ ਇਹ ਸਟੇਟਮੈਂਟ ਵਿਜੇ ਸਾਂਪਲਾ ਦੀ ਪ੍ਰੈੱਸ ਕਾਂਨਫਰੰਸ ਤੋਂ ਤੁਰੰਤ ਬਾਅਦ ਆਈ ਹੈ, ਹਾਲਾਂਕਿ ਵਿਜੇ ਸਾਂਪਲਾ ਦੇ ਦਾਅਵੇ ਨੂੰ ਮਜਬੂਤੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ ਕਿਉਂਕਿ ਹੁਸ਼ਿਆਰਪੁਰ-ਜਲੰਧਰ ਸੜਕ ਪਿਛਲੇ ਲੰਬੇ ਸਮੇਂ ਤੋਂ ਅੱਧ ਵਿਚਕਾਰ ਲਟਕੀ ਹੋਈ ਹੈ ਜਿਸ ਦੀ ਵਜ੍ਹਾਂ ਨਾਲ ਹੁਸ਼ਿਆਰਪੁਰ-ਜਲੰਧਰ ਰੋਡ ਦੀ ਟ੍ਰੈਫਿਕ ਹਰ ਰੋਜ ਪ੍ਰਭਾਵਿਤ ਹੋ ਰਹੀ ਹੈ, ਅਸਲ ਵਿੱਚ ਇਹ ਪ੍ਰੋਜੈਕਟ ਉਸ ਸਮੇਂ ਖਟਾਈ ਵਿੱਚ ਪੈ ਗਿਆ ਸੀ ਜਦੋਂ ਇਸ ਪ੍ਰੋਜੈਕਟ ਵਿੱਚ 100 ਕਰੋੜ ਰੁਪਏ ਦਾ ਵੱਡਾ ਸਕੈਮ ਹੋ ਗਿਆ ਸੀ, ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਇਸ ਪ੍ਰੋਜੈਕਟ ਨੂੰ ਵਿਜੇ ਸਾਂਪਲਾ ਨੇ ਹੀ ਪਿਛਲੀ ਮੋਦੀ ਸਰਕਾਰ ਦੌਰਾਨ ਪਾਸ ਕਰਵਾਇਆ ਸੀ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਕੋਸ਼ਿਸ਼ ਕਰ ਰਹੇ ਹਨ, ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਸੜਕ ਨੂੰ ਬਣਾਉਣ ਲਈ ਕਈ ਵਾਰ ਲੋਕ ਵਿਰੋਧ ਪ੍ਰਦਰਸ਼ਨ ਕਰ ਚੁੱਕੇ ਹਨ ਅਤੇ ਕਈ ਧਰਨੇ ਵੀ ਲੱਗ ਚੁੱਕੇ ਹਨ। ਹਾਲਾਂਕਿ ਹੁਸ਼ਿਆਰਪੁਰ ਲਈ ਇਹ ਦੋਵੇਂ ਪ੍ਰੋਜੈਕਟ ਹੀ ਬਹੁਤ ਅਹਿਮੀਅਤ ਰੱਖ ਰਹੇ ਹਨ, ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੁਸ਼ਿਆਰਪੁਰ-ਜਲੰਧਰ ਫੋਰਲੇਨ ਪ੍ਰੋਜੈਕਟ ਦੇ ਨਾਲ-ਨਾਲ ਹੁਸ਼ਿਆਰਪੁਰ-ਫਗਵਾੜਾ ਫੋਰਲੇਨ ਨਾਲ ਊਨਾ ਜੁੜ ਰਿਹਾ ਹੈ ਅਤੇ ਜੇਕਰ ਇਹ ਤਿੰਨੋ ਪ੍ਰੋਜੈਕਟ ਸਮੇਂ ਸਿਰ ਨੇਪਰੇ ਚੜ੍ਹ ਜਾਂਦੇ ਹਨ ਤਾਂ ਹੁਸ਼ਿਆਰਪੁਰ ਜਿਲ੍ਹੇ ਲਈ ਤਰੱਕੀ ਦੇ ਕਈ ਵੱਡੇ ਰਾਹ ਖੁੱਲ੍ਹ ਜਾਣਗੇ। ਇਸ ਤੋਂ ਇਲਾਵਾ ਜਦੋਂ ਤੋਂ ਚੰਡੀਗੜ੍ਹ-ਪਠਾਨਕੋਟ ਰੋਡ ਤੋਂ ਪੰਜਾਬ ਸਰਕਾਰ ਨੇ ਟੋਲ ਖਤਮ ਕੀਤਾ ਹੈ ਉਸ ਤੋਂ ਬਾਅਦ ਚੰਡੀਗੜ੍ਹ-ਹੁਸ਼ਿਆਰਪੁਰ-ਪਠਾਨਕੋਟ ਰੋਡ ਨੂੰ ਫੋਰਲੇਨ ਪ੍ਰੋਜੈਕਟ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਕਿਉਂਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਟ੍ਰੈਫਿਕ ਇਸ ਰੋਡ ਤੋਂ ਹੀ ਲੰਘ ਰਿਹਾ ਹੈ। ਇਸ ਤੋਂ ਪਹਿਲਾ ਵਿਜੇ ਸਾਂਪਲਾ ਨੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਹੁਸ਼ਿਆਰਪੁਰ-ਜਲੰਧਰ ਰੋਡ ਜਲਦ ਹੀ ਬਣ ਕੇ ਤਿਆਰ ਹੋ ਜਾਵੇਗਾ।
੍ਰ