ਬਿਮਾਰੀ ਦੇ ਝੰਬੇ ਕਾਂਗਰਸੀ ਮਹਿੰਦਰਾ ਨੂੰ ਵਿਜੀਲੈਂਸ ‘ ਸ਼ੁੱਕਰ’ ਨੂੰ ਦੇਵੇਗੀ ‘ ਦਵਾ ਬੂਟੀ ’
ਯੂਥ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਮੋਹਿਤ ਨੂੰ ਵੀ ਵਿਜੀਲੈਂਸ ਨੇ ਭੇਜੀ ‘ ਮੋਹ ਚਿੱਠੀ ’


ਦਾ ਐਡੀਟਰ ਬਿਊਰੋ,ਚੰਡੀਗੜ੍ਹ । ਪੰਜਾਬ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਪੰਜਾਬ ਵਿਜੀਲੈਂਸ ਬਿਊਰੋ ਦੀ ਘੁਰਕੀ ਤੋਂ ਬਾਅਦ 17 ਮਾਰਚ 2023 ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਅੱਗੇ ਪੇਸ਼ ਹੋਣ ਜਾ ਰਹੇ ਹਨ, ਇਸ ਤੋ ਪਹਿਲਾਂ ਵਿਜੀਲੈਂਸ ਕਈ ਵਾਰ ਬ੍ਰਹਮ ਮਹਿੰਦਰਾ ਨੂੰ ਪੇਸ਼ ਹੋਣ ਲਈ ਸੰਮਨ ਭੇਜਦੀ ਰਹੀ ਹੈ, ਲੇਕਿਨ ਬ੍ਰਹਮ ਮਹਿੰਦਰਾ ਬਿਮਾਰੀ ਦਾ ਬਹਾਨਾ ਲਗਾ ਕੇ ਪੇਸ਼ ਹੋਣ ਤੋਂ ਬੱਚਦੇ ਰਹੇ ਹਨ। ਵਿਜੀਲੈਂਸ ਦੇ ਸੂਤਰਾਂ ਮੁਤਾਬਿਕ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਨੂੰ ਵੀ ਵਿਜੀਲੈਂਸ ਦੇ ਸੰਮਨ ਭੇਜੇ ਹਨ, ਲੇਕਿਨ ਉਹਨਾਂ ਨੇ ਵੀ ਵਿਜੀਲੈਂਸ ਅੱਗੇ ਬਿਮਾਰੀ ਦਾ ਬਹਾਨਾ ਬਣਾਇਆ ਹੈ, ਇਸ ਤੋ ਪਹਿਲਾਂ ਬ੍ਰਹਮ ਮਹਿੰਦਰਾ ਵੀ ਬਿਮਾਰੀ ਦਾ ਬਹਾਨਾ ਲਗਾ ਰਹੇ ਸਨ ਜਿਸ ਵੱਲ ਵੇਖਦੇ ਹੋਏ ਵਿਜੀਲੈਂਸ ਨੇ ਉਨ੍ਹਾਂ ਨੂੰ ਘੁਰਕੀ ਮਾਰਦਿਆਂ ਸਪੱਸ਼ਟ ਕਰ ਦਿੱਤਾ ਸੀ ਜੇਕਰ ਉਹ ਵਿਜੀਲੈਸ ਅੱਗੇ ਪੇਸ਼ ਨਹੀਂ ਹੋਏ ਤਾਂ ਇੱਕ ਤਰਫਾ ਕਾਰਵਾਈ ਕਰ ਦਿੱਤੀ ਜਾਵੇਗੀ। ਵਿਜੀਲੈਂਸ ਦੇ ਸੂਤਰਾਂ ਮੁਤਾਬਿਕ ਮਹਿੰਦਰਾ ਪਰਿਵਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਦੇ ਨਜ਼ਦੀਕ ਵੱਡਾ ਫਾਰਮ ਹਾਊਸ ਬਣਾਇਆ ਹੈ, ਇਸ ਤੋਂ ਇਲਾਵਾ ਇਹਨਾਂ ਨੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਕਈ ਕੰਪਨੀਆਂ ਵੀ ਬਣਾਈਆਂ ਹਨ ਤੇ ਵਿਜੀਲੈਂਸ ਬਿਓਰੋ ਇਹਨਾਂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਦੇ ਕੋਲ ਮਹਿੰਦਰਾ ਪਰਿਵਾਰ ਦੀ ਆਮਦਨ ਤੋਂ ਵੱਧ ਜਾਇਦਾਦ ਸਬੰਧੀ ਕਈ ਵੱਡੇ ਸਬੂਤ ਹੱਥ ਲੱਗ ਗਏ ਹਨ, ਜਿਨ੍ਹਾਂ ਦੇ ਆਧਾਰ ’ਤੇ ਕਾਰਵਾਈ ਅੱਗੇ ਤੋਰੀ ਜਾ ਰਹੀ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਹੈ ਮੋਹਿਤ ਮਹਿੰਦਰਾ ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ ਅਤੇ ਇਸ ਚੋਣ ਵਿੱਚ ਮੋਹਿਤ ਮਹਿੰਦਰਾ ਵੱਲੋਂ ਖਰਚ ਕੀਤੇ ਜਾ ਰਹੇ ਪੈਸਿਆਂ ’ਤੇ ਵੀ ਵਿਜੀਲੈਂਸ ਵੱਲੋਂ ਨਿਗ੍ਹਾ ਰੱਖੀ ਜਾ ਰਹੀ ਹੈ।