ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਸਿੱਖ ਨਗਰ ਕੀਰਤਨ ਦਾ ਨਿਊਜ਼ੀਲੈਂਡ ਵਿੱਚ ਇੱਕ ਵਾਰ ਫਿਰ ਵਿਰੋਧ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ਵਿੱਚ ਸਿੱਖ ਭਾਈਚਾਰੇ ਵੱਲੋਂ ਸਜਾਏ ਗਏ ਨਗਰ ਕੀਰਤਨ ਵਿੱਚ ਸਥਾਨਕ ਮਾਓਰੀ ਸਮੂਹ ਦੇ ਲੋਕਾਂ ਵੱਲੋਂ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਜਦੋਂ ਨਗਰ ਕੀਰਤਨ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਮਾਓਰੀ ਵਿਅਕਤੀਆਂ ਦੇ ਇੱਕ ਸਮੂਹ ਨੇ ਹਾਕਾ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਤੇ ਨਗਰ ਕੀਰਤਨ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਹੱਥਾਂ ‘ਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ਲਿਖਿਆ ਸੀ, ‘ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਅਰੇਬਾਜ਼ੀ ਵੀ ਕੀਤੀ, ਪਰ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਇਹ ਸਮਾਗਮ ਬਿਨਾਂ ਕਿਸੇ ਵੱਡੀ ਅਣਸੁਖਾਵੀਂ ਘਟਨਾ ਦੇ ਸ਼ਾਂਤੀਪੂਰਵਕ ਸੰਪੰਨ ਹੋ ਗਿਆ।

ਉਨ੍ਹਾਂ ਕਿਹਾ ਕਿ, “ਇਹ ਕਿਸਦੀਆਂ ਗਲੀਆਂ ਹਨ ? ਇਹ ਸਾਡੀਆਂ ਗਲੀਆਂ ਹਨ। ਇੱਥੇ ਤਲਵਾਰਾਂ ਅਤੇ ਝੰਡੇ ਇੰਨੀ ਖੁੱਲ੍ਹ ਕੇ ਲਹਿਰਾਉਣ ਦੀ ਇਜਾਜ਼ਤ ਕਿਸਨੇ ਦਿੱਤੀ ? ਅਸੀਂ ਆਪਣੇ ਸੱਭਿਆਚਾਰ ਨੂੰ ਇਸ ਤਰ੍ਹਾਂ ਤਬਾਹ ਨਹੀਂ ਹੋਣ ਦੇਵਾਂਗੇ। ਅਸੀਂ ਕਿਸੇ ਨੂੰ ਵੀ ਆਪਣੇ ਦੇਸ਼ ਦੇ ਸੱਭਿਆਚਾਰ ਨੂੰ ਤਬਾਹ ਕਰਨ ਲਈ ਆਪਣੀਆਂ ਗਲੀਆਂ ਅਤੇ ਗਲੀਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।”
ਇਸ ਦੌਰਾਨ, ਤਾਮਾਕੀ ਦੇ ਹਾਕਾ ਡਾਂਸ ਦੇ ਬਾਵਜੂਦ ਸਿੱਖ ਨੌਜਵਾਨਾਂ ਨੇ ਸ਼ਾਂਤੀਪੂਰਵਕ ਨਗਰ ਕੀਰਤਨ ਕੀਤਾ। ਲਗਭਗ 20 ਦਿਨ ਪਹਿਲਾਂ, ਬ੍ਰਾਇਨ ਤਾਮਾਕੀ ਦੇ ਸਮਰਥਕਾਂ ਨੇ ਦੱਖਣੀ ਆਕਲੈਂਡ ਦੇ ਉਪਨਗਰ ਮੈਨੂਰੇਵਾ ਵਿੱਚ ਵੀ ਹਾਕਾ ਕੀਤਾ। ਇਸ ਦੌਰਾਨ ਨਗਰ ਕੀਰਤਨ ਨੂੰ ਰੋਕਿਆ ਗਿਆ। ਪੁਲਿਸ ਨੇ ਦਖਲ ਦੇ ਕੇ ਹਾਕਾ ਬੰਦ ਕਰਵਾ ਦਿੱਤਾ। ਸਿੱਖਾਂ ਨੇ “ਵਾਹਿਗੁਰੂ ਜੀ ਕਾ ਖਾਲਸਾ” ਅਤੇ “ਸ਼੍ਰੀ ਵਾਹਿਗੁਰੂ ਜੀ ਕੀ ਫਤਹਿ” ਦੇ ਨਾਅਰੇ ਵੀ ਲਗਾਏ ਸੀ ਅਤੇ ਸ਼ਾਂਤੀ ਨਾਲ ਨਗਰ ਕੀਰਤਨ ਪੂਰਾ ਕੀਤਾ ਸੀ।