ਦਾ ਐਡੀਟਰ ਨਿਊਜ਼, ਜੰਮੂ-ਕਸ਼ਮੀਰ ——- ਜੰਮੂ-ਕਸ਼ਮੀਰ ਨੂੰ ਪਹਿਲੀ ਵਾਰ ਵੰਦੇ ਭਾਰਤ ਟ੍ਰੇਨ ਮਿਲਣ ਜਾ ਰਹੀ ਹੈ। ਇਸ ਦਾ ਸ਼ਨੀਵਾਰ ਨੂੰ ਟ੍ਰਾਇਲ ਪੂਰਾ ਹੋਇਆ। ਰੇਲਗੱਡੀ ਸਵੇਰੇ 8 ਵਜੇ ਕਟੜਾ ਤੋਂ ਚੱਲੀ ਅਤੇ ਕਸ਼ਮੀਰ ਦੇ ਆਖਰੀ ਸਟੇਸ਼ਨ ਸ੍ਰੀਨਗਰ ਸਵੇਰੇ 11 ਵਜੇ ਪਹੁੰਚੀ। ਭਾਵ 160 ਕਿਲੋਮੀਟਰ ਦਾ ਸਫ਼ਰ 3 ਘੰਟਿਆਂ ਵਿੱਚ ਪੂਰਾ ਹੋਇਆ।
ਜੰਮੂ-ਕਸ਼ਮੀਰ ਵਿੱਚ ਚੱਲਣ ਵਾਲੀ ਇਸ ਰੇਲਗੱਡੀ ਨੂੰ ਖਾਸ ਤੌਰ ‘ਤੇ ਕਸ਼ਮੀਰ ਦੇ ਮੌਸਮ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਇਹ ਬਰਫ਼ਬਾਰੀ ਵਿੱਚ ਵੀ ਆਸਾਨੀ ਨਾਲ ਚੱਲੇਗੀ।
ਟ੍ਰੇਨ ਵਿੱਚ ਲਗਾਇਆ ਗਿਆ ਹੀਟਿੰਗ ਸਿਸਟਮ ਪਾਣੀ ਦੀਆਂ ਟੈਂਕੀਆਂ ਅਤੇ ਬਾਇਓ-ਟਾਇਲਟਾਂ ਨੂੰ ਜੰਮਣ ਤੋਂ ਬਚਾਏਗਾ। ਡਰਾਈਵਰ ਦੀ ਵਿੰਡਸ਼ੀਲਡ ਅਤੇ ਏਅਰ ਬ੍ਰੇਕ ਜ਼ੀਰੋ ਤਾਪਮਾਨ ਵਿੱਚ ਵੀ ਕੰਮ ਕਰਨਗੇ।
ਪ੍ਰਧਾਨ ਮੰਤਰੀ ਫਰਵਰੀ ਵਿੱਚ ਇਸਦਾ ਉਦਘਾਟਨ ਕਰ ਸਕਦੇ ਹਨ। 11 ਜਨਵਰੀ ਨੂੰ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਸੀ ਕਿ – ਜੰਮੂ-ਸ਼੍ਰੀਨਗਰ ਰੇਲ ਲਿੰਕ ਪ੍ਰੋਜੈਕਟ ਇੱਕ ਸੁਪਨਾ ਸਾਕਾਰ ਹੋਇਆ ਹੈ।
ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵੰਦੇ ਭਾਰਤ ਦੇ ਸ਼ੀਸ਼ੇ ‘ਤੇ ਕਦੇ ਵੀ ਬਰਫ਼ ਨਹੀਂ ਜੰਮ ਸਕਦੀ। ਇਹ ਮਾਈਨਸ 30 ਡਿਗਰੀ ਵਿੱਚ ਵੀ ਤੇਜ਼ ਦੌੜੇਗੀ। ਇਸ ਤੋਂ ਇਲਾਵਾ, ਇਸ ਵਿੱਚ ਹਵਾਈ ਜਹਾਜ਼ ਵਰਗੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ, ਜੋ ਇਸਨੂੰ ਹੋਰ ਵੰਦੇ ਭਾਰਤ ਐਕਸਪ੍ਰੈਸ ਦੇ ਮੁਕਾਬਲੇ ਖਾਸ ਬਣਾਉਂਦੀਆਂ ਹਨ।