ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਯੂਥ ਕਾਂਗਰਸ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਵੱਲੋਂ ਔਰਤਾਂ ਨੂੰ ਮੁਫ਼ਤ ਇਲਾਜ ਅਤੇ 2100 ਰੁਪਏ ਦੇਣ ਦੇ ਐਲਾਨ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾਇਆ ਹੈ।
ਸੂਬਾ ਪ੍ਰਧਾਨ ਅਕਸ਼ੈ ਲਾਕਰਾ ਨੇ ਕਿਹਾ ਕਿ ਅਸੀਂ ਕੇਜਰੀਵਾਲ ਖਿਲਾਫ ਪਾਰਲੀਮੈਂਟ ਪੁਲਿਸ ਸਟੇਸ਼ਨ ‘ਚ ਧੋਖਾਧੜੀ ਅਤੇ ਜਾਅਲਸਾਜ਼ੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਵਿਭਾਗ ਹੀ ਇਨ੍ਹਾਂ ਦੋਵਾਂ ਸਕੀਮਾਂ ਤੋਂ ਇਨਕਾਰ ਕਰ ਰਹੇ ਹਨ ਤਾਂ ‘ਆਪ’ ਅਜਿਹੇ ਦਾਅਵੇ ਕਿਵੇਂ ਕਰ ਸਕਦੀ ਹੈ।
ਦਿੱਲੀ ਸਰਕਾਰ ਦੇ ਦੋ ਵਿਭਾਗਾਂ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਛਾਪ ਕੇ ਕਿਹਾ ਕਿ ਰਾਜ ਵਿੱਚ ਮਹਿਲਾ ਸਨਮਾਨ ਅਤੇ ਸੰਜੀਵਨੀ ਵਰਗੀ ਕੋਈ ਯੋਜਨਾ ਨਹੀਂ ਹੈ। ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾ ਸਨਮਾਨ ਯੋਜਨਾ ਸਬੰਧੀ ਪਹਿਲਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।
ਦੂਜਾ ਇਸ਼ਤਿਹਾਰ ਦਿੱਲੀ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੰਜੀਵਨੀ ਸਕੀਮ ਸਬੰਧੀ ਜਾਰੀ ਕੀਤਾ ਗਿਆ। ਕਿਹਾ ਗਿਆ ਹੈ ਕਿ ਸਰਕਾਰ ਅਜਿਹੀ ਕੋਈ ਯੋਜਨਾ ਨਹੀਂ ਚਲਾ ਰਹੀ ਹੈ। ਲੋਕਾਂ ਨੂੰ ਕਾਰਡ ਬਣਾਉਣ ਦੇ ਨਾਂ ‘ਤੇ ਨਿੱਜੀ ਜਾਣਕਾਰੀ ਨਾ ਦੇਣ ਦੀ ਸਲਾਹ ਦਿੱਤੀ ਗਈ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਦੇ ਐੱਲਜੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ। ਉਥੇ ਹੀ ਸੀਐਮ ਆਤਿਸ਼ੀ ਨੇ ਕਿਹਾ ਕਿ ਉਹ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਕਰਨਗੇ।