– ਅਜ਼ਰਬਾਈਜਾਨ ਤੋਂ ਰੂਸ ਜਾ ਰਿਹਾ ਸੀ; ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਹੋਇਆ ਧਮਾਕਾ
ਦਾ ਐਡੀਟਰ ਨਿਊਜ਼, ਨਵੀਂ ਦਿੱਲੀ —– ਕਜ਼ਾਕਿਸਤਾਨ ਦੇ ਅਕਤਾਉ ਵਿੱਚ ਬੁੱਧਵਾਰ ਦੁਪਹਿਰ ਕਰੀਬ 12:30 ਵਜੇ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸਮਾਚਾਰ ਏਜੰਸੀ ਏਪੀ ਮੁਤਾਬਕ ਇਸ ਹਾਦਸੇ ਵਿਚ 38 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਹਾਦਸੇ ਤੋਂ ਕਰੀਬ 10 ਘੰਟੇ ਬਾਅਦ ਰਾਤ 9:30 ਵਜੇ ਕਜ਼ਾਖ ਦੇ ਉਪ ਪ੍ਰਧਾਨ ਮੰਤਰੀ ਕਨਾਤ ਬੋਜ਼ੁਮਬਾਏਵ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ।
ਜਾਣਕਾਰੀ ਮੁਤਾਬਕ ਜਹਾਜ਼ ‘ਚ 62 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ। ਇਹ ਜਹਾਜ਼ ਅਜ਼ਰਬਾਈਜਾਨ ਤੋਂ ਰੂਸ ਦੇ ਚੇਚਨੀਆ ਸੂਬੇ ਦੀ ਰਾਜਧਾਨੀ ਗਰੋਜ਼ਨੀ ਜਾ ਰਿਹਾ ਸੀ ਪਰ ਕਜ਼ਾਖ ਸ਼ਹਿਰ ਅਕਤਾਊ ਤੋਂ ਕਰੀਬ 3 ਕਿਲੋਮੀਟਰ ਦੂਰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਜਹਾਜ਼ ਕਰੈਸ਼ ਹੋ ਗਿਆ ਅਤੇ ਦੋ ਹਿੱਸਿਆਂ ਵਿੱਚ ਟੁੱਟ ਗਿਆ, ਜਿਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ।
ਏਜੰਸੀਆਂ ਮੁਤਾਬਕ ਸੰਘਣੀ ਧੁੰਦ ਕਾਰਨ ਫਲਾਈਟ ਦਾ ਰੂਟ ਬਦਲਿਆ ਗਿਆ ਸੀ। ਜਹਾਜ਼ ਨੇ ਕਰੈਸ਼ ਹੋਣ ਤੋਂ ਪਹਿਲਾਂ ਹਵਾਈ ਅੱਡੇ ਦੇ ਕਈ ਚੱਕਰ ਲਗਾਏ ਸਨ। ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਵੀ ਮੰਗੀ ਸੀ। ਹਾਲਾਂਕਿ ਬਾਅਦ ‘ਚ ਉਸ ਨੂੰ ਏਅਰਪੋਰਟ ਨੇੜੇ ਬੀਚ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਲਈ ਮਜਬੂਰ ਹੋਣਾ ਪਿਆ।
ਹਾਦਸਾਗ੍ਰਸਤ ਹੋਇਆ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਐਮਬਰੇਅਰ 190 ਮਾਡਲ ਸੀ। ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਦੇ ਅਨੁਸਾਰ, ਕੁੱਲ 52 ਬਚਾਅ ਟੀਮਾਂ ਅਤੇ 11 ਬਚਾਅ ਉਪਕਰਣਾਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਸੀ।