ਦਾ ਐਡੀਟਰ ਨਿਊਜ਼, ਮੁੰਬਈ ——– ਮੇਰੀ ਜੰਗ, ਖਲਨਾਇਕ, ਤਾਲ, ਪਰਦੇਸ ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਸੁਭਾਸ਼ ਘਈ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਈ ਦੀ ਸਿਹਤ ਨੂੰ ਲੈ ਕੇ ਦੋ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਘਈ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਲਕਰ ਨੇ ਦੱਸਿਆ ਕਿ ਘਈ ਦੀ ਯਾਦਦਾਸ਼ਤ ਖਤਮ ਹੋ ਗਈ ਹੈ। ਉਸ ਨੂੰ ਬੋਲਣ ਵਿਚ ਵੀ ਦਿੱਕਤ ਆ ਰਹੀ ਹੈ।
ਹਾਲਾਂਕਿ, ਉਨ੍ਹਾਂ ਦੀ ਭਤੀਜੀ ਸੁਜ਼ਾਨਾ ਘਈ ਨੇ ਮੀਡੀਆਂ ਨਾਲ ਗੱਲ ਕਰਦਿਆਂ ਦੱਸਿਆ ਕਿ ਕੋਈ ਗੰਭੀਰ ਮੁੱਦਾ ਨਹੀਂ ਹੈ। ਸੁਭਾਸ਼ ਘਈ ਦੇ ਬੁਲਾਰੇ ਨੇ ਅਧਿਕਾਰਤ ਬਿਆਨ ‘ਚ ਲਿਖਿਆ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੁਭਾਸ਼ ਘਈ ਪੂਰੀ ਤਰ੍ਹਾਂ ਠੀਕ ਹਨ। ਉਸ ਨੂੰ ਰੁਟੀਨ ਜਾਂਚ ਲਈ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਠੀਕ ਹੈ। ਤੁਹਾਡੇ ਪਿਆਰ ਅਤੇ ਚਿੰਤਾ ਲਈ ਧੰਨਵਾਦ। ਇਸ ਦੇ ਨਾਲ ਹੀ ਜੇਕਰ ਨਜ਼ਦੀਕੀ ਸੂਤਰਾਂ ਦੀ ਮੰਨੀਏ ਤਾਂ ਫਿਲਮ ਨਿਰਮਾਤਾ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ।
ਸੁਭਾਸ਼ ਘਈ ਦਾ ਜਨਮ 24 ਜਨਵਰੀ 1945 ਨੂੰ ਨਾਗਪੁਰ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਹ ਬਚਪਨ ਤੋਂ ਹੀ ਅਭਿਨੇਤਾ ਬਣਨਾ ਚਾਹੁੰਦੇ ਸਨ, ਪਰ ਕਿਸਮਤ ਨੇ ਉਸ ਨੂੰ ਇੱਕ ਸਫਲ ਨਿਰਦੇਸ਼ਕ ਵਜੋਂ ਸਥਾਪਿਤ ਕੀਤਾ। ਰਾਜ ਕਪੂਰ ਤੋਂ ਬਾਅਦ ਉਨ੍ਹਾਂ ਨੂੰ ਇੰਡਸਟਰੀ ਦਾ ਦੂਜਾ ‘ਸ਼ੋਅ ਮੈਨ’ ਕਿਹਾ ਜਾਂਦਾ ਹੈ। ਉਨ੍ਹਾਂ ਬੇ 16 ਫਿਲਮਾਂ ਦਾ ਨਿਰਦੇਸ਼ਨ ਕੀਤਾ, 13 ਬਾਕਸ ਆਫਿਸ ‘ਤੇ ਹਿੱਟ ਰਹੀਆਂ।
ਸੁਭਾਸ਼ ਘਈ ਨੇ ਆਪਣੇ ਹਿੰਦੀ ਸਿਨੇਮਾ ਕੈਰੀਅਰ ਵਿੱਚ ਲਗਭਗ 16 ਫਿਲਮਾਂ ਲਿਖੀਆਂ ਅਤੇ ਨਿਰਦੇਸ਼ਿਤ ਕੀਤੀਆਂ। ਜਿਨ੍ਹਾਂ ‘ਚੋਂ 13 ਫਿਲਮਾਂ ਬਾਕਸ-ਆਫਿਸ ‘ਤੇ ਬਲਾਕਬਸਟਰ ਹਿੱਟ ਸਾਬਤ ਹੋਈਆਂ। ਸਾਲ 2006 ‘ਚ ਉਨ੍ਹਾਂ ਨੂੰ ਫਿਲਮ ‘ਇਕਬਾਲ’ ਲਈ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਸੁਭਾਸ਼ ਘਈ ਨੇ ਆਪਣੀਆਂ ਫਿਲਮਾਂ ‘ਚ ਜੈਕੀ ਸ਼ਰਾਫ, ਰੀਨਾ ਰਾਏ, ਮੀਨਾਕਸ਼ੀ, ਮਾਧੁਰੀ ਦੀਕਸ਼ਿਤ, ਮਨੀਸ਼ਾ ਕੋਇਰਾਲਾ ਅਤੇ ਮਹਿਮਾ ਚੌਧਰੀ ਵਰਗੇ ਕਲਾਕਾਰਾਂ ਨੂੰ ਬ੍ਰੇਕ ਦਿੱਤਾ ਸੀ।
ਉਸਨੇ ਰੋਮਾਂਟਿਕ, ਸੰਗੀਤਕ, ਥ੍ਰਿਲਰ, ਦੇਸ਼ ਭਗਤੀ ਸਮੇਤ ਹਰ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ। ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ‘ਚ ‘ਕਾਲੀਚਰਨ’, ‘ਵਿਸ਼ਵਨਾਥ’, ‘ਕਰਜ਼’, ਵਿਧਾਤਾ’, ‘ਹੀਰੋ’, ਮੇਰੀ ਜੰਗ’, ‘ਕਰਮਾ’, ‘ਰਾਮ ਲਖਨ’, ਸੌਦਾਗਰ’, ‘ਖਲਨਾਇਕ’, ‘ਪਰਦੇਸ’, ਤਾਲ, ‘ਯਾਦਾਂ’ ਸ਼ਾਮਲ ਹਨ।
ਘਈ ਨੇ ਮੁੰਬਈ ਵਿੱਚ ਇੱਕ ਐਕਟਿੰਗ ਸਕੂਲ ਸ਼ੁਰੂ ਕੀਤਾ ਅਤੇ ਉਹ ਵਿਸਲਿੰਗ ਵੁਡਸ ਨਾਮ ਦਾ ਇੱਕ ਐਕਟਿੰਗ ਇੰਸਟੀਚਿਊਟ ਚਲਾ ਰਿਹਾ ਹੈ। ਇਸ ਸਕੂਲ ਨੂੰ ਦੁਨੀਆ ਦੇ ਚੋਟੀ ਦੇ 10 ਫਿਲਮ ਸਕੂਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਐਕਟਿੰਗ ਸਕੂਲ ਵਿੱਚ ਉਹ ਨਵੇਂ ਕਲਾਕਾਰਾਂ ਨੂੰ ਐਕਟਿੰਗ ਅਤੇ ਫਿਲਮ ਮੇਕਿੰਗ ਦੀ ਟ੍ਰੇਨਿੰਗ ਦੇ ਰਿਹਾ ਹੈ। ਸੁਭਾਸ਼ ਘਈ ਪਹਿਲੇ ਬਾਲੀਵੁੱਡ ਨਿਰਮਾਤਾ ਹਨ ਜਿਨ੍ਹਾਂ ਨੇ ਆਪਣੀ ਫਿਲਮ ਤਾਲ ਰਾਹੀਂ ਫਿਲਮ ਬੀਮਾ ਪਾਲਿਸੀ ਸ਼ੁਰੂ ਕੀਤੀ। ਫਿਲਮਾਂ ਨੂੰ ਬੈਂਕਾਂ ਤੋਂ ਫਾਇਨਾਂਸ ਕਰਵਾਉਣ ਦਾ ਸੰਕਲਪ ਸ਼ੁਰੂ ਕਰਨ ਦਾ ਸਿਹਰਾ ਵੀ ਉਸ ਨੂੰ ਜਾਂਦਾ ਹੈ।