ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——- ਅੰਡਰ-19 ਏਸ਼ੀਆ ਕੱਪ ਦਾ ਫਾਈਨਲ ਅੱਜ ਸਵੇਰੇ 10:30 ਵਜੇ ਤੋਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ 8 ਵਾਰ ਦੀ ਜੇਤੂ ਟੀਮ ਇੰਡੀਆ ਨੌਵੀਂ ਵਾਰ ਇਹ ਖਿਤਾਬ ਜਿੱਤਣਾ ਚਾਹੇਗੀ। ਉਥੇ ਹੀ ਮੌਜੂਦਾ ਚੈਂਪੀਅਨ ਬੰਗਲਾਦੇਸ਼ ਖਿਤਾਬ ਦਾ ਬਚਾਅ ਕਰਨ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ।
ਬੰਗਲਾਦੇਸ਼ ਦੀ ਟੀਮ ਨੇ 2023 ਏਸ਼ੀਆ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼, 13 ਸਾਲਾ ਵੈਭਵ ਅਤੇ ਆਯੂਸ਼ ਫਾਰਮ ਵਿਚ ਹਨ। ਜਦੋਂ ਕਿ ਬੰਗਲਾਦੇਸ਼ੀ ਕਪਤਾਨ ਅਜ਼ੀਜ਼ੁਲ ਹਕੀਮ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਅਲ ਫਹਾਦ ਅਤੇ ਮੁਹੰਮਦ ਇਕਬਾਲ ਟੂਰਨਾਮੈਂਟ ਦੇ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਦੋਵਾਂ ਨੇ 10-10 ਵਿਕਟਾਂ ਲਈਆਂ ਹਨ।
ਭਾਰਤੀ ਟੀਮ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ‘ਚ ਪਾਕਿਸਤਾਨ ਹੱਥੋਂ 43 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਦੋਂ ਤੋਂ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ ਨੇ ਸੈਮੀਫਾਈਨਲ ‘ਚ ਸ਼੍ਰੀਲੰਕਾ ਨੂੰ 28 ਓਵਰ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾਇਆ ਸੀ।
ਬੰਗਲਾਦੇਸ਼ ਵੀ ਗਰੁੱਪ ਗੇੜ ਵਿੱਚ ਸ੍ਰੀਲੰਕਾ ਤੋਂ 7 ਦੌੜਾਂ ਨਾਲ ਹਾਰ ਗਿਆ ਸੀ, ਪਰ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ।