ਹੁਸ਼ਿਆਰਪੁਰ। ਅਮਿ੍ਰਤਸਰ ਦੇ ਇਕ ਏ.ਐਸ.ਆਈ.ਦੇ ਪੁੱਤਰ ਦੇ ਕਤਲ ਕੇਸ ਵਿਚ ਕੇਂਦਰੀ ਜੇਲ ਹੁਸ਼ਿਆਰਪੁਰ ਵਿਚ ਬੰਦ ਅਮਿ੍ਰਤਸਰ ਦੇ ਰਹਿਣ ਵਾਲੇ ਮਨੀ ਪ੍ਰਤਾਪ ਅਮਿ੍ਰਤਸਰੀ ਨਾਂ ਦੇ ਕੈਦੀ ਦੀ ਅੱਜ ਸਵੇਰੇ ਭੇਤਭਰੀ ਹਾਲਤ ਵਿਚ ਮੌਤ ਹੋ ਗਈ, ਐਤਵਾਰ ਸੁਵੱਖਤੇ ਹੀ ਜੇਲ ਦੇ ਅਧਿਕਾਰੀ ਮਨੀ ਪ੍ਰਤਾਪ ਨੂੰ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਪੁੱਜੇ ਸਨ ਜਿੱਥੇ ਉਸ ਦੀ ਮੌਤ ਹੋ ਗਈ। ਮਨੀ ਦੀ ਮੌਤ ਦੀ ਜਾਣਕਾਰੀ ਮਿਲਣ ਪਿੱਛੋ ਸਿਵਲ ਹਸਪਤਾਲ ਪੁੱਜੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜੇਲ ਪ੍ਰਸ਼ਾਸ਼ਨ ’ਤੇ ਦੋਸ਼ ਲਗਾਇਆ ਕਿ ਕੁਝ ਅਧਿਕਾਰੀਆਂ ਤੇ ਮੁਲਾਜਿਮਾਂ ਵੱਲੋਂ ਮਨੀ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ ਸੀ।


ਮਨੀ ਦੀ ਪਤਨੀ ਪ੍ਰਭਾ ਨੇ ਜੇਲ ਪ੍ਰਸ਼ਾਸ਼ਨ ’ਤੇ ਗੰਭੀਰ ਦੋਸ਼ ਲਗਾਏ ਤੇ ਕਿਹਾ ਕਿ ਹਾਲੇ ਕੁਝ ਦਿਨ ਪਹਿਲਾ ਹੀ ਮਨੀ ਦੇ ਕਹਿਣ ’ਤੇ ਉਨਾਂ ਵੱਲੋਂ ਜੇਲ ਦੇ ਇਕ ਮੁਲਾਜਿਮ ਦੇ ਬੈਂਕ ਅਕਾਂਊਟ ਵਿਚ 30 ਹਜਾਰ ਰੁਪਏ ਪਾਏ ਗਏ ਸਨ, ਉਸ ਨੇ ਕਿਹਾ ਕਿ ਮਨੀ ਨੇ ਉਨਾਂ ਨੂੰ ਦੱਸਿਆ ਸੀ ਕਿ ਉਸ ਨੂੰ ਜਾਣਬੁੱਝ ਕਿ 14 ਤੋਂ 18 ਘੰਟੇ ਤੱਕ ਚੱਕੀ ਵਿਚ ਬੰਦ ਰੱਖਿਆ ਜਾ ਰਿਹਾ ਹੈ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਲੇਕਿਨ ਜੇਲ ਪ੍ਰਸ਼ਾਸ਼ਨ ਨੇ ਉਸ ਦਾ ਇਲਾਜ ਕਰਾਉਣ ਦੀ ਬਜਾਏ ਉਸ ਨੂੰ ਜੇਲ ਵਿਚ ਹੀ ਦਵਾਈ ਦੇਣੀ ਜਾਰੀ ਰੱਖੀ। ਮਨੀ ਪਿਛਲੇ 5 ਸਾਲ ਤੋਂ ਜੇਲ ਵਿਚ ਬੰਦ ਸੀ ਤੇ ਉਸ ’ਤੇ ਧਾਰਾ 307 ਤੇ 302 ਦੇ ਤਹਿਤ ਮਾਮਲਾ ਦਰਜ ਸੀ। ਦੂਜੇ ਪਾਸੇ ਸਿਵਲ ਹਸਪਤਾਲ ਪੁੱਜੇ ਜੇਲ ਦੇ ਇਕ ਅਧਿਕਾਰੀ ਦੇਸ ਰਾਜ ਨਾਲ ਜਦੋਂ ਪੱਤਰਕਾਰਾਂ ਨੇ ਗੱਲ ਕਰਨੀ ਚਾਹੀ ਤਾਂ ਉਹ ਕੋਈ ਵੀ ਜਵਾਬ ਦੇਣ ਤੋਂ ਟਾਲਾ ਵੱਟ ਗਏ ਤੇ ਮੌਕੇ ਤੋਂ ਚਲੇ ਗਏ। ਮਨੀ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਕਰਵਾ ਕੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।