ਦਾ ਐਡੀਟਰ ਨਿਊਜ. ਹੁਸ਼ਿਆਰਪੁਰ ——— ਵਿਧਾਨ ਸਭਾ ਹਲਕਾ ਚੱਬੇਵਾਲ ਦੀ ਹੋਣ ਜਾ ਰਹੀ ਉੱਪ ਚੋਣ ਵਿੱਚ ਆਮ ਆਦਮੀ ਪਾਰਟੀ ਪਿੱਛੋਂ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਰਣਜੀਤ ਕੁਮਾਰ ਮੈਦਾਨ ਵਿੱਚ ਉਤਾਰ ਦਿੱਤਾ ਹੈ, ਰਣਜੀਤ ਕੁਮਾਰ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਉਣ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਵੱਡੀ ਭੂਮਿਕਾ ਰਹੀ ਹੈ, ਇੱਥੇ ਇਹ ਵੀ ਜਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕੁਝ ਦਿਨ ਪਹਿਲਾ ਕੁਲਵਿੰਦਰ ਸਿੰਘ ਰਸੂਲਪੁਰੀ ਨੂੰ ਟਿਕਟ ਦਾ ਥਾਪੜਾ ਦੇ ਦਿੱਤਾ ਸੀ ਲੇਕਿਨ ਬਾਅਦ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਦਖਲ ਪਿੱਛੋਂ ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਦੀ ਪਸੰਦ ਨੂੰ ਦਰਕਿਨਾਰ ਕਰਦੇ ਹੋਏ ਰਣਜੀਤ ਕੁਮਾਰ ਨੂੰ ਟਿਕਟ ਦੇ ਦਿੱਤੀ।
ਕਾਂਗਰਸ ਵੱਲੋਂ ਆਪ ਨੂੰ ਚੋਣ ਵਿੱਚ ਕਿੰਨਾ ਮੁਕਾਬਲਾ ਦਿੱਤਾ ਜਾ ਸਕੇਗਾ ਇਹ ਤਾਂ ਸਮਾਂ ਦੱਸੇਗਾ ਲੇਕਿਨ ਸਿਆਸੀ ਹਲਕਿਆਂ ਅੰਦਰ ਨਵੀਂ ਚਰਚਾ ਛਿੜ ਗਈ ਹੈ ਕਿ ਜ਼ਿਲ੍ਹਾ ਕਾਂਗਰਸ ਦੀ ਧੁਰੀ ਇੱਕ ਵਾਰ ਫਿਰ ਸੁੰਦਰ ਸ਼ਾਮ ਅਰੋੜਾ ਦੁਆਲੇ ਘੁੰਮਣ ਲੱਗ ਪਈ ਹੈ। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਡਾ. ਇਸ਼ਾਂਕ ਚੱਬੇਵਾਲ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਜਾ ਚੁੱਕਾ ਹੈ ਤੇ ਮੌਜੂਦਾ ਹਾਲਾਤਾਂ ਮੁਤਾਬਿਕ ਡਾ. ਇਸ਼ਾਂਕ ਦੂਜੀਆਂ ਪਾਰਟੀਆਂ ਤੋਂ ਅੱਗੇ ਚੱਲ ਰਹੇ ਹਨ, ਕਿਆਸ ਇਹ ਲਗਾਏ ਜਾ ਰਹੇ ਸਨ ਕਿ ਕਾਂਗਰਸ ਪਾਰਟੀ ਅੰਦਰੋ ਹੀ ਕਿਸੇ ਮਜਬੂਤ ਉਮੀਦਵਾਰ ਨੂੰ ਮੈਂਦਾਨ ਵਿੱਚ ਉਤਾਰੇਗੀ ਤੇ ਇੱਕ ਸਮੇਂ ਯਾਮਿਨੀ ਗੋਮਰ, ਕੁਲਵਿੰਦਰ ਸਿੰਘ ਰਸੂਲਪੁਰੀ ਦੇ ਨਾਮ ਦੀ ਵੀ ਚਰਚਾ ਸੀ ਲੇਕਿਨ ਕਾਂਗਰਸ ਹਾਈਕਮਾਂਡ ਨੇ ਰਣਜੀਤ ਕੁਮਾਰ ਉੱਪਰ ਭਰੋਸਾ ਪ੍ਰਗਟਾਇਆ ਜੋ ਕਿ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਵੀ ਹਨ।

ਸੰਧੂ ਨੇ ਲੱਗਦਾ ਆਪਣੇ ਕੰਢੇ ਹੀ ਸਾੜ ਲਏ ?
ਆਮ ਆਦਮੀ ਪਾਰਟੀ ਦੇ ਚੱਬੇਵਾਲ ਤੋਂ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਉਸ ਸਮੇਂ ਸਿਆਸੀ ਉਬਾਲਾ ਮਾਰਿਆ ਸੀ ਜਦੋਂ ਡਾ. ਇਸ਼ਾਂਕ ਚੱਬੇਵਾਲ ਦੀ ਟਿਕਟ ਦਾ ਐਲਾਨ ਹੋਇਆ ਸੀ ਤੇ ਐਲਾਨ ਕੀਤਾ ਸੀ ਕਿ ਉਹ ਹਰ ਹਾਲਤ ਵਿੱਚ ਚੋਣ ਲੜਨ ਜਾ ਰਹੇ ਹਨ ਲੇਕਿਨ ਪਿਛਲੇ 2 ਦਿਨ ਤੋਂ ਹਰਮਿੰਦਰ ਸੰਧੂ ਆਪਣੇ ਕਰੀਬੀਆਂ ਤੋਂ ਵੀ ਦੂਰ ਚੰਡੀਗੜ੍ਹ ਦੱਸੇ ਜਾ ਰਹੇ ਹਨ, ਭਰੋਸੇਯੋਗ ਸੂਤਰਾਂ ਮੁਤਾਬਿਕ ਜਿਲ੍ਹੇ ਨਾਲ ਸੰਬੰਧਿਤ ਆਪ ਦੇ ਇੱਕ ਵਿਧਾਇਕ ਨੇ ਸੋਮਵਾਰ ਨੂੰ ਹੀ ਹਰਮਿੰਦਰ ਸੰਧੂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਚੰਡੀਗੜ੍ਹ ਪਹੁੰਚਾ ਦਿੱਤਾ ਸੀ ਜਿੱਥੇ ਪਾਰਟੀ ਹਾਈਕਮਾਂਡ ਨੇ ਸੰਧੂ ਦਾ ਗੁੱਸਾ ਠੰਡਾ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੋਈ ਹੈ, ਹੁਣ ਦੇਖਣਾ ਹੋਵੇਗਾ ਕਿ ਸੰਧੂ ਠੰਡਾ ਹੋ ਜਾਂਦਾ ਹੈ ਜਾਂ ਫਿਰ ਦੁਬਾਰਾ ਉਬਾਲਾ ਮਾਰਦਾ ਹੈ ?
ਅਕਾਲੀ ਦਲ ਤੇ ਭਾਜਪਾ ਦੁਚਿੱਤੀ ਵਿੱਚ
ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਰਹੇ ਹਲਕਾ ਚੱਬੇਵਾਲ ਵਿੱਚ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ ਤੇ ਮੌਜੂਦਾ ਸਮੇਂ ਪਾਰਟੀ ਕਿਸ ਨੂੰ ਇੱਥੋ ਚੋਣ ਲੜਾਵੇਗੀ ਇਸ ਉੱਪਰ ਵੀ ਹਾਲੇ ਕੋਈ ਸਹਿਮਤੀ ਬਣੀ ਦਿਖਾਈ ਨਹੀਂ ਦੇ ਰਹੀ। ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਜਿੱਥੇ ਆਪਣੇ ਪਰਿਵਾਰ ਲਈ ਟਿਕਟ ਮੰਗ ਰਹੇ ਹਨ ਉੱਥੇ ਹੀ ਭਾਜਪਾ ਤੋਂ ਅਕਾਲੀ ਦਲ ਵਿੱਚ ਆਏ ਸੰਜੀਵ ਤਲਵਾੜ ਆਪਣੀ ਪਤਨੀ ਨੀਤੀ ਤਲਵਾੜ ਦਾ ਨਾਮ ਅੱਗੇ ਰੱਖ ਰਹੇ ਹਨ। ਦੂਜੇ ਪਾਸੇ ਭਾਜਪਾ ਨੂੰ ਵੀ ਇੱਥੋ ਕੋਈ ਮਜ਼ਬੂਤ ਉਮੀਦਵਾਰ ਮਿਲਦਾ ਦਿਖਾਈ ਨਹੀਂ ਦੇ ਰਿਹਾ ਜਿਸ ਕਾਰਨ ਪਾਰਟੀ ਨੇ ਕਿਸੇ ਨਾਮ ਦਾ ਐਲਾਨ ਨਹੀਂ ਕੀਤਾ।