-ਵਾਰਡ ਨੰਬਰ-48 ਵਿਚ ਨਵਾਬ ਪਹਿਲਵਾਨ ਦੇ ਹੱਕ ਵਿਚ ਇਕੱਠੇ ਹੋਏ ਸੈਂਕੜੇ ਲੋਕ
ਹੁਸ਼ਿਆਰਪੁਰ। ਨੌਜਵਾਨ ਵਰਗ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਜਿੱਥੇ ਸੂਬੇ ਵਿਚ ਵੱਡੇ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਗਿਆ ਉੱਥੇ ਹੀ ਵੱਖ-ਵੱਖ ਨੀਤੀਆਂ ਬਣਾ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਤੇ ਹੁਣ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਵਿਕਾਸ ਵਿਚ ਵੀ ਖਿਡਾਰੀ ਵੱਡਾ ਯੋਗਦਾਨ ਪਾਉਣਗੇ, ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਇੱਥੇ ਵਾਰਡ ਨੰਬਰ-48 ਵਿਚ ਕਾਂਗਰਸ ਦੇ ਉਮੀਦਵਾਰ ਨਵਾਬ ਪਹਿਲਵਾਨ ਦੇ ਹੱਕ ਵਿਚ ਕਰਵਾਈ ਗਈ ਜਨਸਭਾ ਨੂੰ ਸੰਬੋਧਨ ਕਰਦਿਆ ਕੀਤਾ ਗਿਆ, ਇਸ ਸਮੇਂ ਕਾਂਗਰਸ ਦੇ ਜਿਲਾਂ ਪ੍ਰਧਾਨ ਡਾ. ਕੁਲਦੀਪ ਨੰਦਾ ਤੇ ਵਿਸ਼ਵਨਾਥ ਬੰਟੀ ਵਿਸ਼ੇਸ਼ ਰੂਪ ਨਾਲ ਮੌਜੂਦ ਸਨ। ਉਨਾਂ ਅੱਗੇ ਕਿਹਾ ਕਿ ਪਾਰਟੀ ਦੇ ਉਮੀਦਵਾਰ ਨਵਾਬ ਪਹਿਲਵਾਨ ਨੇ ਇਸ ਤੋਂ ਪਹਿਲਾ ਪਹਿਲਵਾਨੀ ਦੇ ਖੇਤਰ ਵਿਚ ਵੱਡਾ ਨਾਮਣਾ ਖੱਟਿਆ ਜੋ ਕਿ ਦੂਜੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ ਤੇ ਹੁਣ ਆਉਣ ਵਾਲੇ ਸਮੇਂ ਵਿਚ ਨਵਾਬ ਪਹਿਲਵਾਨ ਵਾਰਡ ਸਮੇਤ ਸ਼ਹਿਰ ਵਾਸੀਆਂ ਦੀ ਸੇਵਾ ਵਿਚ ਹਾਜਰ ਰਹਿਣਗੇ।
ਮੰਤਰੀ ਅਰੋੜਾ ਨੇ ਕਿਹਾ ਕਿ ਜਿਸ ਤਰਾਂ ਵਾਰਡ ਵਾਸੀਆਂ ਵੱਲੋਂ ਨਵਾਬ ਪਹਿਲਵਾਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਾਡਾ ਇਹ ਪਹਿਲਵਾਨ ਵੱਡੀ ਜਿੱਤ ਦਰਜ ਕਰਦਾ ਹੋਇਆ ਵਿਰੋਧੀਆਂ ਨੂੰ ਇਕ ਵਾਰ ਫਿਰ ਚਿੱਤ ਕਰਨ ਜਾ ਰਿਹਾ ਹੈ, ਜਿਸ ਪਿੱਛੋ ਨਗਰ ਨਿਗਮ ਹਾਊਸ ਦਾ ਹਿੱਸਾ ਬਣ ਕੇ ਉਹ ਸ਼ਹਿਰ ਦੇ ਵਿਕਾਸ ਵਿਚ ਆਪਣੀ ਜਿੰਮੇਵਾਰੀ ਨਿਭਾਵੇਗਾ। ਉਨਾਂ ਕਿਹਾ ਕਿ ਕਾਂਗਰਸ ਵੱਲੋਂ ਹਮੇਸ਼ਾ ਪਾਰਟੀ ਪਲੇਟਫਾਰਮ ’ਤੇ ਨੌਜਵਾਨਾਂ ਨੂੰ ਅੱਗੇ ਕੀਤਾ ਜਾ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਨੌਜਵਾਨ ਵਰਗ ਵੱਡੀ ਗਿਣਤੀ ਵਿਚ ਕਾਂਗਰਸ ਨਾਲ ਜੁੜ ਰਿਹਾ ਹੈ। ਇਸ ਸਮੇਂ ਡਾ. ਕੁਲਦੀਪ ਨੰਦਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਪਹਿਲਵਾਨੀ ਦੇ ਖੇਤਰ ਦਾ ਸਿਤਾਰਾ ਅੱਜ ਕਾਂਗਰਸ ਦੇ ਵਿਹੜੇ ਵਿਚ ਰੁਸ਼ਨਾ ਰਿਹਾ ਹੈ ਤੇ ਇਸਦੀ ਚਮਕ ਅੱਗੇ ਵਿਰੋਧੀ ਫਿੱਕੇ-ਫਿੱਕੇ ਦਿਖਾਈ ਦੇ ਰਹੇ ਹਨ। ਇਸ ਮੌਕੇ ਐਡਵੋਕੇਟ ਗੁਰਬੀਰ ਸਿੰਘ ਚੌਟਾਲਾ ਨੇ ਕਿਹਾ ਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜਿੱਥੇ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਉੱਥੇ ਹੀ ਨਗਰ ਨਿਗਮ ਦੀਆਂ ਚੋਣਾਂ ਵਿਚ ਪਾਰਟੀ ਵੱਲੋਂ ਵੱਡੀ ਗਿਣਤੀ ਵਿਚ ਨੌਜਵਾਨ ਚੇਹਰਿਆਂ ਨੂੰ ਮੈਂਦਾਨ ਵਿਚ ਉਤਾਰ ਕੇ ਸਿਆਸਤ ਵਿਚ ਬਦਲਾਅ ਦਾ ਸੰਕੇਤ ਦਿੱਤਾ ਹੈ ਜੋ ਕਿ ਸਕਾਰਾਤਮਕ ਸੋਚ ਦੀ ਨਿਸ਼ਾਨੀ ਹੈ। ਸਮਾਗਮ ਦੌਰਾਨ ਵਿਸ਼ਵਨਾਥ ਬੰਟੀ ਵੱਲੋਂ ਵਾਰਡ ਵਾਸੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ ਤੇ ਉਮੀਦਵਾਰ ਨਵਾਬ ਪਹਿਲਵਾਨ ਨੇ ਵਾਰਡ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਵਾਰਡ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਰਹਿਣਗੇ ਤੇ ਇਕ ਪਰਿਵਾਰ ਦੀ ਤਰਾਂ ਹਰ ਇਕ ਵਿਅਕਤੀ ਲਈ ਹਰ ਸਮੇਂ ਹਾਜਰ ਰਹਿਣਗੇ।