ਸਿੰਘੂ ਬਾਰਡਰ, ਦਿੱਲੀ। ਦਿੱਲੀ ਦੀਆਂ ਸਰਹੱਦਾਂ ਸਿੰਘੂ, ਟਿੱਕਰੀ ਤੇ ਗਾਜੀਪੁਰ ਵਿਚ ਕਿਸਾਨਾਂ ਦੇ ਅੰਦੋਲਨ ਪੂਰੀ ਚੜਦੀਕਲਾ ਵਿਚ ਚੱਲ ਰਹੇ ਹਨ ਤੇ ਘੰਟੇ ਦਰ ਘੰਟੇ ਅੰਦੋਲਨਾਂ ਵਾਲੀ ਜਗਾਂ ਕਿਸਾਨਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ, ਇਹ ਜਾਣਕਾਰੀ ਸਿੰਘੂ ਬਾਰਡਰ ਪਹੁੰਚੇ ਹੋਏ ਸਰਪੰਚ ਪਰਵਿੰਦਰ ਸਿੰਘ ਸੱਜਣਾ ਨੇ ਸਾਂਝੀ ਕੀਤੀ ਤੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਅਸਫਲ ਕਰਨ ਦੀਆਂ ਪੁਰਜੋਰ ਕੋਸ਼ਿਸ਼ਾਂ ਕਰ ਰਹੀ ਹੈ ਤੇ ਇਨਾਂ ਕੋਸ਼ਿਸ਼ਾਂ ਨੂੰ ਦਿੱਲੀ-ਹਰਿਆਣਾ ਤੇ ਯੂ.ਪੀ. ਦੀ ਪੁਲਿਸ ਸਮੇਤ ਖੁਫੀਆ ਏਜੰਸੀਆਂ ਜਰੀਏ ਲਾਗੂ ਕੀਤਾ ਜਾ ਰਿਹਾ ਹੈ ਲੇਕਿਨ ਹਰ ਵਾਰ ਸਰਕਾਰ ਨੂੰ ਮੰੂਹ ਦੀ ਖਾਣੀ ਪੈ ਰਹੀ ਹੈ ਕਿਉਕਿ ਕੁਦਰਤ ਹਮੇਸ਼ਾ ਸੱਚ ਦੇ ਸਾਥ ਰਹੀ ਹੈ।
ਉਨਾਂ ਕਿਹਾ ਕਿ 26 ਜਨਵਰੀ ਤੋਂ ਪਹਿਲਾ ਦੀ ਤਰਾਂ ਹੀ ਕਿਸਾਨ ਅੰਦੋਲਨਾਂ ਵਾਲੀ ਜਗਾਂ ਹਜਾਰਾਂ ਕਿਸਾਨ ਜੁੜੇ ਬੈਠੇ ਹਨ ਤੇ ਲੰਗਰ ਚੱਲ ਰਹੇ ਹਨ। ਪਰਵਿੰਦਰ ਸੱਜਣਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗੋਡਣੀਆਂ ਲੱਗ ਚੁੱਕੀਆਂ ਹਨ ਕਿਉਕਿ ਇਸ ਸਮੇਂ ਸਰਕਾਰ ਨੂੰ ਦੇਸ਼ ਦੀ ਜੀ.ਡੀ.ਪੀ., ਰੁਜਗਾਰ, ਬੇਰੁਜਗਾਰੀ ਦੀ ਚਿੰਤਾ ਨਹੀਂ ਹੈ ਤੇ ਚਿੰਤਾ ਸਿਰਫ ਇਸ ਗੱਲ ਦੀ ਹੈ ਕਿ ਕਿਸੇ ਨਾ ਕਿਸੇ ਹੀਲੇ ਕਿਸਾਨ ਅੰਦੋਲਨ ਦਾ ਗਲਾ ਘੁੱਟ ਕੇ ਇਨਾਂ ਦੀ ਆਵਾਜ ਨੂੰ ਖਾਮੋਸ਼ ਕਰ ਦਿੱਤਾ ਜਾਵੇ ਤਾਂ ਜੋ ਦੁਬਾਰਾ ਸਾਡੇ ਅੱਗੇ ਹੱਕ-ਸੱਚ ਦੀ ਗੱਲ ਕਰਨ ਵਾਲੀ ਕੋਈ ਆਵਾਜ ਖੜੀ ਨਾ ਹੋ ਸਕੇ। ਉਨਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਹਨ ਤੇ ਹੁਣ 26 ਦੀ ਘਟਨਾ ਤੋਂ ਬਾਅਦ ਭਾਜਪਾ ਸਰਕਾਰ ਇਸ ਸ਼ਾਂਤਮਈ ਅੰਦੋਲਨ ਨੂੰ ਹਿੰਸਕ ਬਣਾਉਣ ਲਈ ਆਪਣੇ ਏਜੰਟਾਂ ਰਾਹੀਂ ਹਰ ਹੀਲਾ ਵਰਤ ਰਹੀ ਹੈ ਲੇਕਿਨ ਇਨਾਂ ਨੂੰ ਕਾਮਯਾਬੀ ਨਹੀਂ ਮਿਲੇਗੀ। ਪਰਵਿੰਦਰ ਸੱਜਣਾ ਨੇ ਇਸ ਸਮੇਂ ਪੰਜਾਬ ਸਮੇਤ ਜਿਲਾ ਹੁਸ਼ਿਆਰਪੁਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਦਿੱਲੀ ਅੰਦੋਲਨ ਵਿਚ ਪੁੱਜਣ ਤਾਂ ਜੋ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਾਉਣ ਲਈ ਮਜਬੂਰ ਕੀਤਾ ਜਾ ਸਕੇ।