– ਕਿਹਾ ਕਿ ਉਹ ਕਾਨੂੰਨ ਮੰਨਣ ਵਾਲੇ ਨਾਗਰਿਕ ਵਜੋਂ ਵਾਰ-ਵਾਰ ਐਸ ਆਈ ਟੀ ਅੱਗੇ ਹੋ ਰਹੇ ਹਨ ਪੇਸ਼
ਦਾ ਐਡੀਟਰ ਨਿਊਜ਼, ਪਟਿਆਲਾ —— ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਤਰਨਾਕ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੋਈ ਇੰਟਰਵਿਊ ਬਾਰੇ ਨਾ ਸਿਰਫ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਬਲਕਿ ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ।

ਅੱਜ ਇਥੇ ਐਸ ਆਈ ਟੀ ਪੇਸ਼ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ, ਜੋ ਗ੍ਰਹਿ ਮੰਤਰੀ ਵੀ ਹਨ, ਨੇ ਪੰਜਾਬੀਆਂ ਨੂੰ ਝੂਠ ਬੋਲਿਆ ਕਿ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਵਿਚ ਨਹੀਂ ਹੋਈ। ਉਹਨਾਂ ਕਿਹਾ ਕਿ ਇਸ ਮਗਰੋਂ ਆਪ ਸਰਕਾਰ ਵੱਲੋਂ ਗਠਿਤ ਐਸ ਆਈ ਟੀ ਨੇ ਅੱਠ ਮਹੀਨੇ ਦੀ ਜਾਂਚ ਮਗਰੋਂ ਇਹ ਕਹਿ ਕੇ ਹਾਈ ਕੋਰਟ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਕਿ ਇੰਟਰਵਿਊ ਪੰਜਾਬ ਵਿਚ ਨਹੀਂ ਹੋਈ। ਉਹਨਾਂ ਕਿਹਾ ਕਿ ਹਾਈ ਕੋਰਟ ਵੱਲੋਂ ਐਸ ਆਈ ਟੀ ਗਠਿਤ ਕਰਨ ਮਗਰੋਂ ਵੀ ਸੱਚਾਈ ਸਾਹਮਣੇ ਆਈ ਹੈ ਕਿ ਇੰਟਰਵਿਊ ਖਰੜ ਪੁਲਿਸ ਥਾਣੇ ਵਿਚ ਹੋਈ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣੇ ਰਹਿਣ ਦਾ ਨੈਤਿਕ ਹੱਕ ਗੁਆ ਲਿਆ ਹੈ ਕਿਉਂਕਿ ਉਹਨਾਂ ਨੇ ਨਾ ਸਿਰਫ ਝੂਠ ਬੋਲਿਆ ਬਲਕਿ ਉਹ ਗ੍ਰਹਿ ਮੰਤਰੀ ਵਜੋਂ ਵੀ ਫੇਲ੍ਹ ਸਾਬਤ ਹੋਏ ਹਨ ਕਿਉਂਕਿ ਇੰਟਰਵਿਊ ਪੰਜਾਬ ਪੁਲਿਸ ਨੇ ਕਰਵਾਈ ਸੀ।
ਆਪ ਲੀਡਰਸ਼ਿਪ ’ਤੇ ਵਰ੍ਹਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਵਰਗੇ ਨਹੀਂ ਹਨ ਜੋ ਵਾਰ-ਵਾਰ ਈ ਡੀ ਵੱਲੋਂ ਬੁਲਾਏ ਜਾਣ ’ਤੇ ਪੇਸ਼ ਨਹੀਂ ਹੋਏ। ਉਹਨਾਂ ਕਿਹਾ ਕਿ ਉਹ ਤਾਂ ਅੱਜ ਸਤਵੀਂ ਵਾਰ ਸਿਆਸੀ ਐਸ ਆਈ ਟੀ ਅੱਗੇ ਪੇਸ਼ ਹੋਏ ਹਨ ਜਦੋਂ ਕਿ ਉਹਨਾਂ ਨੂੰ 11 ਵਾਰ ਸੱਦਿਆ ਗਿਆ ਸੀ। ਉਹਨਾਂ ਕਿਹਾ ਕਿ ਜਿਹੜੇ ਚਾਰ ਮੌਕਿਆਂ ’ਤੇ ਉਹ ਪੇਸ਼ ਨਹੀਂ ਹੋਏ, ਉਹ ਅਦਾਲਤੀ ਕੇਸਾਂ ਕਰ ਕੇ ਪੇਸ਼ ਨਹੀਂ ਹੋਏ। ਉਹਨਾਂ ਕਿਹਾ ਕਿ ਐਸ ਆਈ ਟੀ ਇਹਨਾਂ ਅਦਾਲਤੀ ਕੇਸਾਂ ਦੀ ਸੁਣਵਾਈ ਦੀਆਂ ਤਾਰੀਕਾਂ ਤੋਂ ਭਲੀ ਭਾਂਤ ਜਾਣੂ ਸੀ ਪਰ ਇਸਦੇ ਬਾਵਜੂਦ ਉਹਨਾਂ ਹੀ ਤਾਰੀਕਾਂ ਨੂੰ ਉਹਨਾਂ ਨੂੰ ਸੰਮਨ ਭੇਜੇ ਗਏ ਤਾਂ ਜੋ ਆਪ ਆਗੂ ਸੰਜੇ ਸਿੰਘ ਦੀ ਮਦਦ ਕੀਤੀ ਜਾ ਸਕੇ ਜਿਹਨਾਂ ਖਿਲਾਫ ਉਹਨਾਂ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੋਇਆ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਐਸ ਆਈ ਟੀ ਦੇ ਅਸਲੀ ਮੁਖੀ ਹਨ ਅਤੇ ਉਹਨਾਂ ਨੂੰ ਚਾਹੀਦਾ ਹੈ ਕਿ ਵਾਰ-ਵਾਰ ਉਹਨਾਂ ਨੂੰ ਤਲਬ ਕਰਨ ਲਈ ਐਸ ਆਈ ਟੀ ਦੀ ਵਰਤੋਂ ਕਰਨ ਨਾਲੋਂ ਉਹਨਾਂ ਨੂੰ ਸਿੱਧਾ ਹੀ ਸੱਦ ਲੈਣ। ਉਹਨਾਂ ਇਹ ਵੀ ਕਿਹਾ ਕਿ ਹਾਈ ਕੋਰਟ ਨੇ ਉਹਨਾਂ ਨੂੰ ਰੈਗੂਲਰ ਜ਼ਮਾਨਤ ਵੇਲੇ ਅਜਿਹੀ ਕੋਈ ਸ਼ਰਤ ਨਹੀਂ ਲਗਾਈ ਸੀ ਕਿ ਉਹਨਾਂ ਨੂੰ ਵਾਰ-ਵਾਰ ਐਸ ਆਈ ਟੀ ਸਾਹਮਣੇ ਪੇਸ਼ ਹੋਣਾ ਪਵੇਗਾ ਪਰ ਉਹ ਫਿਰ ਵੀ ਪੇਸ਼ ਹੋ ਰਹੇ ਹਨ ਕਿਉਂਕਿ ਉਹਨਾਂ ਨੂੰ ਕਾਨੂੰਨ ਵਿਚ ਪੂਰਨ ਵਿਸ਼ਵਾਸ ਹੈ।
ਇਸ ਮੌਕੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਮਨਦੀਪ ਸਿੰਘ ਘੱਗਾ ਤੇ ਹੋਰ ਅਕਾਲੀ ਸਮਰਥਕ ਵੀ ਹਾਜ਼ਰ ਸਨ।