ਦਾ ਐਡੀਟਰ ਨਿਊਜ਼, ਨਵੀਂ ਦਿੱਲੀ ———- ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ‘ਚ ਕੈਨੇਡੀਅਨ ਪੁਲਿਸ ਨੇ ਚੌਥੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਈਐਚਆਈਟੀ ਨੇ ਕਿਹਾ ਕਿ ਉਨ੍ਹਾਂ ਨੇ ਅਮਨਦੀਪ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ‘ਤੇ ਫਸਟ ਡਿਗਰੀ ਕਤਲ ਅਤੇ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਹਨ। ਕੈਨੇਡੀਅਨ ਪੁਲਿਸ ਨੇ ਕਿਹਾ, “ਇਹ ਗ੍ਰਿਫਤਾਰੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭੂਮਿਕਾ ਨਿਭਾਉਣ ਵਾਲਿਆਂ ਨੂੰ ਜਵਾਬਦੇਹ ਬਣਾਉਣ ਲਈ ਸਾਡੀ ਚੱਲ ਰਹੀ ਜਾਂਚ ਦੀ ਪ੍ਰਕਿਰਤੀ ਨੂੰ ਦਰਸਾਉਂਦੀ ਹੈ।”
ਆਈਐਚਆਈਟੀ ਨੇ ਕਿਹਾ ਕਿ ਬਰੈਂਪਟਨ, ਸਰੀ ਅਤੇ ਐਬਟਸਫੋਰਡ ਵਿੱਚ ਰਹਿਣ ਵਾਲਾ 22 ਸਾਲਾ ਭਾਰਤੀ ਨਾਗਰਿਕ ਅਮਨਦੀਪ ਸਿੰਘ ਪਹਿਲਾਂ ਹੀ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਵਿੱਚ ਓਨਟਾਰੀਓ ਵਿੱਚ ਹਿਰਾਸਤ ਵਿੱਚ ਹੈ।
ਨਿੱਝਰ ਕਤਲ ਮਾਮਲੇ ਵਿੱਚ ਕੈਨੇਡਾ ਪੁਲਿਸ ਵੱਲੋਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਦੇ ਨਾਲ ਇਸ ਮਾਮਲੇ ਵਿੱਚ ਹੁਣ ਅਮਨਦੀਪ ਸਿੰਘ (22) ਗ੍ਰਿਫ਼ਤਾਰ ਕੀਤਾ ਗਿਆ ਚੌਥਾ ਵਿਅਕਤੀ ਹੈ। ਸਾਰਿਆਂ ਨੂੰ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਇਸੇ ਤਰ੍ਹਾਂ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੀਸੀ ਦੀ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ (IHIT) ਟੀਮ ਵੱਲੋਂ ਜਾਰੀ ਅੱਜ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਨਦੀਪ ਸਿੰਘ ਉੱਪਰ ਸਬੂਤਾਂ ਸਹਿਤ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਚਾਰਜ ਲਾਏ ਗਏ ਹਨ। ਪੁਲਿਸ ਅਨੁਸਾਰ ਅਮਨਦੀਪ ਸਿੰਘ ਭਾਰਤੀ ਨਾਗਰਿਕ ਹੈ ਅਤੇ ਉਹ ਕੈਨੇਡਾ ਵਿੱਚ ਬਰੈਂਪਟਨ ਸਰੀ ਅਤੇ ਐਬਸਫੋਰਡ ਵਿੱਚ ਰਹਿੰਦਾ ਰਿਹਾ ਹੈ। ਚੱਲ ਰਹੀ ਜਾਂਚ ਅਤੇ ਅਦਾਲਤੀ ਪ੍ਰਕਿਰਿਆ ਕਾਰਨ ਅਮਨਦੀਪ ਸਿੰਘ ਸਬੰਧੀ ਪੁਲਿਸ ਵੱਲੋਂ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ।