ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪਿਛਲੇ ਸਾਲ 18 ਜੂਨ ਨੂੰ ਕਤਲ ਕੀਤੇ ਗਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਪੰਜਾਬੀ ਨੌਜਵਾਨਾਂ ਨੇ ਕੈਨੇਡੀਅਨ ਰੋਇਲ ਮੋਂਟਰਿਅਲ ਪੁਲਿਸ ਦੇ ਪਾਸ ਕਈ ਅਹਿਮ ਖੁਲਾਸੇ ਕੀਤੇ ਹਨ। ਕੈਨੇਡਾ ਦਾ ਸਭ ਤੋਂ ਵੱਡਾ ਮੀਡੀਆ ਨੈਟਵਰਕ ਸੀਬੀਸੀ, ਇਸ ਮਾਮਲੇ ਵਿੱਚ ਲਗਾਤਾਰ ਕਈ ਖੁਲਾਸੇ ਕਰ ਰਿਹਾ ਹੈ। ਇਸ ਸਬੰਧੀ ਸੀਬੀਸੀ ਨਾਲ ਜੁੜੇ ਇੱਕ ਅਹਿਮ ਸੂਤਰ ਦੀ ਮੰਨੀਏ ਤਾਂ ਆਉਣੇ ਵਾਲੇ ਦਿਨਾਂ ਵਿੱਚ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਵੀ ਕਈ ਅਫਸਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ, ਜਿਹੜੇ ਕਿ ਅਸਿੱਧੇ ਅਤੇ ਸਿੱਧੇ ਤੌਰ ਤੇ ਇਸ ਮਾਮਲੇ ਨਾਲ ਜੁੜੇ ਹੋਏ ਹਨ।
ਦਰਅਸਲ ਕੈਨੇਡਾ ਪੁਲਿਸ ਪਿਛਲੇ ਕਈ ਮਹੀਨਿਆਂ ਤੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਨਾਲ, ਕੈਨੇਡਾ ਵਿੱਚ ਹੋ ਰਹੀਆਂ ਫਰੌਤੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਚਲਦਿਆਂ ਕਈ ਵਿਅਕਤੀਆਂ ਨੂੰ ਸਰਬਲੈਂਸ ਹੇਠ ਰੱਖਿਆ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਅਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੂੰ ਜਦੋਂ ਇਹ ਗੱਲ ਸਪਸ਼ਟ ਹੋ ਗਈ ਕਿ ਨਿੱਝਰ ਕਤਲ ਮਾਮਲੇ ਵਿੱਚ ਇਹਨਾਂ ਤਿੰਨ ਨੌਜਵਾਨਾਂ ਦਾ ਸਿੱਧੇ ਤੌਰ ‘ਤੇ ਹੱਥ ਹੈ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਸਰਬਲੈਂਸ ਹੇਠ ਲੈ ਆਂਦਾ ਸੀ, ਇਥੋਂ ਤੱਕ ਕਿ ਇਹਨਾਂ ਦੇ ਫੋਨ ਟੈਪ ਕੀਤੇ ਗਏ ਅਤੇ ਇਹਨਾਂ ਦੇ ਰਿਹਾਇਸ਼ੀ ਕਮਰਿਆਂ ਅਤੇ ਗੱਡੀਆਂ ਵਿੱਚ ਬੱਗ (ਖੁਫੀਆ ਗੱਲਬਾਤ ਸੁਣਨ ਵਾਲੇ ਇਲੈਕਟਰੋਨਿਕਸ ਡਿਵਾਈਸ) ਲਗਾਏ ਗਏ ਅਤੇ ਇਹਨਾਂ ਖੁਫੀਆ ਏਜੰਸੀਆਂ ਵੱਲੋਂ ਇਹਨਾਂ ਤਿੰਨਾਂ ਨੌਜਵਾਨਾਂ ਦੀਆਂ ਸਾਰੀਆਂ ਤਮਾਮ ਗੱਲਾਂਬਾਤਾਂ ਰਿਕਾਰਡ ਕੀਤੀਆਂ ਗਈਆਂ। ਜਿਸ ਦੌਰਾਨ ਕਈ ਅਹਿਮ ਜਾਣਕਾਰੀਆਂ ਮਿਲੀਆਂ।
ਇਹਨਾਂ ਤਿੰਨਾਂ ਵਿਅਕਤੀਆਂ ਨੇ ਕੈਨੇਡਾ ਪੁਲਿਸ ਕੋਲ ਕੀਤੇ ਗਏ ਇੱਕ ਅਹਿਮ ਖੁਲਾਸੇ ਵਿੱਚ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਕੁਝ ਵੱਡੇ ਅਫਸਰ 2019 ਤੋਂ ਪੰਜਾਬ ਦੇ ਕਈ ਕ੍ਰਿਮਨਲ ਪਿਛੋਕੜ ਵਾਲੇ ਨੌਜਵਾਨਾਂ ਨੂੰ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਰਗੇ ਮੁਲਕਾਂ ਵਿੱਚ ਡੈਥ ਸਕੈਡ ਦੇ ਨਾਮ ਹੇਠ ਕਈ ਵਿਅਕਤੀਆਂ ਨੂੰ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਹੀ ਅਜਿਹੇ ਵਿਅਕਤੀਆਂ ਦੀ 300 ਤੋਂ ਜਿਆਦਾ ਗਿਣਤੀ ਹੈ। ਕਈ ਤਾਂ ਹੁਣ ਪੰਜਾਬ ਪੁਲਿਸ ਦੇ ਅਫਸਰਾਂ ਦੀ ਚੁੰਗਲ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਹਨ ਅਤੇ ਕਈ ਵਿਅਕਤੀਆਂ ਨੂੰ ਅਜੇ ਵੀ ਬਲੈਕ ਮੇਲ ਕਰਕੇ ਉਹਨਾਂ ਤੋਂ ਕੈਨੇਡਾ ਅਤੇ ਅਮਰੀਕਾ ਵਿੱਚ ਕੰਮ ਲਿਆ ਜਾ ਰਿਹਾ ਹੈ। ਸੀਬੀਸੀ ਦੇ ਇੱਕ ਸੂਤਰ ਨੇ ਦੱਸਿਆ ਕਿ ਜਿੰਨੀਆਂ ਵੀ ਫਰੌਤੀ ਦੀਆਂ ਘਟਨਾਵਾਂ ਕੈਨੇਡਾ ਦੇ ਵਿੱਚ ਹੋਈਆਂ ਹਨ, ਉਹਨਾਂ ਵਿੱਚ ਕਈ ਪੁਲਿਸ ਅਫਸਰਾਂ ਦੀ ਸ਼ਮੂਲੀਅਤ ਵੀ ਸਾਹਮਣੇ ਆ ਸਕਦੀ ਹੈ ਅਤੇ ਉਹਨਾਂ ਅਫਸਰਾਂ ਦੇ ਨਾਮ ਆਉਣੇ ਵਾਲੇ ਦਿਨਾਂ ਵਿੱਚ ਜਨਤਕ ਹੋ ਸਕਦੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਰੌਤੀਆਂ ਲਈ ਅਜਿਹੇ ਵਿਅਕਤੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਜਿਨਾਂ ਦਾ ਕੈਨੇਡਾ ਦੇ ਵਿੱਚ ਵੱਡਾ ਕਾਰੋਬਾਰ ਹੈ ਅਤੇ ਪੰਜਾਬ ਵਿੱਚ ਆ ਕੇ ਉਹ ਕਈ ਵੱਡੇ ਟੂਰਨਾਮੈਂਟ ਵੀ ਕਰਵਾਉਂਦੇ ਰਹੇ ਹਨ ਅਤੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਡਰਾ ਕੇ ਪੈਸੇ ਪੰਜਾਬ ਵਿੱਚ ਲਏ ਜਾਣ ਦੀ ਵੀ ਚਰਚਾ ਸਾਹਮਣੇ ਆ ਰਹੀ ਹੈ।
ਗੋਲਡੀ ਬਰਾੜ ਰਾਹੀਂ ਲਾਰੈਂਸ ਬਿਸ਼ਨੋਈ ਨਾਲ ਜੁੜੇ ਲਿੰਕ
ਇਹਨਾਂ ਤਿੰਨ ਵਿਅਕਤੀਆਂ ਵਿੱਚੋਂ ਗ੍ਰਿਫਤਾਰ ਹੋਏ ਫਰੀਦਕੋਟ ਦੇ ਕੋਟਕਪੂਰਾ ਸ਼ਹਿਰ ਨਾਲ ਸੰਬੰਧਿਤ ਕਰਨ ਬਰਾੜ ਦੀਆਂ ਨਜ਼ਦੀਕੀਆਂ ਗੋਲਡੀ ਬਰਾੜ ਦੇ ਪਰਿਵਾਰ ਨਾਲ, ਖਾਸ ਕਰਕੇ ਗੋਲਡੀ ਬਰਾੜ ਦੇ ਸਾਲੇ ਗੋਰਾ ਭਾਊ ਦੇ ਨਾਲ ਸਨ ਅਤੇ ਕਰਨ ਬਰਾੜ ਦੇ ਪਿਓ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋਈ ਹੈ ਅਤੇ ਉਸ ਦੀ ਇਲਾਕੇ ਵਿੱਚ ਚੰਗੀ ਜਾਣ ਪਛਾਣ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਕਰਨ ਬਰਾੜ ਦੀ ਮਾਂ ਸਿੰਘਾਪੁਰ ਬੁਟੀਕ ਦਾ ਕੰਮ ਕਰਨ ਚਲੀ ਗਈ ਹੈ ਜਦੋਂ ਕਰਨ ਬਰਾੜ ਕੈਨੇਡਾ ਗਿਆ ਤਾਂ ਉਸ ਨੂੰ ਕੈਨੇਡਾ ਦੇ ਵਿੱਚ ਸੰਭਾਲਣ ਲਈ ਗੋਲਡੀ ਬਰਾੜ ਦੇ ਪਿਓ ਨੇ ਹੀ ਅਹਿਮ ਭੂਮਿਕਾ ਨਿਭਾਈ ਸੀ ਇਥੋਂ ਤੱਕ ਕਿ ਜਦ ਕਰਨ ਬਰਾੜ ਕੈਨੇਡਾ ਵਿੱਚ ਪਹੁੰਚਿਆ ਸੀ ਤਾਂ ਉਸ ਨੂੰ ਏਅਰਪੋਰਟ ਤੋਂ ਲੈਣ ਲਈ ਵੀ ਗੋਲਡੀ ਬਰਾੜ ਦਾ ਪਿਓ ਹੀ ਗਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਕਰਨ ਬਰਾੜ ਗੋਲਡੀ ਬਰਾੜ ਦੇ ਸੰਪਰਕ ਵਿੱਚ ਆ ਗਿਆ ਅਤੇ ਉਸ ਦੇ ਰਾਹੀਂ ਹੀ ਉਹ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆ ਗਿਆ ਹੈ ਅਤੇ ਇਸੇ ਕੜੀ ਦੀ ਵਜ੍ਹਾ ਕਰਕੇ ਹੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ ਅਤੇ ਇਸੇ ਵਜ੍ਹਾ ਕਰਕੇ ਹੀ ਹੁਣ ਨਿੱਝਰ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਦਾ ਨਾਮ ਵੀ ਸਾਹਮਣੇ ਆਉਣ ਲੱਗ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਤੋਂ ਇਲਾਵਾ ਅਮਰੀਕਾ ਦੀਆਂ ਖੁਫੀਆਂ ਏਜੰਸੀਆਂ ਦੇ ਰਡਾਰ ਤੇ ਗੋਲਡੀ ਬਰਾੜ ਦਾ ਨਾਂ ਵੀ ਆ ਗਿਆ ਹੈ ਅਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ ਵਿੱਚ ਅੰਡਰਗਰਾਊਂਡ ਹੋ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਉਹ ਅਮਰੀਕਾ ਅਤੇ ਕੈਨੇਡਾ ਛੱਡ ਕੇ ਯੂਰਪ ਦੇ ਕਿਸੇ ਕੰਟਰੀ ਵਿੱਚ ਜਾ ਚੁੱਕਾ ਹੈ।
ਨਿੱਝਰ ਕਤਲ ਤੋਂ ਤਿੰਨ ਦਿਨ ਪਹਿਲਾਂ ਹੀ ਅਮਰੀਕੀ ਖੁਫੀਆ ਏਜੰਸੀਆਂ ਨੂੰ ਜਾਣਕਾਰੀ ਸੀ ?
ਜੇਕਰ ਕੈਨਡਾ ਵਿੱਚ ਸੀਬੀਸੀ ਨੈਟਵਰਕ ਦੇ ਸੂਤਰਾਂ ਦੀ ਮੰਨੀਏ ਤਾਂ ਖਾਲਿਸਤਾਨੀ ਕਾਰਕੁੰਨ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ ਹੀ ਅਮਰੀਕੀ ਖੁਫੀਆ ਏਜੰਸੀਆਂ ਨੂੰ ਇਸ ਦੀ ਜਾਣਕਾਰੀ ਮਿਲ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜਦ ਨਿਖਲ ਗੁਪਤਾ ਵੱਲੋਂ ਕਥਿਤ ਤੌਰ ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਕਰਨ ਦੇ ਆਦੇਸ਼ ਦਿੱਤੇ ਗਏ ਤਾਂ ਉਸ ਵਕਤ ਉਹ ਅਮਰੀਕੀ ਖੁਫੀਆ ਏਜੰਸੀਆਂ ਦੇ ਰਡਾਰ ਤੇ ਸੀ ਅਤੇ ਉਸ ਦੀ ਸਾਰੀ ਗੱਲਬਾਤ ਰਿਕਾਰਡ ਕੀਤੀ ਜਾ ਰਹੀ ਸੀ। ਇੱਥੇ ਹੀ ਬੱਸ ਨਹੀਂ ਇਕੱਲੀ ਅਮਰੀਕੀ ਏਜੰਸੀਆਂ ਹੀ ਨਹੀਂ ਬਲਕਿ “ਫਾਈਵ ਆਈ” ਵੀ ਇਸ ਸਾਰੇ ਨੈਟਵਰਕ ਤੇ ਕੰਮ ਕਰ ਰਹੀਆਂ ਹਨ ,ਆਉਂਦੇ ਕੁਝ ਦਿਨਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।