ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——– 10 ਮਹੀਨਿਆਂ ਦੀ ਜਾਂਚ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰਨ ਵਾਲੇ ਕਥਿਤ ਦੋਸ਼ੀ ”ਭਾਰਤੀ ਨਾਗਰਿਕ” ਪੁਲਿਸ ਨੇ ਕੈਨੇਡਾ ਦੇ ਐਡਮਿੰਟਨ ਸ਼ਹਿਰ ‘ਚੋਂ ਗ੍ਰਿਫਤਾਰ ਕਰ ਲਏ ਗਏ ਹਨ। ਇਨ੍ਹਾਂ ਦੇ ਨਾਮ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਦੱਸੇ ਗਏ ਹਨ। ਤਿੰਨੋਂ ਜਣੇ ਐਡਮਿੰਟਨ ਹੀ ਰਹਿ ਰਹੇ ਸਨ ਤੇ ਸੋਮਵਾਰ ਤੱਕ ਉਨ੍ਹਾਂ ਨੂੰ ਸਰੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਕਥਿਤ ਕਾਤਲ ”ਭਾਰਤੀ ਨਾਗਰਿਕ” ਪਿਛਲੇ 3 ਤੋਂ 5 ਸਾਲਾਂ ਦਰਮਿਆਨ ਆਰਜ਼ੀ ਵੀਜ਼ਿਆਂ ‘ਤੇ ਕੈਨੇਡਾ ਆਏ ਸਨ ਅਤੇ ਇੱਥੇ ਪੱਕੇ ਨਹੀਂ ਹਨ। ਸੀਬੀਸੀ ਨੇ ਕੈਨੇਡੀਅਨ ਜਾਂਚਕਰਤਾਵਾਂ ਦੇ ਹਵਾਲੇ ਨਾਲ ਦੱਸਿਆ ਹੈ ਇਨ੍ਹਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ, ਜਿਸ ਗੈਂਗ ਨੇ ਪੰਜਾਬ ‘ਚ ਸਿੱਧੂ ਮੂਸੇਆਲੇ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਸੀ।
ਇਨ੍ਹਾਂ ‘ਤੇ ਫਸਟ ਡਿਗਰੀ ਮਰਡਰ ਦੇ ਚਾਰਜ ਲਾਉਣ ਦੇ ਨਾਲ-ਨਾਲ ਇੱਥੇ ਕਤਲ ਦੀ ਪਲੈਨਿੰਗ ਕਰਨ ਦੇ ਦੋਸ਼ ਵੀ ਲਾਏ ਗਏ ਹਨ, ਜਿਸ ਅਧੀਨ ਬਿਨਾ ਪੈਰੋਲ 25 ਸਾਲ ਕੈਦ ਹੋ ਸਕਦੀ ਹੈ।
ਪੁਲਿਸ ਬੁਲਾਰੇ ਮੁਤਾਬਕ ਇਹ ਇਸ ਜਾਂਚ ਦਾ ਅੰਤ ਨਹੀਂ, ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਬਾਰੇ ਕੈਨੇਡਾ ਦੇ 3-4 ਸੂਬਿਆਂ ‘ਚ ਜਾਂਚ ਹਾਲੇ ਜਾਰੀ ਹੈ। ਇਸ ਮਾਮਲੇ ‘ਚ ਅੱਗੇ ਜਾ ਕੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਭਾਰਤੀ ਭੂਮਿਕਾ ਦੀ ਗ੍ਰਿਫਤਾਰੀ ਬਾਰੇ ਪੁਲਿਸ ਬੁਲਾਰੇ ਨੇ ਬਹੁਤਾ ਕੁਝ ਦੱਸਣੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਹਾਲੇ ਜਾਂਚ ਚੱਲ ਰਹੀ ਹੈ ਤੇ ਅਦਾਲਤ ਵਿੱਚ ਪੇਸ਼ ਕੀਤੇ ਜਾਣ ਵਾਲੇ ਸਬੂਤ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੱਸ ਨਹੀਂ ਸਕਦੇ ਕਿ ਕੌਣ-ਕੌਣ ਜਾਂਚ ਅਧੀਨ ਹੈ।
ਪੁਲਿਸ ਬੁਲਾਰੇ ਨੇ ਸਥਾਨਕ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ, ਜਿਨ੍ਹਾਂ ਬੜੀ ਬਹਾਦਰੀ ਨਾਲ ਇਸ ਜਾਂਚ ਵਿੱਚ ਸਹਿਯੋਗ ਦੇ ਕੇ ਗੱਲ ਨੂੰ ਅੱਗੇ ਵਧਾਇਆ ਹੈ, ਜਿਸ ਕਾਰਨ ਇਹ ਗ੍ਰਿਫਤਾਰੀਆਂ ਹੋ ਸਕੀਆਂ ਅਤੇ ਅਤੇ ਅੱਗੇ ਵੀ ਹੋਣਗੀਆਂ।
ਪੁਲਿਸ ਬੁਲਾਰੇ ਨੇ ਕਿਹਾ ਕਿ ਇਸ ਜਾਂਚ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਭਾਰਤ ਤੋਂ ਸਹਿਯੋਗ ਅਤੇ ਜਾਣਕਾਰੀ ਲੈਣੀ ਬਹੁਤ ਔਖੀ ਹੈ।
ਸੀਬੀਸੀ ਮੁਤਾਬਕ ਇਨ੍ਹਾਂ ‘ਤੇ ਐਡਮਿੰਟਨ ‘ਚ ”ਬ੍ਰਦਰਜ਼ ਕੀਪਰਜ਼ ਗੈਂਗ” ਦੇ ਹਰਪ੍ਰੀਤ ਉੱਪਲ ਅਤੇ ਉਸਦੇ ਗਿਆਰਾਂ ਸਾਲਾਂ ਬੇਟੇ ਨੂੰ ਮਾਰਨ ਤੋਂ ਇਲਾਵਾ ਵਿਨੀਪੈੱਗ ‘ਚ ”ਬੰਬੀਹਾ ਗਰੁੱਪ” ਦੇ ਗੈਂਗਸਟਰ ਸੁਖਦੂਲ ਸਿੰਘ ਗਿੱਲ ਉਰਫ ਸੁੱਖਾ ਦੁੰਨੇਕੇ ਨੂੰ ਮਾਰਨ ਦਾ ਵੀ ਸ਼ੱਕ ਹੈ, ਜਿਸਦੀ ਜਾਂਚ ਜਾਰੀ ਹੈ। ਜਾਂਚਕਰਤਾਵਾਂ ਕੋਲ ਭਾਈ ਨਿੱਝਰ ਦੇ ਕਤਲ ‘ਚ ਭਾਰਤੀ ਹੱਥ ਬਾਰੇ ਤਾਂ ਅਨੇਕਾਂ ਸਬੂਤ ਹਨ ਜਦਕਿ ਐਡਮਿੰਟਨ ਅਤੇ ਵਿਨੀਪੈੱਗ ਵਾਲੀ ਵਾਰਦਾਤ ‘ਚ ਉਨ੍ਹਾਂ ਮੁਤਾਬਕ ਭਾਰਤ ਸਰਕਾਰ ਦਾ ਹੱਥ ਨਹੀਂ ਜਾਪਦਾ।
ਇਹ ਗ੍ਰਿਫਤਾਰੀਆਂ ਅੱਜ ਹੀ ਕੀਤੀਆਂ ਗਈਆਂ ਹਨ, ਪਰ ਇਹ ਸਾਰੇ ਬੜੀ ਸਖਤ ਨਿਗਰਾਨੀ ਹੇਠ ਰੱਖੇ ਹੋਏ ਸਨ।
ਇਹ ਉਹ ਬੰਦੇ ਹਨ, ਜਿਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਇਹ ਭਾੜੇ ਦੇ ਕਾਤਲ ਸਨ ਪਰ ਇਨ੍ਹਾਂ ਨੂੰ ਪੈਸੇ ਅਤੇ ਆਦੇਸ਼ ਕਿਸਨੇ ਦਿੱਤੇ, ਇਹ ਅਮਰੀਕਨ ਦਸਤਾਵੇਜ਼ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਇਸ ਪਿੱਛੇ ਭਾਰਤੀ ਖੁਫੀਆ ਏਜੰਸੀ ਰਾਅ ਦਾ ਹੱਥ ਸੀ। ਨਿਖਿਲ ਗੁਪਤਾ ਸਮੇਤ ਰਾਅ ਦੇ ਅਧਿਕਾਰੀ ਵਿਕਰਮ ਯਾਦਵ, ਰਾਅ ਦੇ ਮੁਖੀ ਸਾਮੰਤ ਗੋਇਲ ਬਾਰੇ ਪਿਛਲੇ ਹਫਤੇ ਹੀ ਸੀਆਈਏ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ‘ਵਾਸ਼ਿੰਗਟਨ ਪੋਸਟ’ ਖੁਲਾਸਾ ਕਰ ਚੁੱਕੀ ਹੈ।