– ਮਨੁੱਖੀ ਕੜੀ ਬਣਾ ਕੇ ਕਰਨਗੇ ਪ੍ਰਦਰਸ਼ਨ
ਦਾ ਐਡੀਟਰ ਨਿਊਜ਼, ਅੰਮ੍ਰਿਤਸਰ ——— ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਅਤੇ ਪ੍ਰਦੂਸ਼ਣ ਰੋਕਥਾਮ ਕਮੇਟੀ ਅੰਮ੍ਰਿਤਸਰ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਚੋਂ ਲੰਘਦੇ ਤੁੰਗ ਢਾਬ ਨਾਲੇ ਵਿੱਚ ਵਹਿੰਦੇ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਮਨੁੱਖੀ ਜਾਨਾਂ ਨੂੰ ਪੈਦਾ ਹੋ ਰਹੇ ਵੱਡੇ ਖ਼ਤਰੇ ਨੂੰ ਲੈ ਕੇ 4 ਮਈ ਨੂੰ ਹੋਲੀ ਸਿਟੀ ਕਾਲੋਨੀ ਦੇ ਬਾਹਰ ਅਟਾਰੀ ਦਿੱਲੀ ਮੁੱਖ ਸੜਕ ਤੇ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਗੁਰੂ ਨਗਰੀ ਵਿੱਚ ਵੱਗਦਾ “ਮੌਤ” ਦੇ ਨਾਲੇ ਨੇ ਸੈਂਕੜੇ ਮਨੁੱਖੀ ਜਾਨਾਂ ਨੂੰ ਆਪਣੇ ਜ਼ਹਿਰੀਲੇ ਪ੍ਰਦੂਸ਼ਣ ਦੀ ਲਪੇਟ ਵਿੱਚ ਲਿਆ ਹੋਇਆ ਹੈ। ਹੋਲੀ ਸਿਟੀ ਵਾਸੀਆਂ ਵਲੋਂ ਪ੍ਰਦੂਸ਼ਣ ਰੋਕਥਾਮ ਕਮੇਟੀ ਅਤੇ ਨਾਲੇ ਦੇ ਨਾਲ ਲੱਗਦੀਆਂ ਦਰਜਨਾਂ ਕਾਲੋਨੀਆਂ ਦੇ ਵਾਸੀਆਂ ਦੇ ਨਾਲ ਸਹਿਯੋਗ ਕੱਲ੍ਹ ਦਿੱਲੀ ਅਟਾਰੀ ਮੁੱਖ ਮਾਰਗ ਉਪਰ ਸਰਕਾਰ ਤੇ ਪ੍ਰਸ਼ਾਸਨ ਦੀ ਨਲਾਇਕੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਸਰਪ੍ਰਸਤ ਸਾਬਕਾ ਜੁਆਇੰਟ ਡਿਪਟੀ ਡਾਇਰੈਕਟਰ ਆਈ ਬੀ ਐਚ ਐਸ ਘੁੰਮਣ, ਪ੍ਰਧਾਨ ਰਾਜਨ ਮਾਨ, ਸੀਨੀਅਰ ਮੀਤ ਪ੍ਰਧਾਨ ਪ੍ਰੋ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਤ ਸਕੱਤਰ ਗੁਰਦੇਵ ਸਿੰਘ ਮਾਹਲ ਸਾਬਕਾ ਜਨਰਲ ਮੈਨੇਜਰ ਇੰਡਸਟਰੀ ਨੇ ਕਿਹਾ ਕਿ ਆਪਣੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਤੋਂ ਦੁੱਖੀ ਲੋਕ ਆਪਣੀ ਕੋਈ ਸੁਣਵਾਈ ਨਾ ਹੋਣ ਕਾਰਨ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਏ ਹਨ। ਉਹਨਾਂ ਕਿਹਾ ਕਿ ਹੁਣ ਤੱਕ ਕਈ ਸਰਕਾਰਾਂ ਆਈਆਂ ਹਨ ਅਤੇ ਹਰ ਵਾਰ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਚਲੇ ਜਾਂਦੇ ਰਹੇ ਹਨ। ਉਹਨਾਂ ਕਿਹਾ ਹੁਣ ਲੋਕਾਂ ਕੋਲ ਆਪਣੇ ਹੱਕ ਲੈਣ ਲਈ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਕੋਈ ਹੱਲ ਨਹੀਂ ਹੈ।
ਉਹਨਾਂ ਨਾਲੇ ਦੇ ਕੰਢੇ ਵੱਸਦੇ ਲੱਖਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪਰਿਵਾਰਾਂ ਸਮੇਤ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਘਰਾਂ ਤੋਂ ਨਿਕਲਣ ਅਤੇ ਉਹਨਾਂ ਦਾ ਸਾਥ ਦੇਣ। ਉਹਨਾਂ ਕਿਹਾ ਕਿ ਹੱਥਾਂ ਵਿੱਚ ਕਾਲੀਆਂ ਝੰਡੀਆਂ ਤੇ ਬੈਨਰ ਫੜਕੇ ਇਕ ਵੱਡੀ ਮਨੁੱਖੀ ਕੜੀ ਬਣਾਈ ਜਾਵੇਗੀ। ਉਹਨਾਂ ਕਿਹਾ ਜਿਹੜੇ ਲੋਕ ਹੋਲੀ ਸਿਟੀ ਦੇ ਗੇਟ ਉਪਰ ਨਹੀਂ ਪਹੁੰਚ ਸਕਦੇ ਉਹ ਨਾਲੇ ਦੇ ਕੰਡੇ ਆਪਣੇ ਘਰਾਂ ਦੇ ਨੇੜੇ ਪੈਂਦੇ ਖੇਤਰ ਵਿਚ ਸੜਕ ਤੇ ਆਕੇ ਮਨੁੱਖੀ ਕੜੀ ਬਣਾਉਣ ਤਾਂ ਜੋ ਅੰਨੇ ਬੋਲੇ ਹੋ ਚੁੱਕੇ ਹਾਕਮਾਂ ਨੂੰ ਨੀਂਦ ਤੋਂ ਜਗਾਇਆ ਜਾ ਸਕੇ। ਇਸ ਸਬੰਧੀ ਅੱਜ ਮੀਟਿੰਗ ਕਰਕੇ ਸਾਰਾ ਪ੍ਰੋਗਰਾਮ ਉਲੀਕਿਆ ਗਿਆ।