ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਵਿੱਚ ਬੁੱਧਵਾਰ (1 ਮਈ) ਨੂੰ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ S12 ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ‘ਚ 24 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਇਹ ਹਾਦਸਾ ਮੇਝੋ ਪਹਾੜੀ ਨੇੜੇ ਤੜਕੇ 2 ਵਜੇ ਵਾਪਰਿਆ, ਜਿਸ ਵਿੱਚ ਸੜਕ ਦੀ ਇੱਕ ਲੇਨ 18 ਮੀਟਰ ਤੱਕ ਟੁੱਟ ਗਈ।
ਚੀਨੀ ਮੀਡੀਆ ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਹਾਈਵੇਅ ਟੁੱਟਣ ਕਾਰਨ 20 ਵਾਹਨ ਹੇਠਾਂ ਡਿੱਗ ਗਏ, ਜਿਨ੍ਹਾਂ ‘ਚ 54 ਲੋਕ ਸਵਾਰ ਸਨ। ਘਟਨਾ ਦੀ ਸੂਚਨਾ ਮਿਲਣ ‘ਤੇ 500 ਰਾਹਤ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਚੀਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਹਾਦਸੇ ਤੋਂ ਬਾਅਦ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ। ਇਹ ਹਾਈਵੇ ਗੁਆਂਗਡੋਂਗ ਨੂੰ ਫੁਜਿਆਨ ਸੂਬੇ ਨਾਲ ਜੋੜਦਾ ਹੈ। ਚੀਨ ‘ਚ ਮਜ਼ਦੂਰ ਦਿਵਸ ਦੇ ਮੌਕੇ ‘ਤੇ ਚਾਰ ਦਿਨ ਦੀ ਛੁੱਟੀ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਾਈਵੇਅ ਟੋਲ ਫਰੀ ਹਨ। ਇਸ ਕਾਰਨ ਜ਼ਿਆਦਾ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਗਏ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਸ਼ਨੀਵਾਰ (27 ਅਪ੍ਰੈਲ) ਦੁਪਹਿਰ ਨੂੰ ਗੁਆਂਗਡੋਂਗ ‘ਚ ਤੂਫਾਨ ਆਇਆ। ਇਸ ਦੌਰਾਨ ਇੱਥੇ 20.6 ਮੀਟਰ ਪ੍ਰਤੀ ਸਕਿੰਟ ਦੀ ਵੱਧ ਤੋਂ ਵੱਧ ਹਵਾ ਦੀ ਰਫ਼ਤਾਰ ਦਰਜ ਕੀਤੀ ਗਈ। ਇਸ ਤੋਂ ਬਾਅਦ ਭਾਰੀ ਮੀਂਹ ਪਿਆ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਹਾਈਵੇਅ ਢਹਿ ਗਿਆ। ਇਸ ਤੂਫਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 33 ਤੋਂ ਵੱਧ ਲੋਕ ਜ਼ਖਮੀ ਹੋ ਗਏ।