ਦਾ ਐਡੀਟਰ ਨਿਊਜ. ਹੁਸ਼ਿਆਰਪੁਰ —– ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਜਸਵਿੰਦਰ ਸਿੰਘ ਛਾਉਣੀ ਕਲਾਂ ਦੇ ਘਰ ਬੀਤੇ ਦੋ ਦਿਨਾਂ ਤੋਂ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਛਾਉਣੀ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ਤੋਂ ਖਫਾ ਚੱਲ ਰਹੇ ਇਸ ਆਗੂ ਨੂੰ ਇਹ ਧਿਰਾਂ ਆਪਣੇ ਨਾਲ ਜੋੜ ਸਕਣ, ਲੇਕਿਨ ਫਿਲਹਾਲ ਕਿਸੇ ਨੂੰ ਕਾਮਯਾਬੀ ਨਹੀਂ ਮਿਲੀ।
ਮਾਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੋ ਕੁ ਦਿਨ ਪਹਿਲਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਵੱਲੋਂ ਜਥੇਬੰਦਕ ਢਾਂਚੇ ਦੇ ਕੀਤੇ ਵਿਸਥਾਰ ਦੀ ਇੱਕ ਲਿਸਟ ਜਾਰੀ ਕੀਤੀ ਗਈ ਤੇ ਇਸ ਲਿਸਟ ਵਿੱਚ ਜਸਵਿੰਦਰ ਸਿੰਘ ਛਾਉਣੀ ਕਲਾ ਦੀ ਪ੍ਰਮੋਸ਼ਨ ਕਰਨ ਦੀ ਥਾਂ ਡਿਮੋਸ਼ਨ ਕਰਕੇ ਉਸ ਨੂੰ 50 ਕੁ ਹੋਰ ਆਗੂਆਂ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਲਗਾ ਦਿੱਤਾ ਗਿਆ, ਜਿਸ ਤੋਂ ਤੁਰੰਤ ਬਾਅਦ ਜਸਵਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਪਾਰਟੀ ਦੇ ਸਾਰੇ ਅਹੁੱਦਿਆਂ ਤੋਂ ਅਸਤੀਫਾ ਦਿੰਦੇ ਹਨ ਲੇਕਿਨ ਰਹਿਣਗੇ ਪਾਰਟੀ ਦੇ ਨਾਲ ਹੀ।

ਸਿਆਸੀ ਧਿਰਾਂ ਵਿੱਚ ਇਸ ਤਰ੍ਹਾਂ ਦੀਆਂ ਸਿਆਸੀ ਘਟਨਾਵਾਂ ਤਦ ਵਾਪਰਦੀਆਂ ਹਨ ਜਦੋਂ ਸਬੰਧਿਤ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਕਿਸੇ ਵੀ ਆਗੂ ਦਾ ਜ਼ਮੀਨੀ ਆਧਾਰ ਦੇਖਣ-ਪਰਖਣ ਦੀ ਥਾਂ ਕਿਸੇ ਹੋਰ ਆਗੂ ਦੇ ਕਹੇ ਉੱਪਰ ਅਹੁੱਦਿਆਂ ਦੀ ਵੰਡ ਕਰਦੀ ਹੈ ਤੇ ਇਸ ਮਾਮਲੇ ਵਿੱਚ ਵੀ ਇੰਝ ਹੀ ਹੋਇਆ ਹੈ। ਜਿਕਰਯੋਗ ਹੈ ਕਿ ਜਸਵਿੰਦਰ ਸਿੰਘ ਛਾਉਣੀ ਕਲਾ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੂਲੇਵਾਲ ਰਾਠਾ ਦੇ ਕਰੀਬੀ ਸਾਥੀ ਹਨ ਜਿਸ ਕਾਰਨ ਅਕਾਲੀ ਦਲ ਅੰਦਰ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਜਸਵਿੰਦਰ ਸਿੰਘ ਦੀ ਡਿਮੋਸ਼ਨ ਕਰਕੇ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਸਾਬਕਾ ਵਿਧਾਇਕ ਰਾਠਾ ਦਾ ਪਾਰਟੀ ਅੰਦਰ ਕੱਦ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਜਸਵਿੰਦਰ ਸਿੰਘ ਅਕਾਲੀ ਦਲ ਵਿੱਚ ਹੀ ਰਹਿੰਦੇ ਹਨ ਜਾਂ ਫਿਰ ਉਹ ਵੀ ਭੌਰ ਬਣ ਉੱਡ ਜਾਣਗੇ।