– ਉੱਤਰਾਖੰਡ ਸਰਕਾਰ ਨੇ ਦਿੱਤੇ ਹੁਕਮ
– ਗੁੰਮਰਾਹਕੁੰਨ ਇਸ਼ਤਿਹਾਰ ਕੇਸ ਦੀ ਵਜ੍ਹਾ ਨਾਲ ਫੈਸਲਾ ਲਿਆ
ਦਾ ਐਡੀਟਰ ਨਿਊਜ਼, ਉੱਤਰਾਖੰਡ ——- ਉੱਤਰਾਖੰਡ ਸਰਕਾਰ ਨੇ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਅਤੇ ਦਿਵਿਆ ਫਾਰਮੇਸੀ ਦੇ ਕਰੀਬ 14 ਉਤਪਾਦਾਂ ਦੇ ਨਿਰਮਾਣ ਲਾਇਸੈਂਸ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਜਾਣਕਾਰੀ ਉੱਤਰਾਖੰਡ ਸਰਕਾਰ ਨੇ ਸੋਮਵਾਰ ਸ਼ਾਮ ਨੂੰ ਸੁਪਰੀਮ ਕੋਰਟ ‘ਚ ਦਾਇਰ ਹਲਫਨਾਮੇ ‘ਚ ਦਿੱਤੀ।
ਉੱਤਰਾਖੰਡ ਸਰਕਾਰ ਦੀ ਲਾਇਸੈਂਸਿੰਗ ਅਥਾਰਟੀ ਨੇ ਵੀ ਸੋਮਵਾਰ ਨੂੰ ਉਤਪਾਦਾਂ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ। ਇਸ ‘ਚ ਕਿਹਾ ਗਿਆ ਹੈ- ਪਤੰਜਲੀ ਆਯੁਰਵੇਦ ਦੇ ਉਤਪਾਦਾਂ ਬਾਰੇ ਵਾਰ-ਵਾਰ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਕਾਰਨ ਕੰਪਨੀ ਦਾ ਲਾਇਸੈਂਸ ਬੰਦ ਕਰ ਦਿੱਤਾ ਗਿਆ ਹੈ।
Divya Pharmacy Patanjali ਉਤਪਾਦ ਬਣਾਉਂਦਾ ਹੈ। ਸਟੇਟ ਲਾਇਸੈਂਸਿੰਗ ਅਥਾਰਟੀ ਨੇ ਰਾਮਦੇਵ ਦੀ ਫਰਮ ਨੂੰ ਖੰਘ, ਬਲੱਡ ਪ੍ਰੈਸ਼ਰ, ਸ਼ੂਗਰ, ਲੀਵਰ, ਗੋਇਟਰ ਅਤੇ ਅੱਖਾਂ ਦੀਆਂ ਬੂੰਦਾਂ ਲਈ ਵਰਤੀਆਂ ਜਾਣ ਵਾਲੀਆਂ 14 ਦਵਾਈਆਂ ਦਾ ਉਤਪਾਦਨ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਹੁਕਮ ਸਾਰੇ ਜ਼ਿਲ੍ਹੇ ਦੇ ਡਰੱਗ ਇੰਸਪੈਕਟਰਾਂ ਨੂੰ ਵੀ ਭੇਜ ਦਿੱਤੇ ਗਏ ਹਨ।
ਜ਼ਿਲ੍ਹਾ ਡਰੱਗ ਇੰਸਪੈਕਟਰ ਨੇ ਰਾਮਦੇਵ, ਬਾਲਕ੍ਰਿਸ਼ਨ, ਦਿਵਿਆ ਫਾਰਮੇਸੀ ਅਤੇ ਪਤੰਜਲੀ ਆਯੁਰਵੇਦ ਖ਼ਿਲਾਫ਼ 16 ਅਪ੍ਰੈਲ ਨੂੰ ਅਦਾਲਤ ਵਿੱਚ ਅਪਰਾਧਿਕ ਸ਼ਿਕਾਇਤ ਦਾਇਰ ਕੀਤੀ ਹੈ। ਇਹ ਜਾਣਕਾਰੀ ਕੇਂਦਰੀ ਆਯੁਸ਼ ਮੰਤਰਾਲੇ ਨੂੰ ਵੀ ਦਿੱਤੀ ਗਈ ਹੈ। ਦਰਅਸਲ, ਅਦਾਲਤ ਨੇ ਆਯੂਸ਼ ਮੰਤਰਾਲੇ ਅਤੇ ਰਾਜ ਲਾਇਸੈਂਸਿੰਗ ਅਥਾਰਟੀ ਤੋਂ ਜਵਾਬ ਮੰਗਿਆ ਸੀ।
ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਰਾਮਦੇਵ ਦੀ ਆਪਣੇ ਕੁਝ ਉਤਪਾਦਾਂ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਲਈ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਵਾਰ-ਵਾਰ ਆਲੋਚਨਾ ਕੀਤੀ ਹੈ।
ਹੁਣ ਸੁਪਰੀਮ ਕੋਰਟ ਪਤੰਜਲੀ ਦੇ ਮਾਮਲੇ ‘ਤੇ ਭਲਕੇ (30 ਅਪ੍ਰੈਲ) ਨੂੰ ਸੁਣਵਾਈ ਕਰੇਗੀ ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ਰਾਮਦੇਵ ‘ਤੇ ਮਾਣਹਾਨੀ ਦਾ ਦੋਸ਼ ਲਗਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ।