ਪਰਮਿੰਦਰ ਸਿੰਘ ਬਰਿਆਣਾ।
ਦਾ ਐਡੀਟਰ ਨਿਊਜ਼. ਚੰਡੀਗੜ੍ਹ। ਨੈਟ ਫਲੈਕਸ ’ਤੇ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਦਿਲਜੀਤ ਦੁਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ ਤੋਂ ਬਾਅਦ ਇੱਕ ਵਾਰ ਫਿਰ ਅਮਰਜੋਤ ਅਤੇ ਚਮਕੀਲਾ ਚਰਚਾ ਵਿੱਚ ਹੈ ਅਤੇ ਨਾਲ ਹੀ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਆਖਿਰਕਾਰ ਇਸ ਵਿਵਾਦਤ ਦੋਗਾਣਾ ਗਾਇਕ ਜੋੜੀ ਨੂੰ ਕਿਸ ਨੇ ਮਾਰਿਆ ਸੀ, ਇਸ ਸਬੰਧੀ ਪਿਛਲੇ ਕੁਝ ਦਿਨਾਂ ਤੋਂ ‘ ਦਾ ਐਡੀਟਰ ਨਿਊਜ਼ ’ ਵੱਲੋਂ ਇਸ ਗਾਇਕ ਜੋੜੀ ਨੂੰ ਕਤਲ ਕਰਨ ਦੇ ਪਿੱਛੇ ਕਿਸ ਦਾ ਹੱਥ ਸੀ ? ਇਸ ਦੀ ਜਾਂਚ ਕੀਤੀ ਗਈ ਹੈ ਅਤੇ ਇਹ ਗੱਲ ਨਿੱਕਲ ਕੇ ਸਾਹਮਣੇ ਆਈ ਹੈ ਕਿ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਚਮਕੀਲਾ ਨੂੰ ਨਾ ਤਾਂ ਫਰੌਤੀ ਲਈ ਮਾਰਿਆ ਗਿਆ ਤੇ ਨਾ ਹੀ ਕਿਸੇ ਗਾਇਕ ਵੱਲੋਂ ਮਰਵਾਇਆ ਗਿਆ ਅਤੇ ਨਾ ਹੀ ਕਿਸੇ ਜਾਤੀਵਾਦ ਕਰਕੇ ਮਾਰਿਆ ਗਿਆ, ਸਗੋਂ ਉਨ੍ਹਾਂ ਨੂੰ ਮਾਰਨ ਪਿੱਛੇ ਖਾਲਿਸਤਾਨ ਕਮਾਂਡੋ ਫੋਰਸ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਿੱਧੇ ਤੌਰ ’ਤੇ ਹੱਥ ਸੀ ਅਤੇ ਚਮਕੀਲਾ ਕਤਲ ਕਾਂਡ ਤੋਂ ਬਾਅਦ ਇਸ ਦੀ ਬਕਾਇਦਾ ਤੌਰ ’ਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ ਨੇ ਜਿੰਮੇਵਾਰੀ ਲਈ ਸੀ।
ਇਸ ਕਤਲ ਕਾਂਡ ਦੀ ਦਿਲਚਸਪ ਗੱਲ ਤਾਂ ਇਹ ਹੈ ਕਿ ਅਮਰ ਸਿੰਘ ਚਮਕੀਲਾ ਨੂੰ ਪਹਿਲਾਂ ਹੀ ਉਸ ਦੇ ਲੁਧਿਆਣਾ ਸਥਿਤ ਦਫਤਰ ਵਿੱਚ ਮਾਰ ਦਿੱਤਾ ਜਾਣਾ ਸੀ, ਜੇਕਰ ਉਹ ਉਸ ਜਿਸ ਦਿਨ ਜਿਹੜੇ ਵਿਅਕਤੀ ਉਸ ਨੂੰ ਮਾਰਨ ਗਏ ਸੀ ਉਨ੍ਹਾਂ ਨੂੰ ਉਹ ਮਿਲ ਜਾਂਦਾ ਤਾਂ ਅਤੇ ਇਹ ਵੀ ਗੱਲ ਨਿੱਕਲ ਕੇ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਸਿਰਫ ਅਮਰ ਸਿੰਘ ਚਮਕੀਲੇ ਨੂੰ ਹੀ ਮਾਰਨਾ ਸੀ, ਜਦ ਕਿ ਅਮਰਜੋਤ ਉਸ ਵਕਤ ਮਾਰੀ ਗਈ ਜਦੋਂ ਉਹ ਜਮੀਨ ’ਤੇ ਡਿੱਗ ਚੁੱਕੇ ਅਮਰ ਸਿੰਘ ਚਮਕੀਲੇ ਦੇ ਉੱਪਰ ਲੰਮੀ ਪੈ ਗਈ ਅਤੇ ਉਹ ਵੀ ਗੋਲੀਬਾਰੀ ਦੀ ਭੇਂਟ ਚੜ੍ਹ ਗਈ, ਹਾਲਾਂਕਿ ਫਿਲਮ ਵਿੱਚ ਕਈ ਤੱਥ ਤਰੋੜ ਮਰੋੜ ਕੇ ਪੇਸ਼ ਕੀਤੇ ਗਏ ਹਨ। ਇਕੱਠੇ ਕੀਤੇ ਗਏ ਵੇਰਵਿਆਂ ਮੁਤਾਬਿਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਖਾੜਕੂ ਗੁਰਦੀਪ ਸਿੰਘ ਹੇਰਾਂ, ਗੁਰਨੇਕ ਸਿੰਘ ਨੇਕਾ ਅਤੇ ਸੁਖਦੇਵ ਸਿੰਘ ਸੋਢੀ ਨੇ ਮਾਰਿਆ ਸੀ ਅਤੇ ਜਦੋਂ ਇਨ੍ਹਾਂ ਨੂੰ ਉੱਥੇ ਕਤਲ ਕੀਤਾ ਜਾ ਰਿਹਾ ਸੀ ਥੋੜੀ ਦੂਰ ’ਤੇ ਦੋ ਹੋਰ ਖਾੜਕੂ ਗੁਰਦੇਵ ਸਿੰਘ ਰੁੜਕਾ ਅਤੇ ਪਰਮਜੀਤ ਸਿੰਘ ਵੀਰ ਪਿੰਡ ਵਾਲਾ ਵੀ ਦੋ ਸਾਲਟਾਂ ਲੈ ਕੇ ਸਕੂਟਰ ’ਤੇ ਖੜ੍ਹੇ ਸਨ ਕਿਉਂਕਿ ਜੇਕਰ ਗੁਰਦੀਪ ਦੀਪਾ ਹੇਰਾਂ ਵਾਲਾ ਚਮਕੀਲੇ ਨੂੰ ਮਾਰਨ ਵਿੱਚ ਫੇਲ ਹੁੰਦਾ ਤਾਂ ਫਿਰ ਇਨ੍ਹਾਂ ਵਿਅਕਤੀਆਂ ਨੇ ਚਮਕੀਲੇ ਨੂੰ ਕਤਲ ਕਰਨਾ ਸੀ।
ਹੋਸਟਲ ਦੇ 62 ਨੰਬਰ ਕਮਰੇ ਵਿੱਚ ਚਮਕੀਲੇ ਨੂੰ ਮਾਰਨ ਬਾਰੇ ਤੈਅ ਹੋਇਆ ਸੀ- ਲਵਸ਼ਿੰਦਰ ਸਿੰਘ (ਸਾਬਕਾ ਖਾੜਕੂ)
ਦਾ ਐਡੀਟਰ ਨਿਊਜ਼ ਵੱਲੋਂ ਗੁਰਦੀਪ ਸਿੰਘ ਦੀਪਾ ਹੇਰਾ ਦੇ ਸਾਥੀ ਰਹੇ ਇੰਗਲੈਂਡ ਵਿੱਚ ਰਹਿ ਰਹੇ ਲਵਸ਼ਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਚਮਕੀਲਾ ਕਤਲ ਕਾਂਡ ਨਾਲ ਸੰਬੰਧਿਤ ਕਈ ਸਨਸਨੀਖੇਜ ਖੁਲਾਸੇ ਕੀਤੇ, ਉਨ੍ਹਾਂ ਦੱਸਿਆ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਝੋਕ ਹਰੀਹਰ ਨੇ ਇੱਕ 11 ਨੁਕਾਤੀ ਸਮਾਜ ਸੁਧਾਰ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਵਿੱਚ ਦਾਜ, ਬਰਾਤਾਂ ਦੇ ਨਾਲ-ਨਾਲ ਲੱਚਰ ਗਾਇਕੀ ਨੂੰ ਠੱਲ ਪਾਉਣ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਇਸੇ ਕੜੀ ਤਹਿਤ ਚਮਕੀਲੇ ਨੂੰ ਵੀ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ ਪਰ ਉਸ ਨੇ ਕੈਨੇਡਾ ਟੂਰ ਦੌਰਾਨ ਗੁਰਜੀਤ ਸਿੰਘ ’ਤੇ ਹੀ ਪੈਸੇ ਮੰਗਣ ਦਾ ਇਲਜ਼ਾਮ ਲਗਾਉਂਦੇ ਹੋਏ ਧਮਕੀਆਂ ਨੂੰ ਦਰਕਿਨਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪਹਿਲੀ ਮੀਟਿੰਗ ਲੁਧਿਆਣਾ ਦੇ ਦੁਗਰੀ ਸ਼ਮਸ਼ਾਨ ਘਾਟ ਦੇ ਪਾਸ ਇੱਕ ਕੋਠੀ ਦੇ ਵਿੱਚ ਹੋਈ, ਜਿਸ ਵਿੱਚ ਉਹ ਖੁਦ ਅਤੇ ਸਤਪਾਲ ਸਿੰਘ ਢਿੱਲੋ, ਗੁਰਨੇਕ ਸਿੰਘ ਨੇਕਾ, ਗੁਰਦੀਪ ਸਿੰਘ ਦੀਪਾ ਹੇਰਾਂ, ਸ਼ੇਰ ਸਿੰਘ ਪੰਡੋਰੀ, ਗੁਰਜੀਤ ਸਿੰਘ ਕਾਕਾ ਪੋਹਲੀ ਸ਼ਾਮਿਲ ਹੋਏ ਅਤੇ ਮੀਟਿੰਗ ਦੌਰਾਨ ਚਮਕੀਲੇ ਨੂੰ ਚੇਤਾਵਨੀ ਦੇਣ ’ਤੇ ਸਭ ਦੀ ਸਹਿਮਤੀ ਬਣੀ, ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਤੋਂ ਬਾਅਦ ਉਹ ਅਤੇ ਗੁਰਦੀਪ ਸਿੰਘ ਦੀਪਾ ਹੇਰਾਂ ਲੁਧਿਆਣਾ ਦੇ ਚਮਕੀਲੇ ਦੇ ਆਫਿਸ ਗਏ, ਜਿੱਥੇ ਉਨ੍ਹਾਂ ਨੂੰ ਉਸ ਦਾ ਕਲਰਕ ਮਿਲਿਆ ਅਤੇ ਉਸ ਤੋਂ ਚਮਕੀਲੇ ਦੇ ਪ੍ਰੋਗਰਾਮ ਪੁੱਛੇ ਜਿਸ ਨੇ ਦੱਸਿਆ ਕਿ ਚਮਕੀਲੇ ਦੀਆਂ ਛੇ ਮਹੀਨੇ ਦੀਆਂ ਪੂਰੀਆਂ ਬੁਕਿੰਗਾਂ ਹੋ ਚੁੱਕੀਆਂ ਹਨ ਅਤੇ ਉਸ ਤੋਂ ਬਾਅਦ ਉਸ ਨੇ ਕੈਨੇਡਾ ਚਲੇ ਜਾਣਾ ਹੈ ਅਤੇ ਉਹ ਉਥੋਂ ਵਾਪਸ ਆ ਗਏ, ਇਸੇ ਦੌਰਾਨ ਹੀ ਫੈਡਰੇਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਝੋਕ ਹਰੀਹਰ ਨੂੰ ਇਹ ਜਾਣਕਾਰੀ ਮਿਲ ਜਾਂਦੀ ਹੈ ਕਿ ਅਮਰ ਸਿੰਘ ਚਮਕੀਲੇ ਨੇ ਕੈਨੇਡਾ ਵਿੱਚ ਉਸ ’ਤੇ ਪੈਸੇ ਮੰਗਣ ਦਾ ਇਲਜ਼ਾਮ ਲਗਾਇਆ ਹੈ, ਇੱਥੇ ਇਹ ਗੱਲ ਦੱਸਣੀ ਵਾਜਬ ਹੋਵੇਗੀ ਗੁਰਜੀਤ ਸਿੰਘ ਜਿਸ ਵਖਤ ਫੈਡਰੇਸ਼ਨ ਦਾ ਪ੍ਰਧਾਨ ਬਣਿਆ ਸੀ, ਉਸ ਵਖਤ ਉਹ ਢਾਈ ਸੌ ਕਿੱਲੇ ਜਮੀਨ ਦਾ ਮਾਲਕ ਸੀ ਅਤੇ ਉਸ ਵਖਤ ਉਹ ਲੱਖਾਂ ਵਿੱਚ ਖੇਲ੍ਹ ਰਿਹਾ ਸੀ, ਇਸ ਗੱਲ ਨੇ ਚਮਕੀਲੇ ਦੀ ਮੌਤ ਨੂੰ ਤੈਅ ਕਰ ਦਿੱਤਾ ਅਤੇ ਦੁਬਾਰਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਹੋਸਟਲ ਦੇ ਕਮਰਾ ਨੰਬਰ-62 ਵਿੱਚ ਇੱਕ ਮੀਟਿੰਗ ਹੋਈ, ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਮਰੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਅਤੇ ਫੈਡਰੇਸ਼ਨ ਦੀਆਂ ਅਕਸਰ ਮੀਟਿੰਗਾਂ ਹੋਇਆ ਕਰਦੀਆਂ ਸਨ ਤੇ ਇਸ ਮੀਟਿੰਗ ਵਿੱਚ ਗੁਰਦੀਪ ਸਿੰਘ ਦੀਪਾ ਹੇਰਾ ਸ਼ਾਮਿਲ ਨਹੀਂ ਸੀ ਅਤੇ ਸਤਪਾਲ ਸਿੰਘ ਢਿੱਲੋ, ਗੁਰਨੇਕ ਸਿੰਘ ਨੇਕਾ, ਸ਼ੇਰ ਸਿੰਘ ਪੰਡੋਰੀ, ਗੁਰਜੀਤ ਸਿੰਘ ਕਾਕਾ, ਗੁਰਮੀਤ ਸਿੰਘ ਮੀਤਾ ਅਤੇ ਸਰਬਜੀਤ ਸਿੰਘ ਸਮੇਤ 19 ਸਿੱਖ ਖਾੜਕੂ ਇਸ ਵਿੱਚ ਸ਼ਾਮਿਲ ਹੋਏ ਅਤੇ ਇਹ ਫੈਸਲਾ ਹੋਇਆ ਜਿਸ ਨੂੰ ਵੀ ਅਮਰ ਸਿੰਘ ਚਮਕੀਲਾ
ਜਿੱਥੇ ਵੀ ਮਿਲਦਾ ਹੈ ਉਹ ਹੀ ਉੱਥੇ ਉਸ ਨੂੰ ਮਾਰ ਦੇਵੇਗਾ।
ਪ੍ਰੋਗਰਾਮ ਕਰਾਉਣ ਵਾਲਿਆਂ ਨੂੰ ਦੀਪਾ ਹੇਰਾਂ ਨੇ ਸਮਝਾਇਆ ਸੀ
ਲਵਸ਼ਿੰਦਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੀਪਾ ਹੇਰਾਂ ਨੂੰ ਇਹ ਜਾਣਕਾਰੀ ਮਿਲ ਗਈ ਸੀ ਕਿ ਅਮਰ ਸਿੰਘ ਚਮਕੀਲੇ ਦਾ ਪ੍ਰੋਗਰਾਮ ਫਿਲੌਰ ਦੇ ਨਜ਼ਦੀਕ ਪੈਂਦੇ ਪਿੰਡ ਮੈਸਨਪੁਰ ਵਿੱਚ ਹੋਣ ਜਾ ਰਿਹਾ ਹੈ, ਇਸ ਪਿੱਛੋ ਗੁਰਦੀਪ ਸਿੰਘ ਦੀਪਾ ਹੇਰਾਂ, ਗੁਰਨੇਕ ਸਿੰਘ ਨੇਕਾ ਅਤੇ ਸੁਖਦੇਵ ਸਿੰਘ ਉਰਫ ਹਰੀ ਸਿੰਘ ਇਹ ਤਿੰਨੋ ਸਕੂਟਰ ’ਤੇ ਸਵਾਰ ਹੋ ਕੇ ਮੈਸਨਪੁਰ ਪਹੁੰਚ ਗਏ ਅਤੇ ਪਹਿਲਾਂ ਦੀਪਾ ਹੇਰਾਂ ਵਾਲਾ ਉਸ ਪਰਿਵਾਰ ਨੂੰ ਮਿਲਿਆ ਜਿਸ ਦੇ ਘਰ ਚਮਕੀਲੇ ਦਾ ਪ੍ਰੋਗਰਾਮ ਹੋ ਰਿਹਾ ਸੀ ਅਤੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਪਹਿਲਾਂ ਸ਼੍ਰੀ ਆਖੰਡ ਪਾਠ ਸਾਹਿਬ ਕਰਵਾਇਆ ਹੈ ਅਤੇ ਹੁਣ ਤੁਸੀਂ ਚਮਕੀਲਾ ਲਵਾ ਰਹੇ ਹੋ ਅਤੇ ਕਿਹਾ ਕਿ ਇਸ ਇਲਾਕੇ ਵਿੱਚ ਅੱਤਵਾਦੀ ਘੁੰਮ ਰਹੇ ਹਨ ਤਾਂ ਪਰਿਵਾਰਿਕ ਮੈਂਬਰਾਂ ਨੇ ਅੱਗੋਂ ਜਵਾਬ ਦਿੱਤਾ ਕਿ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਪਿਛਲੇ ਚੁਬਾਰੇ ਵਿੱਚ ਆ ਚੁੱਕੇ ਹਨ ਅਤੇ ਤੁਸੀਂ ਵੀ ਉਨ੍ਹਾਂ ਦਾ ਪ੍ਰੋਗਰਾਮ ਦੇਖੋ ਅਤੇ ਇਹ ਕਹਿ ਕੇ ਦੀਪਾ ਹੇਰਾਂ ਆਪਣੇ ਸਾਥੀਆਂ ਕੋਲ ਚਲਾ ਗਿਆ ਅਤੇ ਚਮਕੀਲੇ ਦਾ ਇੰਤਜ਼ਾਰ ਕਰਨ ਲੱਗੇ, ਇੰਨੇ ਨੂੰ ਅਮਰ ਸਿੰਘ ਚਮਕੀਲਾ ਦੀ ਕਾਰ ਉੱਥੇ ਆਣ ਕੇ ਰੁਕਦੀ ਹੈ ਅਤੇ ਅਮਰਜੋਤ ਸਭ ਤੋਂ ਪਹਿਲਾਂ ਗੱਡੀ ਵਿੱਚੋਂ ਨਿੱਕਲ ਕੇ ਆਪਣੇ ਪਰਸ ਵਿੱਚੋਂ ਛੋਟਾ ਜਿਹਾ ਸ਼ੀਸ਼ਾ ਕੱਢ ਕੇ ਆਪਣਾ ਮੇਕਅੱਪ ਚੈੱਕ ਕਰਨ ਤੋਂ ਬਾਅਦ ਉਹ ਸ਼ੀਸ਼ਾ ਆਪਣੇ ਪਰਸ ਵਿੱਚ ਪਾ ਹੀ ਰਹੀ ਸੀ ਤਾਂ ਉਧਰੋਂ ਗੁਰਦੀਪ ਸਿੰਘ ਦੀਪਾ ਹੇਰਾ ਨੇ ਚਮਕੀਲੇ ਦੇ ਅਸਾਲਟ ਦਾ ਬਰਸਟ ਮਾਰਿਆ ਅਤੇ ਚਮਕੀਲਾ ਹੇਠਾਂ ਡਿੱਗ ਗਿਆ, ਜਿਸ ਪਿੱਛੋ ਜਦੋਂ ਚਮਕੀਲੇ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਸਨ ਤਦ ਅਮਰਜੋਤ ਵੀ ਚਮਕੀਲੇ ਉੱਪਰ ਆ ਡਿੱਗੀ ਸੀ, ਹਾਲਾਂਕਿ ਫਿਲਮ ਵਿੱਚ ਅਮਰਜੋਤ ਦੇ ਸਿਰ ਵਿੱਚ ਗੋਲੀ ਪਹਿਲਾ ਮਾਰੀ ਦਿਖਾਈ ਗਈ ਹੈ।
ਜਦੋਂ ਗੋਲੀਆਂ ਚੱਲ ਰਹੀਆਂ ਸਨ ਤਾਂ ਵੱਡੀ ਤਾਦਾਦ ਵਿੱਚ ਆਏ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਇੰਨੇ ਨੂੰ ਹੀ ਗੁਰਨੇਕ ਸਿੰਘ ਨੇਕਾ ਸਟੇਜ ’ਤੇ ਚੜ੍ਹ ਗਿਆ ਅਤੇ ਮਾਇਕ ਫੜ ਕੇ ਉਸ ਨੇ ਭੱਜੇ ਜਾ ਰਹੇ ਲੋਕਾਂ ਨੂੰ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਪੁਲਿਸ ਸਿੱਖ ਨੌਜਵਾਨਾਂ ਦਾ ਲਹੂ ਵਹਾ ਰਹੀ ਹੈ ਅਤੇ ਦੂਸਰੇ ਪਾਸੇ ਤੁਸੀਂ ਇਸ ਤਰ੍ਹਾਂ ਦੇ ਲੱਚਰ ਗੀਤ ਸੁਣ ਰਹੇ ਹੋ ਲੇਕਿਨ ਉਸ ਦੌਰਾਨ ਲੋਕਾਂ ਦੀ ਹਫੜਾ ਦਫੜੀ ਜਾਰੀ ਰਹੀ, ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਤੈਅ ਹੋ ਚੁੱਕਾ ਸੀ ਕਿ ਅਮਰ ਸਿੰਘ ਚਮਕੀਲਾ ਨੂੰ ਹਰ ਹਾਲਤ ਵਿੱਚ ਮਾਰਨਾ ਹੈ ਅਤੇ ਇਹ ਮੌਕਾ ਖੰਝਾਉਣਾ ਨਹੀਂ ਹੈ ਤੇ ਇਸਦੇ ਚੱਲਦਿਆਂ ਹੀ ਦੋ ਹੋਰ ਵਿਅਕਤੀਆਂ ਨੂੰ ਸਟੈਂਡ ਬਾਈ ਰੱਖਿਆ ਗਿਆ ਸੀ, ਜਿਸ ਵਿੱਚ ਗੁਰਦੇਵ ਸਿੰਘ ਰੁੜਕਾ ਅਤੇ ਪਰਮਜੀਤ ਸਿੰਘ ਪੰਮਾ ਵੀਰ ਪਿੰਡ ਵਾਲਾ ਵੀ ਦੋ ਸਾਲਟਾਂ ਲੈ ਕੇ ਦੂਰ ਖੜੇ ਸਾਰੀ ਘਟਨਾ ਨੂੰ ਦੇਖ ਰਹੇ ਸੀ ਅਤੇ ਇਸ ਤੋਂ ਬਾਅਦ ਇਹ ਪੰਜੇ ਵਿਅਕਤੀ ਨਜ਼ਦੀਕ ਪੈਂਦੇ ਪਿੰਡ ਸੰਗ ਢੇਸੀਆਂ ਵਿਖੇ ਗਏ ਜਿੱਥੇ ਇਨ੍ਹਾਂ ਦੀ ਇੱਕ ਬਹੁਤ ਵੱਡੀ ਠਾਹਰ ਸੀ।
ਪੰਥਕ ਕਮੇਟੀ ਦੇ ਕਮਜ਼ੋਰ ਹੋਣ ਤੋਂ ਬਾਅਦ ਚਮਕੀਲਾ ਹੋ ਗਿਆ ਸੀ ਬੇਖਬਰ
26 ਜਨਵਰੀ 1986 ਵਿੱਚ ਹੋਏ ਸਰਬੱਤ ਖਾਲਸੇ ਵਿੱਚ ਪੰਜ ਮੈਂਬਰੀ ਪੰਥਕ ਕਮੇਟੀ ਚੁਣੀ ਗਈ ਸੀ, ਜਿਸ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਕਈ ਮੀਟਿੰਗਾਂ ਕੀਤੀਆਂ, ਜਿਸ ਤਰ੍ਹਾਂ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਚਮਕੀਲੇ ਦਾ ਸਾਥੀ ਸਵਰਨ ਸਿਵੀਆ ਉਨ੍ਹਾਂ ਨੂੰ ਪੰਥਕ ਕਮੇਟੀ ਦੇ ਪਾਸ ਲੈ ਕੇ ਜਾਂਦਾ ਹੈ ਜੋ ਕਿ ਇੱਕ ਸੱਚੀ ਘਟਨਾ ਹੈ। ਦੱਸਿਆ ਜਾ ਰਿਹਾ ਹੈ ਕਿ ਚਮਕੀਲੇ ਨੇ ਉੱਥੇ 5200 ਰੁਪਏ ਦੀ ਦੇਗ ਵੀ ਕਰਵਾਈ, ਬਾਅਦ ਵਿੱਚ ਇਸ ਪੰਥਕ ਕਮੇਟੀ ਦੇ ਪੰਜ ਮੈਂਬਰਾਂ ਵਿੱਚੋਂ ਦੋ ਮੈਂਬਰ ਪਹਿਲਾਂ ਹੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਅਤੇ ਇੱਕ ਮੈਂਬਰ ਸਾਰਾ ਕੁਝ ਛੱਡ ਕੇ ਅਮਰੀਕਾ ਚਲਾ ਗਿਆ ਅਤੇ ਬਾਅਦ ਵਿੱਚ ਸਿਰਫ ਗੁਰਬਚਨ ਸਿੰਘ ਮਾਨੋਚਾਹਲ ਅਤੇ ਵੱਸਣ ਸਿੰਘ ਜੱਫਰਵਾਲ ਹੀ ਰਹਿ ਜਾਂਦੇ ਹਨ ਅਤੇ ਇਸ ਦੀ ਜਾਣਕਾਰੀ ਚਮਕੀਲੇ ਨੂੰ ਵੀ ਸੀ ਅਤੇ ਇਸ ਕਰਕੇ ਚਮਕੀਲਾ ਬੇਖੌਫ ਹੋ ਗਿਆ ਅਤੇ ਬਿਨਾਂ ਪ੍ਰਵਾਹ ਕੀਤਿਆਂ ਹੀ ਫਿਰ ਉਹੀ ਗਾਉਂਦਾ ਰਿਹਾ, ਜਿਸ ਨੂੰ ਉਸਨੂੰ ਗਾਉਣ ਤੋਂ ਫਿਰ ਰੋਕਿਆ ਗਿਆ ਸੀ।
ਚਮਕੀਲੇ ਦੇ ਮਾਮਲੇ ਵਿੱਚ ਪੁਲਿਸ ਨੇ ਨਹੀਂ ਕੀਤੀ ਸੰਜੀਦਾ ਜਾਂਚ
ਨੈਟ ਫਲੈਕਸ ਤੋਂ ਪੰਜਾਬੀ ਦੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਹਨਾਂ ਦੀ ਪਤਨੀ ਅਮਰਜੋਤ ਕੌਰ ਦੇ ਜੀਵਨ ਤੇ ਅਧਾਰਿਤ ਇੱਕ ਫਿਲਮ ਰਿਲੀਜ਼ ਹੋਈ ਹੈ, ਇਸ ਫਿਲਮ ਵਿੱਚ ਅਮਰ ਸਿੰਘ ਚਮਕੀਲੇ ਦਾ ਕਿਰਦਾਰ ਪੰਜਾਬੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਲਜੀਤ ਦੁਸਾਂਝ ਅਤੇ ਅਮਰਜੋਤ ਕੌਰ ਦਾ ਕਿਰਦਾਰ ਬਾਲੀਵੁੱਡ ਦੀ ਅਦਾਕਾਰ ਪਰਨੀਤੀ ਚੋਪੜਾ ਨੇ ਨਿਭਾਇਆ ਹੈ ਹਾਲਾਂਕਿ ਇਸ ਫਿਲਮ ਦੀ ਰਿਲੀਜ ਹੋਣ ਤੋਂ ਬਾਅਦ ਪੰਜਾਬ ਦੇ ਖਾੜਕੂਵਾਦ ਨੂੰ ਫਿਰ ਯਾਦ ਕਰਵਾਇਆ ਹੈ ਅਤੇ ਇਸ ਫਿਲਮ ਵਿੱਚ ਫਿਲਮ ਨਿਰਮਾਤਾ ਨੇ ਚਮਕੀਲੇ ਦੀ ਸਾਰੀ ਜ਼ਿੰਦਗੀ ’ਤੇ ਤਾਂ ਝਲਕ ਮਾਰੀ ਹੀ ਹੈ ਪਰ ਫਿਲਮ ਵਿੱਚ ਉਸ ਦੀ ਮੌਤ ਨੂੰ ਖਾੜਕੂਵਾਦ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਦੀ ਆਪਸੀ ਖਹਿਬਾਜ਼ੀ ਦੇ ਨਾਲ ਜੋੜ ਕੇ ਵਿਖਾÇਆ ਗਿਆ ਹੈ ਪਰ ਇਸ ਗੱਲ ਦਾ ਫਿਲਮ ਵਿੱਚ ਖੁਲਾਸਾ ਨਹੀਂ ਕੀਤਾ ਗਿਆ ਕਿ ਆਖਰਕਾਰ ਇਸ ਦੋਗਾਣਾ ਜੋੜੀ ਨੂੰ ਕਿਸ ਨੇ ਮੌਤ ਦੇ ਘਾਟ ਉਤਾਰਿਆ, ਇਸ ਮਾਮਲੇ ਵਿੱਚ ਦਾ ਐਡੀਟਰ ਨਿਊਜ਼ ਵੱਲੋਂ ਇੱਕ ਪੜਤਾਲ ਕੀਤੀ ਗਈ, ਜਿਸ ਵਿੱਚ ਜਿੱਥੇ ਉਸ ਸਮੇਂ ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਉੱਥੇ ਹੀ ਪੰਜਾਬ ਦੇ ਖਾੜਕੂਵਾਦ ਦੇ ਉਨ੍ਹਾਂ ਅਹਿਮ ਕਿਰਦਾਰਾਂ ਨਾਲ ਵੀ ਗੱਲਬਾਤ ਕੀਤੀ ਗਈ ਜਿਨਾਂ ਦੀ ਉਸ ਸਮੇਂ ਵੱਡੀ ਭੂਮਿਕਾ ਰਹੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਵੱਡੀ ਜਾਂਚ ਹੀ ਨਹੀਂ ਕੀਤੀ ਕਿਉਂਕਿ ਇੱਕ ਪੁਲਿਸ ਅਧਿਕਾਰੀ ਦੇ ਮੁਤਾਬਿਕ ਉਸ ਸਮੇਂ ਪੁਲਿਸ ਦੇ ਅੱਗੇ ਦੋ ਥਿਊਰੀਆਂ ਕੰਮ ਕਰ ਰਹੀਆਂ ਸਨ, ਜਿਸ ਵਿੱਚ ਪੁਲਿਸ ਪਹਿਲੀ ਥਿਊਰੀ ਦੇ ਵਿੱਚ ਚਮਕੀਲੇ ਦੀ ਮੌਤ ਨੂੰ ਪੰਜਾਬੀ ਗਾਇਕਾਂ ਦੀ ਖਹਿਬਾਜੀ ਅਤੇ ਦੂਸਰੀ ਥਿਊਰੀ ਨਿਰੋਲ ਸਿੱਖ ਖਾਲਿਸਤਾਨੀ ਖਾੜਕੂਆਂ ਦੀ ਸੀ ਲੇਕਿਨ ਪੁਲਿਸ ਕਿਸੇ ਵੀ ਨਤੀਜੇ ’ਤੇ ਨਹੀਂ ਪਹੁੰਚ ਸਕੀ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅੱਤਵਾਦ ਦੇ ਸਮੇਂ ਐਫਆਈਆਰ ਤਾਂ ਜਰੂਰ ਹੁੰਦੀਆਂ ਸੀ ਪਰ ਉਨ੍ਹਾਂ ਦੀ ਜਾਂਚ ਦਾ ਕੰਮ ਘੱਟ ਹੀ ਹੁੰਦਾ ਸੀ, ਜਿਆਦਾਤਰ ਐਫਆਈਆਰ ਅਣਪਛਾਤਿਆਂ ਵਿਅਕਤੀਆਂ ਦੇ ਖਿਲਾਫ ਹੀ ਹੁੰਦੀਆਂ ਸੀ ਅਤੇ ਚਮਕੀਲੇ ਵਾਲੇ ਮਾਮਲੇ ਵਿੱਚ ਵੀ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਨੂਰਮਹਿਲ ਥਾਣੇ ਦੇ ਵਿੱਚ 65 ਨੰਬਰ ਐਫਆਈਆਰ ਦਰਜ ਕੀਤੀ ਗਈ ਸੀ।
ਗਾਣੇ ਤੱਕ ਦਿਖਾਉਦੇ ਰਹੇ ਪੰਜਾਬੀ ਕਲਾਕਾਰ
ਜਦੋਂ ਮਈ 1987 ਵਿੱਚ ਬੀਬੀ ਕਾਹਨ ਕੌਰ ਦੇ ਗੁਰਦੁਆਰਾ ਮੋਗਾ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਕਨਵੈਨਸ਼ਨ ਸੱਦੀ ਗਈ ਤਾਂ ਜਿੱਥੇ ਇੱਕ ਵੱਡਾ ਇਕੱਠ ਹੋਇਆ ਸੀ ਤੇ ਇਸ ਇਕੱਠ ਵਿੱਚ ਹੀ ਇੱਕ 11 ਨੁਕਾਤੀ ਸਮਾਜ ਸੁਧਾਰ ਲਹਿਰ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਫਜ਼ੂਲ ਖਰਚੇ, ਦਾਜ , ਬਰਾਤਾਂ ਘੱਟ ਲਿਜਾਣੀਆਂ ਦੇ ਨਾਲ-ਨਾਲ ਲੱਚਰ ਗਾਇਕੀ ਤੋਂ ਵੀ ਠੱਲ ਪਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਕਨਵੈਨਸ਼ਨ ਦੌਰਾਨ ਪੰਜਾਬੀ ਦੇ ਕਈ ਮਸ਼ਹੂਰ ਗਾਇਕ ਵੀ ਮੌਜੂਦ ਸਨ ਜਿਨ੍ਹਾ ਵਿੱਚ ਕੁਲਦੀਪ ਮਾਣਕ, ਮੁਹੰਮਦ ਸਦੀਕ, ਸੁਰਿੰਦਰ ਸ਼ਿੰਦਾ ਆਦਿ ਪੁੱਜੇ ਸਨ ਲੇਕਿਨ ਚਮਕੀਲਾ ਇਸ ਕਨਵੈਨਸ਼ਨ ਵਿੱਚ ਨਹੀਂ ਪੁੱਜਾ ਤਾਂ ਗਾਇਕਾਂ ਨੇ ਆਪਣੇ ਗਾਉਣੇ ਵਾਲੇ ਗੀਤ ਫੈਡਰੇਸ਼ਨ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤਦ ਉਸ ਸਮੇਂ ਫੈਡਰੇਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਗਾਇਕਾਂ ਨੂੰ ਤਾੜਨਾ ਕਰਦਿਆ ਕਿਹਾ ਕਿ ਅਸੀਂ ਤੁਹਾਡੇ ਗੀਤ ਨਹੀਂ ਦੇਖਣੇ, ਬੱਸ ਤੁਸੀਂ ਉਹ ਗੀਤ ਗਾਵੋ ਜਿਹੜੇ ਤੁਸੀਂ ਆਪਣੀ ਮਾਂ ਤੇ ਭੈਣ ਨਾਲ ਇਕੱਠੇ ਬੈਠ ਕੇ ਸੁਣ ਸਕੋ, ਹਾਲਾਂਕਿ ਦੂਸਰੇ ਦਿਨ ਅਖਬਾਰਾਂ ਵਿੱਚ ਇਹ ਖਬਰ ਛਪੀ ਕਿ ਸਿੰਘਾਂ ਦਾ ਸੈਂਸਰ ਲਾਗੂ ਹੋ ਗਿਆ ਤੇ ਇਨ੍ਹਾਂ ਗਾਇਕਾਂ ਨੇ ਮੁੜ ਕੇ ਕਦੇ ਵੀ ਲੱਚਰ ਗੀਤ ਨਹੀਂ ਗਾਇਆ ਹਾਲਾਂਕਿ ਚਮਕੀਲਾ ਇਨ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਲਗਾਤਾਰ ਵਿਵਾਦਿਤ ਗੀਤ ਹੀ ਗਾਉਂਦਾ ਰਿਹਾ।
ਸਿੱਖਾਂ ਦਾ ਗਲਤ ਨੈਰੇਟਿਵ ਪੇਸ਼ ਕਰਨ ਦੀ ਕੋਸ਼ਿਸ਼-ਉਦੋਕੇ
ਉੱਘੇ ਸਿੱਖ ਵਿਦਵਾਨ ਡਾ. ਸੁਖਜੀਤ ਸਿੰਘ ਉਦੋਕੇ ਨੇ ਦਲਜੀਤ ਦੋਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆ ਕਿਹਾ ਕਿ ਇਸ ਫਿਲਮ ਵਿੱਚ ਸਿੱਖਾਂ ਦਾ ਖਾਸਕਰਕੇ ਪੰਜਾਬ ਦੀ ਖਾੜਕੂਵਾਦ ਲਹਿਰ ਸਬੰਧੀ ਗਲਤ ਨੈਰੇਟਿਵ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਫਿਲਮ ਵਿੱਚ ਇਹ ਦੱਸਿਆ ਗਿਆ ਕਿ ਚਮਕੀਲੇ ਨੂੰ ਜਾਤੀਵਾਦ ਦੇ ਆਧਾਰਿਤ ਇੱਕ ਦਲਿਤ ਦੇ ਉਭਾਰ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਕਿਹਾ ਕਿ ਜਦੋਂ ਕਿ ਚਮਕੀਲੇ ਦੀ ਘਟਨਾ ਨਾਲ ਦਲਿਤ ਜਾਂ ਜਾਤੀਵਾਦ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਸ ਨੂੰ ਸਿਰਫ ਲੱਚਰ ਗਾਇਕੀ ਕਰਕੇ ਹੀ ਮਾਰਿਆ ਗਿਆ। ਡਾ. ਉਦੋਕੇ ਨੇ ਕਿਹਾ ਕਿ ਤੁਸੀਂ ਅੱਜ ਵੀ ਚਮਕੀਲੇ ਦੇ ਗੀਤ ਆਪਣੇ ਪਰਿਵਾਰ ਵਿੱਚ ਬੈਠ ਕੇ ਨਹੀਂ ਸੁਣ ਸਕਦੇ।
ਕੌਣ ਸੀ ਗੁਰਦੀਪ ਸਿੰਘ ਦੀਪਾ ਹੇਰਾ
ਗੁਰਦੀਪ ਸਿੰਘ ਦੀਪਾ ਹੇਰਾ ਪੰਜਾਬ ਵਿੱਚ ਅੱਤਵਾਦ ਦੇ ਦੌਰ ਦਾ ਇੱਕ ਵੱਡਾ ਨਾਮ ਤੇ ਚੇਹਰਾ ਸੀ ਜੋ ਕਿ ਜਲੰਧਰ ਦੇ ਪਿੰਡ ਹੇਰਾ ਦਾ ਰਹਿਣ ਵਾਲਾ ਸੀ ਤੇ ਇਹ ਸੰਨ 1987 ਤੋਂ ਲੈ ਕੇ 1992-93 ਤੱਕ ਸਰਗਰਮ ਰਿਹਾ, ਹਾਲਾਂਕਿ ਅਮਰ ਸਿੰਘ ਚਮਕੀਲਾ ਕਤਲ ਕੇਸ ਵਿੱਚ ਗੁਰਦੀਪ ਸਿੰਘ ਦੀਪਾ ਹੇਰਾ ਤੇ ਨਾ ਹੀ ਕਿਸੇ ਹੋਰ ਖਾਲਿਸਤਾਨੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਕਿਉਂਕਿ ਜੇਕਰ ਇੱਕ ਪੁਲਿਸ ਅਫਸਰ ਦੀ ਗੱਲ ਨੂੰ ਮੰਨਿਆ ਜਾਵੇ ਤਾਂ ਉਸ ਸਮੇਂ ਪੁਲਿਸ ਇਸ ਘਟਨਾ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨਾਲ ਨਹੀਂ ਜੋੜਨਾ ਚਾਹੁੰਦੀ ਸੀ ਕਿਉਂਕਿ ਇਸ ਘਟਨਾ ਨਾਲ ਖਾਲਿਸਤਾਨੀਆਂ ਦਾ ਮਨੋਬਲ ਉੱਚਾ ਹੋਣਾ ਸੀ, ਪੁਲਿਸ ਨੇ ਮਹਿਜ ਕਲਾਕਾਰਾਂ ਦੀ ਆਪਸੀ ਖਹਿਬਾਜੀ ਤੱਕ ਮਾਮਲੇ ਨੂੰ ਸੀਮਤ ਰੱਖਿਆ, ਇੱਥੇ ਜਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ ਨੇ ਵੀ ਕਲਾਕਾਰਾਂ ਦੀ ਆਪਸੀ ਖਹਿਬਾਜੀ ਦਾ ਨੈਰੇਟਿਵ ਦਿਖਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਿਕ ਦੀਪਾ ਹੇਰਾ ਤੇ ਸਵਾ ਦੋ ਸੌ ਤੋਂ ਜਿਆਦਾ ਹੱਤਿਆਵਾਂ ਦਾ ਦੋਸ਼ ਸੀ, ਜਿਸ ਵਿੱਚ ਪ੍ਰਮੁੱਖ ਤੌਰ ਤੇ ਹਾਲ ਹੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਮਹਿੰਦਰ ਸਿੰਘ ਕੇ.ਪੀ.ਦੇ ਪਿਤਾ ਦਰਸ਼ਨ ਸਿੰਘ ਕੇ.ਪੀ., ਐੱਮ.ਐੱਲ.ਏ. ਸਰਵਣ ਸਿੰਘ ਚੀਮਾ ਤੋਂ ਇਲਾਵਾ ਕਈ ਕਾਮਰੇਡਾਂ ਦੀਆਂ ਹੱਤਿਆਵਾਂ ਸ਼ਾਮਿਲ ਹਨ, ਉਹ ਜਲੰਧਰ, ਕਪੂਰਥਲਾ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦਾ ਖਾਲਿਸਤਾਨ ਕਮਾਡੋ ਫੋਰਸ ਦਾ ਏਰੀਆ ਕਮਾਡਰ ਸੀ ਤੇ ਕਈ ਚੱਲਦੇ ਮੁਕਾਬਲਿਆਂ ਵਿੱਚੋ ਉਹ ਫਰਾਰ ਹੋਇਆ, ਬਾਅਦ ਵਿੱਚ ਪਤਾ ਲੱਗਾ ਹੈ ਕਿ ਗੜ੍ਹੇ ਦੇ ਕਿਸੇ ਵਿਅਕਤੀ ਵੱਲੋਂ ਮੁਖਬਰੀ ਕਰਨ ’ਤੇ ਉਹ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।