– ਕੱਲ੍ਹ ਯੂਟਿਊਬ ਚੈਨਲ ‘ਤੇ ਕੀਤਾ ਜਾਵੇਗਾ ਰਿਲੀਜ਼
ਮਾਨਸਾ, 9 ਅਪ੍ਰੈਲ 2024 – ਬੁੱਧਵਾਰ 10 ਅਪ੍ਰੈਲ ਨੂੰ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਛੇਵਾਂ ਗੀਤ ਹੈ, ਜੋ ਰਿਲੀਜ਼ ਹੋਣਜਾ ਰਿਹਾ ਹੈ। ਇਸ ਗੀਤ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਗੀਤ ਦਾ ਕਵਰ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਦੋ ਮਹੀਨਿਆਂ ਵਿੱਚ ਇਹ ਦੂਜੀ ਖੁਸ਼ਖਬਰੀ ਹੈ। ਪਿਛਲੇ ਮਹੀਨੇ ਹੀ ਮੂਸੇਵਾਲਾ ਦੇ ਘਰ ਉਸ ਦੇ ਭਰਾ ਦਾ ਜਨਮ ਹੋਇਆ ਸੀ।
ਇਸ ਗੀਤ ਦਾ ਨਾਂਅ ‘4:10’ ਰੱਖਿਆ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਪੋਸਟਰ ਰਿਲੀਜ਼ ਕਰਨ ਦੇ ਨਾਲ ਹੀ ਰੈਪਰ ਸੰਨੀ ਮਾਲਟਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਗੀਤ ਉਨ੍ਹਾਂ ਦੇ ਯੂਟਿਊਬ ਚੈਨਲ ‘ਤੇ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਨੂੰ ਕਦੋਂ ਜਾਰੀ ਕੀਤਾ ਜਾਵੇਗਾ, ਇਸ ਬਾਰੇ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ। ਪਰ ਅੰਦਾਜ਼ਾ ਹੈ ਕਿ ਇਹ ਗੀਤ ਸ਼ਾਮ 4.10 ਵਜੇ ਹੀ ਰਿਲੀਜ਼ ਹੋਵੇਗਾ।
ਪੋਸਟਰ ਰਿਲੀਜ਼ ਕਰਨ ਤੋਂ ਪਹਿਲਾਂ ਸੰਨੀ ਮਾਲਟਨ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਬਰੈਂਪਟਨ ਅਤੇ ਮਾਨਸਾ ਦੇ ਤਾਪਮਾਨ ਬਾਰੇ ਗੱਲ ਕੀਤੀ। ਨਾਲ ਹੀ ਸੰਨੀ ਮਾਲਟਨ ਨੇ ਲਿਖਿਆ ਹੈ- ‘ਡਰਾਉਣੇ ਘੰਟੇ ਅਲਰਟ, ਕੋਈ ਵੀ ਸੁਰੱਖਿਅਤ ਨਹੀਂ ਹੈ !
ਤੁਹਾਨੂੰ ਦੱਸ ਦੇਈਏ ਕਿ ਸੰਨੀ ਮਾਲਟਨ ਅਤੇ ਬਿੱਗ ਬਰਡ ਨੇ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਹੈ। ਇਸ ‘ਚ ‘ਲੈਵਲ’, ‘ਨੇਵਰ ਫੋਲਡ’, ‘ਜਸਟ ਲਿਸਨ’ ਵਰਗੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ।
ਇਸ ਗੀਤ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਆਈਆਂ ਸਨ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 17 ਮਾਰਚ ਨੂੰ ਦੂਜੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਬੱਚੇ ਦਾ ਜਨਮ IVF ਤਕਨੀਕ ਰਾਹੀਂ ਹੋਇਆ ਹੈ। ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ। ਕੇਂਦਰ ਨੇ ਪੰਜਾਬ ਸਰਕਾਰ ਰਾਹੀਂ ਬਲਕੌਰ ਸਿੰਘ ਨੂੰ ਨੋਟਿਸ ਭੇਜਿਆ ਸੀ। ਬਲਕੌਰ ਸਿੰਘ ਵੱਲੋਂ ਭੇਜੇ ਜਵਾਬ ਤੋਂ ਬਾਅਦ ਜਾਂਚ ਰੋਕ ਦਿੱਤੀ ਗਈ ਹੈ।