ਦਾ ਐਡੀਟਰ ਨਿਊਜ਼, ਸਮਰਾਲਾ/ਬੱਸੀ ਪਠਾਣਾ ——– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਦਿੱਲੀ ਸ਼ਰਾਬ ਘੁਟਾਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਛੁਡਵਾਉਣ ਲਈ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਅਤੇ ਮਿਊਜ਼ੀਅਮ ਦੀ ਦੁਰਵਰਤੋਂ ਰੋਸ ਪ੍ਰਦਰਸ਼ਨ ਲਈ ਕਰਕੇ ਸ਼ਹੀਦ ਦਾ ਅਪਮਾਨ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕੀਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੂੰ ਪੰਜਾਬ ਬਚਾਓ ਯਾਤਰਾ ਦੌਰਾਨ ਸਮਰਾਲਾ ਤੇ ਬੱਸੀ ਪਠਾਣਾ ਵਿਚ ਲਾਮਿਸਾਲ ਹੁੰਗਾਰਾ ਮਿਲਿਆ, ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਗਵੰਤ ਮਾਨ ਜੋ ਪਹਿਲਾਂ ਸ਼ਹੀਦ ਦੇ ਨਾਂ ’ਤੇ ਸਹੁੰਆਂ ਖਾਂਦੇ ਸਨ, ਹੁਣ ਸ਼ਹੀਦ ਦੇ ਨਾਂ ’ਤੇ ਮਿਊਜ਼ੀਅਮ ਦੀ ਦੁਰਵਰਤੋਂ ਪਾਰਟੀ ਦੇ ਰੋਸ ਪ੍ਰਦਰਸ਼ਨ ਵਾਸਤੇ ਕਰ ਰਹੇ ਹਨ ਜਿਸਦਾ ਮਕਸਦ ਸ਼ਰਾਬ ਘੁਟਾਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਛੁਡਵਾਉਣਾ ਹੈ ਜਦੋਂ ਕਿ ਅਦਾਲਤ ਉਹਨਾਂ ਦੀ ਜ਼ਮਾਨਤ ਅਰਜ਼ੀ ਪਹਿਲਾਂਹੀ ਰੱਦ ਕਰ ਚੁੱਕੀ ਹੈ।
ਇਸ ਕਾਰਵਾਈ ਨੂੰ ਬੇਹੱਦ ਨਿੰਦਣਯੋਗ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਇਕ ਵਾਰ ਵੀ ਖੱਟਕੜ ਕਲਾਂ ਨਹੀਂ ਗਏ ਤੇ ਹੁਣ ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਵਾਸਤੇ ਰਾਹਤ ਲੈਣ ਲਈ ਇਸ ਥਾਂ ਦੀ ਦੁਰਵਰਤੋਂ ਕਰ ਰਹੇ ਹਨ।
ਉਹਨਾਂ ਨੇ ਆਪ ਸਰਕਾਰ ਵੱਲੋਂ ਪਿੰਡ ਵਿਚ ਰੋਸ ਪ੍ਰਦਰਸ਼ਨ ਦੇ ਡਰਾਮੇ ਦੌਰਾਨ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਤੱਕ ਜਾਣ ਤੋਂ ਰੋਕਣ ਵਾਸਤੇ ਅਤੇ ਪਿੰਡ ਵਿਚ ਆਮ ਲੋਕਾਂ ਦੇ ਇਧਰ ਉਧਰ ਜਾਣ ਤੋਂ ਰੋਕਣ ਵਾਸਤੇ ਸੂਬਾ ਪੁਲਿਸ ਦੀ ਦੁਰਵਰਤੋਂ ਕਰਨ ਦੀ ਵੀ ਨਿਖੇਧੀ ਕੀਤੀ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ ਹਨ। ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਅਸੀਂ ਵੇਖਿਆ ਕਿ ਕਿਵੇਂ ਤਰਨਤਾਰਨ ਵਿਚ ਇਕ ਔਰਤ ਦੇ ਕਪੜੇ ਪਾੜ ਕੇ ਉਸਨੂੰ ਅਲਫ ਨੰਗਾ ਘੁਮਾਇਆ ਗਿਆ ਪਰ ਇਸਦੇ ਬਾਵਜੂਦ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਦੀ ਲੋੜ ਨਹੀਂ ਸਮਝੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਈ ਵਾਸਤੇ ਰੋਸ ਪ੍ਰਦਰਸ਼ਨ ਦਾ ਡਰਾਮਾ ਕਰ ਕੇ ਹੀ ਸੰਤੁਸ਼ਟ ਹਨ ਜਦੋਂ ਕਿ ਪੰਜਾਬ ਅਰਾਜਕਤਾ ਵਿਚ ਧਕਦਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੇ ਨਾਲ-ਨਾਲ ਸਮਾਜ ਵਿਚ ਨਸ਼ਾ ਤਸਕਰੀ ਸਿਖ਼ਰਾਂ ’ਤੇ ਹੈ। ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਰੋਜ਼ਾਨਾ ਆਧਾਰ ’ਤੇ ਫਿਰੌਤੀਆਂ ਦੇ ਫੋਨ ਆ ਰਹੇ ਹਨ ਅਤੇ ਇਸਦੇ ਨਤੀਜੇ ਵਜੋਂ ਸੂਬੇ ਵਿਚੋਂ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਬਾਹਰ ਚਲਾ ਗਿਆ ਹੈ।
ਪੰਜਾਬੀਆਂ ਨੂੰ ਆਮ ਆਦਮੀ ਪਾਰਟੀ (ਆਪ) ਅਤੇ ਦਿੱਲੀ ਆਧਾਰਿਤ ਹੋਰ ਪਾਰਟੀਆਂ ਜੋ ਸੰਸਦੀ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰ ਰਹੀਆਂ ਹਨ, ਦੀ ਯੋਜਨਾ ਸਮਝਣ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਚੋਣਾਂ ਖ਼ਤਮ ਹੁੰਦਿਆਂ ਹੀ ਇਹ ਲੋਕ ਪੰਜਾਬ ਦੇ ਹਿੱਤਾਂ ਦੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਹਨਾਂ ਕਿਹਾ ਕਿ ਸਾਨੂੰ ਇਸ ਚੋਣ ਦੀ ਵਰਤੋਂ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਮੁੱਖ ਮੁੱਦਿਆਂ ਪ੍ਰਤੀ ਵਚਨਬੱਧ ਰਹੇ ਹਾਂ ਤੇ ਹਮੇਸ਼ਾ ਇਹਨਾਂ ਦੇ ਨਿਆਂ ਸੰਗਤਹੱਲ ਵਾਸਤੇ ਲੜਦੇ ਰਹਾਂਗੇ।
ਸਰਦਾਰ ਬਾਦਲ, ਜਿਹਨਾਂ ਦੇ ਨਾਲ ਸਮਰਾਲਾ ਵਿਚ ਸਰਦਾਰ ਪਰਮਜੀਤ ਸਿੰਘ ਢਿੱਲੋਂ ਅਤੇ ਬੱਸੀ ਪਠਾਣਾ ਵਿਚ ਸਰਦਾਰ ਦਰਬਾਰਾ ਸਿੰਘ ਗੁਰੂ ਵੀ ਸਨ, ਨੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ਕਾਂਗਰਸ ਪਾਰਟੀ ਦੀਆਂ ਚਾਲਾਂ ਨਾ ਫਸ ਜਾਣ ਜਿਸਨੇ ਨਾ ਸਿਰਫ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਬਲਕਿ 1984 ਵਿਚ ਬੇਦੋਸ਼ੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਵੀ ਕਰਵਾਇਆ ਤੇ ਇਹ 2017 ਵਿਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਬਾਵਜੂਦ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਕਰਨ ਦੀ ਵੀ ਦੋਸ਼ੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ, ਬੁਢਾਪਾ ਪੈਨਸ਼ਨ, ਆਟਾ ਦਾਲ ਤੇ ਸ਼ਗਨ ਸਕੀਮ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਤੇ ਚਹੁੰ ਮਾਰਗੀ ਸੜਕਾਂ ਤੇ ਹਵਾਈ ਅੱਡਿਆਂ ਸਮੇਤ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਥਾਪਿਤ ਕੀਤਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਪ੍ਰਧਾਨ ਦੇ ਨਾਲ ਬਿਕਰਮ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ, ਜਸਮੇਲ ਸਿੰਘ ਬੌਂਦਲੀ ਆਦਿ ਹਾਜ਼ਰ ਸਨ।