ਦਾ ਐਡੀਟਰ ਨਿਊਜ਼, ਗੁਰਦਾਸਪੁਰ ——- ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੁੰਦੇ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਭਾਜਪਾ ਨੇ 30 ਮਾਰਚ (ਸ਼ਨੀਵਾਰ ਰਾਤ) ਨੂੰ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਦਾ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਕਾਰੋਬਾਰੀ ਸਵਰਨ ਸਲਾਰੀਆ ਨੇ ਵਿਰੋਧ ਕੀਤਾ ਹੈ। ਇਥੋਂ ਤੱਕ ਕਿ ਸਵਰਨ ਸਲਾਰੀਆ ਨੇ ਤਾਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ, ਜਦਕਿ ਸਾਬਕਾ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੋਂ ਵਿਨੋਦ ਖੰਨਾ ਲਗਭਗ 4 ਵਾਰ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਪਿਛਲੀ ਚੋਣ ਸੰਨੀ ਦਿਓਲ ਨੇ ਜਿੱਤੀ ਸੀ। 2019 ‘ਚ ਜਿੱਤ ਤੋਂ ਬਾਅਦ ਸੰਨੀ ਦਿਓਲ ਦੀ ਗੈਰ-ਹਾਜ਼ਰੀ ‘ਤੇ ਨਾਰਾਜ਼ ਲੋਕਾਂ ਦੇ ਗੁੱਸੇ ਨੂੰ ਦੂਰ ਕਰਨ ਲਈ ਭਾਜਪਾ ਨੇ ਪੈਰਾਸ਼ੂਟ ਉਮੀਦਵਾਰ ਉਤਾਰਨ ਦੀ ਬਜਾਏ ਸਥਾਨਕ ਨੇਤਾ ਅਤੇ ਸਾਬਕਾ ਵਿਧਾਇਕ ਦਿਨੇਸ਼ ਬੱਬੂ ਨੂੰ ਟਿਕਟ ਦਿੱਤੀ ਹੈ। ਜਿਸ ਤੋਂ ਬਾਅਦ ਬੀਜੇਪੀ ਦੇ ਇਹ ਦੋਵੇਂ ਲੀਡਰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।