ਦਾ ਐਡੀਟਰ ਨਿਊਜ, ਹੁਸ਼ਿਆਰਪੁਰ —- ਪਿਛਲੇ ਸਾਲ ਸ਼ਰਾਬ ਦੇ ਹੁਸ਼ਿਆਰਪੁਰ ਸਰਕਲ ਸਮੇਤ ਪੂਰੇ ਜ਼ਿਲ੍ਹੇ ਅੰਦਰ ਦੋ ਨੰਬਰੀਆਂ ਵੱਲੋਂ ਮਚਾਈ ਗਈ ਨਜਾਇਜ਼ ਸ਼ਰਾਬ ਦੀ ਖੁੱਲ੍ਹ ਖੇਡ ਦਾ ਅਸਰ ਬੀਤੇ ਦਿਨੀਂ ਜ਼ਿਲ੍ਹੇ ਅੰਦਰ ਪੈਂਦੇ ਸ਼ਰਾਬ ਦੇ ਵੱਖ-ਵੱਖ ਸਰਕਲਾਂ ਦੀ ਸਰਕਾਰੀ ਬੋਲੀ ਦੌਰਾਨ ਦੇਖਣ ਨੂੰ ਤਦ ਸਾਫ ਮਿਲਿਆ ਜਦੋਂ ਮੁਕੇਰੀਆ ਤੇ ਹੁਸ਼ਿਆਰਪੁਰ ਸ਼ਹਿਰ ਦੇ 4 ਸਰਕਲਾਂ ਲਈ ਜਿਨ੍ਹਾਂ ਠੇਕੇਦਾਰਾਂ ਦੀ ਲਾਟਰੀ ਨਿੱਕਲੀ ਉਨ੍ਹਾਂ ਨੇ ਦੋ ਨੰਬਰੀਆਂ ਦੇ ਡਰ ਕਾਰਨ ਸਰਕਲ ਲੈਣ ਤੋਂ ਪੈਰ ਪਿਛਾਹ ਖਿੱਚ ਲਏ, ਦਾ ਐਡੀਟਰ ਨਿਊਜ ਇਸ ਗੱਲ ਦਾ ਪਹਿਲਾ ਹੀ ਖੁਲਾਸਾ ਕਰ ਚੁੱਕਾ ਸੀ ਕਿ ਹੁਸ਼ਿਆਰਪੁਰ ਸਰਕਲ ਲਈ ਜੋ ਮਹਿਜ 5-6 ਠੇਕੇਦਾਰਾਂ ਦੀਆਂ ਪਰਚੀਆਂ ਪੁਆਈਆਂ ਗਈਆਂ ਸਨ ਉਹ ਐਕਸਾਈਜ਼ ਵਿਭਾਗ ਦੇ ਸਥਾਨਕ ਅਧਿਕਾਰੀਆਂ ਵੱਲੋਂ ਇਨ੍ਹਾਂ ਠੇਕੇਦਾਰਾਂ ਨੂੰ ਵਾਰ-ਵਾਰ ਕਹਿ ਕੇ ਪੁਆਈਆਂ ਗਈਆਂ ਸਨ ਤਾਂ ਜੋ ਜ਼ਿਲ੍ਹੇ ਦੇ ਬਾਕੀ ਸਰਕਲਾਂ ਦੀ ਬੋਲੀ ਨਿਰਵਿਘਨ ਹੋ ਸਕੇ ਤੇ ਉਕਤ ਠੇਕੇਦਾਰਾਂ ਨੂੰ ਇਸ ਗੱਲ ਦੀ ਪਹਿਲੀ ਹੀ ਖੁੱਲ੍ਹ ਸੀ ਕਿ ਪਰਚੀ ਨਿੱਕਲਣ ’ਤੇ ਉਹ ਮਨਾਂ ਕਰ ਸਕਦੇ ਹਨ ਜਿਸ ਲਈ ਵਿਭਾਗ ਕੋਈ ਕਾਰਵਾਈ ਨਹੀਂ ਕਰੇਗਾ ਤੇ ਉਹੀ ਕੁਝ ਦੇਖਣ ਨੂੰ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਸਰਕਲ ਵਿੱਚ ਦੋ ਨੰਬਰੀਆਂ ਦੀ ਨਜਾਇਜ਼ ਖੁੱਲ੍ਹ-ਖੇਡ ਨੇ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਨੂੰ ਇਸ ਜ਼ਿਲ੍ਹੇ ਅੰਦਰੋਂ ਆਪਣਾ ਕਾਰੋਬਾਰ ਸਮੇਟਣ ਲਈ ਮਜ਼ਬੂਰ ਕਰ ਦਿੱਤਾ ਤੇ ਜਿਨ੍ਹਾਂ ਛੋਟੇ-ਛੋਟੇ ਭਾਈਵਾਲਾਂ ਨਰੇਸ਼ ਅਗਰਵਾਲ ਤੇ ਜਲੰਧਰ ਦੇ ਇੱਕ ਦੂਜੇ ਕਾਰੋਬਾਰੀ ਦੇ ਕਰਿੰਦੇ ਵਜ੍ਹੋਂ ਹੁਸ਼ਿਆਰਪੁਰ ਸਰਕਲ ਵਿੱਚ ਵਿਚਰਨ ਵਾਲੇ ਸਰਤਾਜ ਨੇ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਈ, ਇੱਕ ਤਾਂ ਬਾਹਰੀ ਸਰਕਲਾਂ ਦੀ ਸ਼ਰਾਬ ਹੁਸ਼ਿਆਰਪੁਰ ਵਿੱਚ ਦੋ ਨੰਬਰੀਆਂ ਨਾਲ ਮਿਲ ਕੇ ਧੜੱਲੇ ਨਾਲ ਵੇਚੀ ਜਾਂਦੀ ਰਹੀ ਤੇ ਦੂਜਾ ਜਿਸ ਪ੍ਰਾਈਵੇਟ ਰੇਡ ਪਾਰਟੀ ਦੀ ਅਗਵਾਈ ਸਰਤਾਜ ਕਰ ਰਿਹਾ ਸੀ ਉਸ ਦੀ ਭੂਮਿਕਾ ਵੀ ਪੂਰਾ ਸਾਲ ਸ਼ੱਕੀ ਰਹੀ ਕਿਉਂਕਿ ਇਸੇ ਰੇਡ ਪਾਰਟੀ ਤੇ ਹੁਸ਼ਿਆਰਪੁਰ ਦੇ ਇਨ੍ਹਾਂ ਛੋਟੇ ਭਾਈਵਾਲਾਂ ਨੇ ਪਿਛਲੇ ਸਾਲ ਅਗਸਤ-ਸਤੰਬਰ ਵਿੱਚ ਸ਼ਹਿਰ ਦੇ ਇੱਕ ਦੂਜੇ ਵੱਡੇ ਵਪਾਰੀ ਰੋਹਿਤ ਕਾਲੂ ਦਾ ਤਦ ਧੋਖੇ ਨਾਲ ਸ਼ਿਕਾਰ ਕੀਤਾ ਜਦੋਂ ਉਹ ਦੀਪ ਮਲਹੋਤਰਾ ਦੇ ਕਾਰੋਬਾਰ ਨੂੰ ਬਚਾਉਣ ਲਈ ਜ਼ਮੀਨ ’ਤੇ ਉੱਤਰ ਕੇ ਦੋ ਨੰਬਰੀਆਂ ਨਾਲ ਭਿੜਿਆ ਪਰ ਆਖਿਰ ਆਪਣਿਆਂ ਦੀਆਂ ਹੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਇਸ ਧੰਦੇ ਵਿੱਚੋ ਜੇਲ੍ਹ ਤੇ ਕੇਸ ਦਾ ਤੋਹਫਾ ਲੈ ਕੇ ਬਾਹਰ ਨਿੱਕਲ ਗਿਆ।
ਹੁਣ ਸਸਤੇ ਸਰਕਲ ਵੇਚਣ ਦੀ ਤਿਆਰੀ !
ਐਕਸਾਈਜ ਵਿਭਾਗ ਨਾਲ ਜੁੜੇ ਸੂਤਰਾਂ ਤੇ ਸ਼ਰਾਬ ਦੇ ਕੁਝ ਠੇਕੇਦਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਦੌਰਾਨ ਹੁਸ਼ਿਆਰਪੁਰ ਦੇ 4 ਤੇ ਮੁਕੇਰੀਆ ਦਾ ਇੱਕ ਸਰਕਲ ਸਸਤੇ ਭਾਅ ’ਤੇ ਦੇਣ ਦੀਆਂ ਤਿਆਰੀਆਂ ਐਕਸਾਈਜ਼ ਵਿਭਾਗ ਵੱਲੋਂ ਆਰੰਭ ਦਿੱਤੀਆਂ ਗਈਆਂ ਹਨ, ਪਿਛਲੇ ਦਿਨੀਂ ਹੋਈ ਬੋਲੀ ਵਿੱਚ ਇਨ੍ਹਾਂ ਸਰਕਲਾਂ ਦੀ ਸਰਕਾਰੀ ਕੀਮਤ 150-180 ਕਰੋੜ ਤੱਕ ਰੱਖੀ ਗਈ ਸੀ ਪਰ ਕਿਸੇ ਨੇ ਲਏ ਹੀ ਨਹੀਂ ਕਿਉਂਕਿ ਜਿਹੜੇ ਠੇਕੇਦਾਰ ਇੱਥੇ ਅੱਖ ਰੱਖੀ ਬੈਠੇ ਹਨ ਉਹ ਸਸਤੇ ਭਾਅ ਚਾਹੁੰਦੇ ਹਨ ਤੇ ਪਤਾ ਇਹ ਵੀ ਲੱਗਾ ਹੈ ਕਿ ਨਰੇਸ਼ ਅਗਰਵਾਲ ਤੇ ਉਨ੍ਹਾਂ ਦੇ ਕੁਝ ਸਾਥੀਆਂ ਵੱਲੋਂ ਇੱਕ ਗਰੁੱਪ ਬਣਾ ਕੇ ਉਕਤ ਸਰਕਲ ਪ੍ਰਾਪਤ ਕਰਨ ਲਈ ਤਿੱਕੜਮਬਾਜੀ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਐਕਸਾਈਜ਼ ਵਿਭਾਗ ਦੇ ਕੁਝ ਵੱਡੇ ਅਧਿਕਾਰੀ ਵੀ ਅਹਿਮ ਭੂਮਿਕਾ ਨਿਭਾਉਦੇ ਦੱਸੇ ਜਾ ਰਹੇ ਹਨ ਤੇ ਹੁਣ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਇਨ੍ਹਾਂ ਸਰਕਲਾਂ ਦੀ ਬੋਲੀ ਪਾਰਦਰਸ਼ੀ ਢੰਗ ਨਾਲ ਕਰਵਾਉਣ ਵਿੱਚ ਕਿਸ ਹੱਦ ਤੱਕ ਸਫਲ ਰਹਿੰਦਾ ਹੈ ਜਾਂ ਫਿਰ ਇੱਕ ਵਾਰ ਫਿਰ ਦੋ ਨੰਬਰੀਆਂ ਦੀ ਹੀ ਜਿੱਤ ਹੋਵੇਗੀ।
30 ਕਰੋੜ ਆਮਦਨ ਵਧਾਉਣ ਦੀ ਟੀਚਾ ਹੁਣ ਕਿੱਥੇ ਖੜ੍ਹਾ ?
ਪਿਛਲੇ ਦਿਨੀਂ ਐਕਸਾਈਜ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਇਸ ਵਾਰ ਜ਼ਿਲ੍ਹੇ ਦੇ ਸ਼ਰਾਬ ਦੇ ਠੇਕਿਆਂ ਤੋਂ ਪਿਛਲੇ ਸਾਲ ਦੇ ਮੁਕਾਬਲੇ 30 ਕਰੋੜ ਰੁਪਏ ਦੀ ਵੱਧ ਆਮਦਨ ਸਰਕਾਰ ਨੂੰ ਕਰਕੇ ਦਿੱਤੀ ਜਾਵੇਗੀ ਲੇਕਿਨ 5 ਸਰਕਲਾਂ ਦੀ ਬੋਲੀ ਮੂੰਧੇ ਮੂੰਹ ਡਿੱਗਣ ਉਪਰੰਤ ਹੁਣ ਕੀ ਵਿਭਾਗ ਮਿੱਥੇ ਟੀਚੇ ਤੱਕ ਪੁੱਜ ਸਕੇਗਾ ਇਸਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਮਿਲੇਗਾ ਕਿ ਐਕਸਾਈਜ ਵਿਭਾਗ ਦੇ ਦਾਅਵੇ ਜ਼ਮੀਨੀ ਸਨ ਜਾਂ ਫਿਰ ਹਵਾਈ।