ਦਾ ਐਡੀਟਰ ਨਿਊਜ਼, ਜਲੰਧਰ —— ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨਜਦੀਕ ਆ ਰਿਹਾ ਹੈ ਉਵੇਂ-ਉਵੇਂ ਹੀ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਰਿਹਾ ਹੈ। ਬੀਤੀ ਰਾਤ ਤੋਂ ਪੰਜਾਬ ਦੇ ਸਿਆਸੀ ਹਲਕਿਆਂ ‘ਚ ਇੱਕ ਅਫਵਾਹ ਨੇ ਖਲਬਲੀ ਮਚਾਈ ਹੋਈ ਹੈ, ਜਿਸ ‘ਚ ਇਸ ਗੱਲ ਦਾ ਰੌਲਾ ਪਿਆ ਹੋਇਆ ਹੈ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਮੌਜਦਾ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਅਧਿਕਾਰਤ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਭਾਜਪਾ ‘ਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਰੌਲੇ ਕਾਰਨ ਆਮ ਆਦਮੀ ਪਾਰਟੀ ਦੇ ਸਾਹ ਸੁਤੇ ਪਏ ਨੇ, ਦਰਅਸਲ ‘ਚ ਇਸ ਅਫਵਾਹ ਨੂੰ ਬਲ ਉਸ ਸਮੇਂ ਮਿਲਿਆ ਜਦ ਸੁਸ਼ੀਲ ਕੁਮਾਰ ਰਿੰਕੂ ਕੱਲ੍ਹ ਅਯੁੱਧਿਆ ਰਾਮ ਮੰਦਿਰ ਦੇ ਦਰਸ਼ਨ ਕਰਨ ਚਲੇ ਗਏ ਅਤੇ ਉਥੇ ਉਨ੍ਹਾਂ ਨੇ ਜਿਹੜੀ ਦੋ ਮਿੰਟ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ‘ਤੇ ਪਾਈ, ਜਿਸ ‘ਚ ਉਨ੍ਹਾਂ ਨੇ ਭਾਜਪਾ ਦੇ ਅਧਿਕਾਰਤ ਨਾਅਰੇ ‘ਜੈ ਸ੍ਰੀ ਰਾਮ’ ਦਾ ਉਚਾਰਨ ਕੀਤਾ, ਉਥੇ ਉਨ੍ਹਾਂ ਨੇ ਆਪਣੇ ਵੀਡੀਓ ਸੰਦੇਸ਼ ‘ਚ ਆਮ ਆਦਮੀ ਪਾਰਟੀ ਦਾ ਜ਼ਿਕਰ ਤੱਕ ਨਹੀਂ ਕੀਤਾ।
ਚਰਚਾ ਤਾਂ ਇਸ ਗੱਲ ਦੀ ਵੀ ਹੈ ਕਿ ਪਿਛਲੇ ਦਿਨੀਂ ਆਪ ਦੀ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਨੇ ਜਸ਼ਨ ਤੱਕ ਨਹੀਂ ਮਨਾਇਆ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਆਪ ਨੇ ਜਿਹੜੀ ਲਿਸਟ ਐਲਾਨੀ ਉਸ ‘ਚ ਸੁਸ਼ੀਲ ਕੁਮਾਰ ਦਾ ਵੀ ਨਾਂਅ ਸ਼ਾਮਿਲ ਸੀ। ਆਮ ਆਦਮੀ ਪਾਰਟੀ ਦੇ ਸੂਤਰਾਂ ਮੁਤਾਬਿਕ ਪਿਛਲੀ ਰਾਤ ਤੋਂ ਉਨ੍ਹਾਂ ਦੇ ਕਿਸੇ ਵੀ ਨੇਤਾ ਦਾ ਫੋਨ ਨਹੀਂ ਚੱਕ ਰਹੇ ਅਤੇ ਨਾ ਹੀ ਉਹ ਇਸ ਵਕਤ ਉਨ੍ਹਾਂ ਦੇ ਸੰਪਰਕ ‘ਚ ਹਨ। ਜਲੰਧਰ ਦੇ ਸਿਆਸੀ ਹਲਕਿਆਂ ਦੀ ਮੰਨੀਏ ਤਾਂ ਰਿੰਕੂ ਇਸ ਵਕਤ ਦਿੱਲੀ ‘ਚ ਦੱਸੇ ਜਾ ਰਹੇ ਹਨ।
ਉੱਥੇ ਦੂਜੇ ਪਾਸੇ ਸੁਸ਼ੀਲ ਕੁਮਾਰ ਰਿੰਕੂ ਦੇ ਇੱਕ ਕਰੀਬੀ ਅਨੁਸਾਰ ਅਯੁੱਧਿਆ ‘ਚ ਉਹ ਕਿਸੇ ਪੰਡਿਤ ਵੱਲੋਂ ਤਿੰਨ ਵਾਰ ਅਯੁੱਧਿਆ ਜਾ ਕੇ ਮੱਥਾ ਟੇਕਣ ਦੇ ਸਬੰਧ ‘ਚ ਦੂਜੀ ਵਾਰ ਅਯੁੱਧਿਆ ਗਏ ਹਨ। ਰਿੰਕੂ ਹੀ ਨਹੀਂ ਆਮ ਆਦਮੀ ਪਾਰਟੀ ਦੇ ਵਧਾਇਕ ਸ਼ੀਤਲ ਅੰਗੂਰਾਲ ਦੇ ਵੀ ਭਾਜਪਾ ‘ਚ ਸ਼ਾਮਿਲ ਹੋਣ ਦੇ ਚਰਚੇ ਹਨ। ਰਿੰਕੂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਭਾਜਪਾ ਹੁਸ਼ਿਆਰਪੁਰ ਤੋਂ ਟਿਕਟ ਦੇਣ ਦੀ ਪੇਸ਼ਕਸ਼ ਕਰ ਰਹੀ ਹੈ, ਜਿਹੜੀ ਕਿ ਅਕਾਲੀ-ਭਾਜਪਾ ਗਠਜੋੜ ਹੋਣ ਦੀ ਸੂਰਤ ‘ਚ ਭਾਜਪਾ ਦੀ ਪੱਕੀ ਸੀਟ ਮੰਨੀ ਜਾ ਰਹੀ ਹੈ।
‘ਦਾ ਐਡੀਟਰ ਨਿਊਜ਼’ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨਾਲ ਫੋਨ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦਾ ਫੋਨ ਸਵਿੱਚ-ਆਫ ਆ ਰਿਹਾ ਹੈ। ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਕੱਲ੍ਹ ਹੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਵਿਧਾਇਕ ਅਤੇ ਵਿਵਾਦਿਤ ਨੇਤਾ ਰਾਜ ਕੁਮਾਰ ਚੱਬੇਵਾਲ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਸੀ, ਜਿਸ ‘ਚ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਣ ਦੀ ਬਜਾਏ ਡਾ. ਚੱਬੇਵਾਲ ਕਰਕੇ ਕਾਫੀ ਵਿਵਾਦਿਤ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਆਪਣੇ ਵੱਲੋਂ ਖੇਡੇ ਗਏ ਦਾਅ ‘ਚ ‘ਆਪ’ ਹੀ ਫਸਦੀ ਨਜ਼ਰ ਆ ਰਹੀ ਹੈ।