ਦਾ ਐਡੀਟਰ ਨਿਊਜ.ਹੁਸ਼ਿਆਰਪੁਰ —– ਹੁਸ਼ਿਆਰਪੁਰ ਵਿੱਚ ਅਕਾਲੀ ਦਲ ਅੰਦਰ ਧੜੇਬੰਦੀ ਕੋਈ ਨਵੀਂ ਗੱਲ ਨਹੀਂ ਹੈ, ਜਿਲ੍ਹੇ ਦਾ ਅਕਾਲੀ ਦਲ ਕਈ ਧੜਿਆਂ ਵਿੱਚ ਵੰਡਿਆ ਹੋਇਆ ਹੈ, ਦਿਲਚਸਪ ਗੱਲ ਤਾਂ ਇਹ ਹੈ ਕਿ ਕੋਈ ਇੱਕ ਧੜਾ ਵੀ ਬਹੁਤਾ ਲੰਬਾ ਸਮਾਂ ਨਹੀਂ ਚੱਲਦਾ, ਨਿੱਜੀ ਹਿੱਤਾਂ ਦੇ ਚੱਲਦਿਆ ਧੜਿਆਂ ਦੇ ਆਗੂ ਵੀ ਬਦਲਦੇ ਰਹੇ, ਇਸੇ ਕੜੀ ਦੇ ਚੱਲਦਿਆ ਹੁਸ਼ਿਆਰਪੁਰ ਸ਼ਹਿਰ ਅੱਜਕੱਲ੍ਹ ਅਕਾਲੀ ਦਲ ਦੀਆਂ ਸਫਾਂ ਅੰਦਰ ਛਾਇਆ ਹੋਇਆ ਹੈ, ਮੌਕਾ ਹੈ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਠਿੱਬੀ ਲਾਉਣ ਦਾ, ਮਾਮਲਾ ਇੱਥੇ ਤੱਕ ਭੱਖ ਗਿਆ ਕਿ ਇੱਕ ਸ਼ਿਕਾਇਤ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਗਈ ਹੈ, ਇੱਥੇ ਇਹ ਗੱਲ ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਸੁਖਬੀਰ ਸਿੰਘ ਬਾਦਲ ਨੇ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦਾ ਇੰਚਾਰਜ ਲਗਾਇਆ ਸੀ, ਆਮਤੌਰ ’ਤੇ ਜਦੋਂ ਵੀ ਪਾਰਟੀ ਅੰਦਰ ਕੋਈ ਵਿਸਥਾਰ ਕੀਤਾ ਜਾਂਦਾ ਹੈ ਤਾਂ ਹਲਕਾ ਇੰਚਾਰਜਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਉਸਦੇ ਹਲਕੇ ਅੰਦਰ ਜਿਹੜੀਆਂ ਵੀ ਅਹੁੱਦੇਦਾਰੀਆਂ ਵੰਡੀਆਂ ਜਾਂਦੀਆਂ ਹਨ ਉਹ ਇੰਚਾਰਜ ਮੁਤਾਬਿਕ ਹੀ ਦਿੱਤੀਆਂ ਜਾਂਦੀਆਂ ਹਨ ਪਰ ਹੁਸ਼ਿਆਰਪੁਰ ਵਿੱਚ ਲੋਹੜਾ ਆਇਆ ਹੋਇਆ ਹੈ, ਪਿਛਲੇ ਦਿਨੀਂ ਜਿਲ੍ਹਾਂ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਜਥੇਬੰਦੀ ਦਾ ਵਿਸਥਾਰ ਕੀਤਾ ਸੀ ਜਿਸ ਵਿੱਚ ਬਿਕਰਮਜੀਤ ਸਿੰਘ ਕਲਸੀ ਨੂੰ ਹੁਸ਼ਿਆਰਪੁਰ ਦੇ ਦੋ ਸਰਕਲਾਂ ਵਿੱਚੋ ਇੱਕ ਦਾ ਪ੍ਰਧਾਨ ਥਾਪਿਆ ਗਿਆ ਸੀ ਹਾਲਾਂਕਿ ਕਲਸੀ ਨੂੰ ਲਗਾਉਣ ਦੇ ਮਾਮਲੇ ਵਿੱਚ ਵੀ ਲਾਲੀ ਬਾਜਵੇ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ, ਕਲਸੀ ਦੀ ਅਹੁੱਦੇਦਾਰੀ ਵੀ ਧੜੇਬੰਦੀ ਦੇ ਵਿੱਚੋ ਹੀ ਨਿੱਕਲ ਕੇ ਬਾਹਰ ਆਈ ਹੈ।


ਰਾਤੋ-ਰਾਤ ਬਿਕਰਮਜੀਤ ਨੇ ਚਲਾਇਆ ‘ਕਲਸੀ ਪੰਪ’ ਸੁਖਬੀਰ ਦੇ ਹੁਕਮਾਂ ਨੂੰ ਰੋੜ੍ਹਿਆ
ਅਜੇ ਬਿਕਰਮਜੀਤ ਕਲਸੀ ਨੂੰ ਪ੍ਰਧਾਨ ਬਣਾਇਆ ਹੀ ਸੀ ਕਿ ਉਨ੍ਹਾਂ ਨੇ ਰਾਤੋ-ਰਾਤ ਦੋ ਦਰਜਨ ਦੇ ਕਰੀਬ ਅਹੁੱਦੇਦਾਰੀਆਂ ਵੰਡ ਵੀ ਦਿੱਤੀਆਂ ਹਾਲਾਂਕਿ ਜਿਨ੍ਹਾਂ ਨੂੰ ਇਹ ਅਹੁੱਦੇਦਾਰੀਆਂ ਮਿਲੀਆਂ ਉਨ੍ਹਾਂ ਨੂੰ ਤੜਕਸਾਰ ਹੀ ਪਤਾ ਲੱਗਾ ਕਿ ਉਹ ਅਕਾਲੀ ਦਲ ਦਾ ਇੱਕ ਵੱਡਾ ਅਹੁੱਦਾ ਪ੍ਰਾਪਤ ਕਰ ਚੁੱਕੇ ਹਨ, ਇਹ ਅਹੁੱਦੇਦਾਰੀਆਂ ਇੰਨੀ ਜ਼ਲਦਬਾਜੀ ਵਿੱਚ ਕੀਤੀਆਂ ਗਈਆਂ ਕਿ ਇਸ ਲਈ ਲਾਲੀ ਬਾਜਵੇ ਨੂੰ ਵੀ ਭਿਣਕ ਤੱਕ ਨਹੀਂ ਪੈਣ ਦਿੱਤੀ ਗਈ, ਇਸ ਤੋਂ ਤੁਰੰਤ ਬਾਅਦ ਲਾਲੀ ਬਾਜਵਾ ਨੇ ਸਾਰਾ ਮਾਮਲਾ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਤੇ ਬਾਦਲ ਨੇ ਇਸ ਗੱਲ ਦਾ ਗੰਭੀਰ ਨੋਟਿਸ ਲੈਂਦਿਆ ਇਹ ਗੱਲ ਕਹੀ ਕਿ ਕੋਈ ਵੀ ਨਿਯੁਕਤੀ ਹਲਕਾ ਇੰਚਾਰਜ ਦੰੀ ਸਹਿਮਤੀ ਤੋਂ ਬਿਨਾਂ ਅਧਿਕਾਰਿਤ ਨਹੀਂ ਮੰਨੀ ਜਾਵੇਗੀ। ਦਿਲਚਸਪ ਗੱਲ ਤਾਂ ਇਹ ਹੈ ਕਿ ਾਪੂਰੇ ਪੰਜਾਬ ਵਿੱਚ ਜੇਕਰ ਅਕਾਲੀ ਦਲ ਅੰਦਰ ਕੋਈ ਅਹੁੱਦੇਦਾਰੀਆਂ ਵੰਡੀਆਂ ਗਈਆਂ ਤਾਂ ਕਲਸੀ ਪਹਿਲੇ ਨੰਬਰ ’ਤੇ ਹੈ ਜਿਨ੍ਹਾਂ ਨੇ ਅਹੁੱਦਾ ਸੰਭਾਲਦਿਆ ਹੀ ਸੁਪਰ ਫਾਸਟ ਨਿਯੁਕਤੀਆਂ ਕੀਤੀਆਂ ਹਨ।
ਮੈਂ ਤਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ-ਕਲਸੀ
ਇਸ ਸਬੰਧੀ ਜਦੋਂ ਬਿਕਰਮਜੀਤ ਸਿੰਘ ਕਲਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ, ਜਦੋਂ ਉਨ੍ਹਾਂ ਨੂੰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਕੋਈ ਠੋਸ ਜਵਾਬ ਨਹੀਂ ਸੀ।
ਮੇਰਾ ਇਲਾਕਾ ਵੀ ਨਹੀਂ ਛੱਡਿਆ-ਰਣਧੀਰ ਭਾਰਜ
ਇੱਥੇ ਇਕੱਲਾ ਮਾਮਲਾ ਤੇਜ਼ੀ ਨਾਲ ਦਿੱਤੀਆਂ ਅਹੁੱਦੇਦਾਰੀਆਂ ਦਾ ਹੀ ਨਹੀਂ ਸਗੋਂ ਬਿਕਰਮਜੀਤ ਸਿੰਘ ਵੱਲੋਂ ਚਲਾਏ ਗਏ ਸਿਆਸੀ ਕਲਸੀ ਪੰਪ ਦਾ ਵੀ ਹੈ ਜਿਸਨੇ ਇਕੱਲੇ ਆਪਣੇ ਏਰੀਏ ਵਿੱਚ ਹੀ ਹੜ੍ਹ ਨਹੀਂ ਲਿਆਂਦਾ ਸਗੋਂ ਉਹ ਦੂਸਰੇ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨ ਰਣਧੀਰ ਸਿੰਘ ਭਾਰਜ ਦੇ ਇਲਾਕੇ ਨੂੰ ਵੀ ਰੋੜ੍ਹ ਕੇ ਲੈ ਗਏ ਹਨ, ਕਲਸੀ ਨੇ ਭਾਰਜ ਦੇ ਹਲਕੇ ਵਿੱਚ ਵੀ ਆਪਣੇ ਨੱਕੇ ਮੋੜ ਦਿੱਤੇ ਹਨ। ਪਤਾ ਲੱਗਾ ਹੈ ਕਿ ਇਸ ਸਾਰੇ ਮਾਮਲੇ ਦਾ ਸੁਖਬੀਰ ਬਾਦਲ ਨੇ ਗੰਭੀਰ ਨੋਟਿਸ ਲਿਆ ਹੈ ਤੇ ਜਲਦ ਇਹ ਨਿਯੁਕਤੀਆਂ ਰੱਦ ਹੋਣਗੀਆਂ ਤੇ ਇਸ ਸਬੰਧੀ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਵੀ ਅਲਟੀਮੇਟਮ ਦਿੱਤਾ ਹੋਇਆ ਹੈ, ਜੇਕਰ ਇਹ ਨਿਯੁਕਤੀਆਂ ਰੱਦ ਨਾ ਹੋਈਆਂ ਤਾਂ ਅਕਾਲੀ ਦਲ ਅੰਦਰ ਧੜੇਬੰਦੀ ਦਾ ਇੱਕ ਨਵਾਂ ਆਲਮ ਸ਼ੁਰੂ ਹੋਵੇਗਾ।